ਅਮਿਤ ਕਾਲੀਆ, ਜ਼ੀਰਕਪੁਰ : ਜ਼ੀਰਕਪੁਰ ਦੇ ਨੇੜਲੇ ਪਿੰਡ ਢਕੌਲੀ ਦੀਆਂ ਸੜਕਾਂ 'ਤੇ ਕਾਂਗਰਸ ਸਰਕਾਰ ਦੀ ਸਵੱਲੀ ਨਿਗਾਹ ਨਹੀਂ ਪਈ। ਨਤੀਜਾ ਇਹ ਹੈ ਖ਼ਸਤਾਹਾਲ ਸੜਕਾਂ ਕਾਰਨ ਪੈਦਲ ਲੰਘਦੇ ਲੋਕਾਂ 'ਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਵਿਕਾਸ ਦਾ ਗੱਡੀਆਂ ਤੇ ਮੋਟਰਸਾਈਕਲ ਲੋਕ ਚੰਗਾ ਚਿੱਕੜ ਸੁੱਟਦੇ ਰਹਿੰਦੇ ਹਨ। ਮਾਮਲਾ ਇਸ ਲਈ ਗੰਭੀਰ ਹੈ ਕਿ ਇਥੇ ਬਿਲਕੁਲ ਨੇੜੇ ਹਸਪਤਾਲ ਦਾ ਖ਼ੇਤਰ ਵੀ ਹੈ ਜਿਸ ਕਰ ਕੇ ਇਸ ਸੜਕ ਨੂੰ ਪਹਿਲ ਦੇ ਆਧਾਰ 'ਤੇ ਠੀਕ ਕਰਵਾਇਆ ਜਾਣਾ ਬਣਦਾ ਸੀ ਪਰ ਇਥੇ ਰੋਜ਼ਾਨਾ ਹਾਦਸੇ ਵਾਪਰਦੇ ਹਾਦਸਿਆਂ ਦੇ ਬਾਵਜੂਦ ਨਾ ਵਿਭਾਗ ਸੁਹਿਰਦ ਹੈ ਅਤੇ ਨਾ ਹੀ ਸਰਕਾਰੀ ਅਧਿਕਾਰੀ ਹੀ ਇਧਰ ਵੱਲ ਰੁਖ਼ ਕਰਦਾ ਹੈ। ਸੜਕ 'ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ ਜਿਨ੍ਹਾਂ 'ਚ ਕੀ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਕਾਰਨ ਪਾਣੀ ਭਰ ਗਿਆ ਹੈ ਅਤੇ ਰਾਹਗੀਰਾਂ ਨੂੰ ਇਸ ਸੜਕ ਤੋਂ ਆਵਾਜਾਈ ਕਰਨ 'ਚ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹਗੀਰ ਮਹੇਸ਼, ਬਿੱਟੂ, ਰਾਮ ਕੁਮਾਰ ਜੋਗਿੰਦਰ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਕੁਝ ਸਮੇਂ ਪਹਿਲੇ ਢਕੋਲੀ ਤੋਂ ਮੁਬਾਰਕਪੁਰ ਜਾਣ ਵਾਲੀ ਸੜਕ ਦਾ ਕੰਮ ਹੋਇਆ ਸੀ ਪਰ ਸਿਰਫ਼ ਢਕੌਲੀ ਹਸਪਤਾਲ ਦੇ ਸਾਹਮਣੇ ਵਾਲੀ ਸੜਕ ਦੇ ਕੁਝ ਹਿੱਸੇ ਦਾ ਕੰਮ ਨਹੀਂ ਹੋਇਆ ਜਿਸ ਕਾਰਨ ਕਿ ਇਸ ਸੜਕ ਦੀ ਹਾਲਤ ਕਾਫੀ ਜ਼ਿਆਦਾ ਖਸਤਾ ਹੋ ਗਈ। ਸਾਡੇ ਵੱਲੋਂ ਕਈ ਵਾਰ ਇਸ ਸੜਕ ਨੂੰ ਲੈ ਕੇ ਨਗਰ ਕੌਂਸਲ 'ਚ ਸ਼ਿਕਾਇਤ ਕੀਤੀ ਗਈ ਸੀ ਪਰ ਨਗਰ ਕੌਂਸਲ ਵਾਲਿਆਂ ਦਾ ਕਹਿਣਾ ਹੈ ਕਿ ਇਹ ਸੜਕ ਪੀਡਬਲਯੂਡੀ ਦੇ ਅਧਿਕਾਰ 'ਚ ਆਉਂਦੀ ਹੈ ਅਤੇ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੀ ਪਰ ਪੀਡਬਲਯੂਡੀ ਵਾਲਿਆਂ ਦਾ ਕਹਿਣਾ ਹੈ ਕਿ ਇਹ ਸੜਕ ਨਗਰ ਕੌਂਸਲ ਦੇ ਅਧਿਕਾਰ 'ਚ ਹੀ ਆਉਂਦੀ ਹੈ। ਉਨਾਂ੍ਹ ਕਿਹਾ ਕਿ ਕੁਝ ਸਮੇਂ ਪਹਿਲਾਂ ਨਗਰ ਕੌਂਸਲ ਵੱਲੋਂ ਇਸ ਸੜਕ ਉੱਤੇ ਡਿਵਾਈਡਰ ਬਣਵਾਏ ਗਏ ਸਨ ਜੋ ਕਿ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਹ ਸੜਕ ਨਗਰ ਕੌਂਸਲ ਦੇ ਅਧਿਕਾਰ ਖੇਤਰ 'ਚ ਹੀ ਆਉਂਦੀ ਹੈ ਪਰ ਕੋਈ ਵੀ ਇਸ ਸੜਕ ਤੇ ਧਿਆਨ ਨਹੀਂ ਦੇਣਾ ਚਾਹੁੰਦਾ ਅਤੇ ਪ੍ਰਸ਼ਾਸਨ ਦੀ ਬੇਰੁਖ਼ੀ ਕਾਰਨ ਸਾਡੇ ਵਰਗੇ ਆਮ ਲੋਕਾਂ ਨੂੰ ਰੋਜ਼ ਇਸ ਸੜਕ ਤੇ ਆਵਾਜਾਈ ਕਰਨ 'ਚ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਸਣਯੋਗ ਹੈ ਕਿ ਇਹ ਸੜਕ ਕਾਫੀ ਪਿੰਡਾਂ ਦਾ ਸਾਂਝਾ ਰਾਹ ਹੈ ਜਿਸ ਕਾਰਨ ਕੀ ਇਸ ਸੜਕ 'ਤੇ ਆਵਾਜਾਈ ਵੱਧ ਹੁੰਦੀ ਹੈ ਅਤੇ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਤੇ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਕਾਰਨ ਇਸ ਸੜਕ 'ਤੇ ਕਈ ਵਾਰ ਕਾਫੀ ਲੰਬੇ ਜਾਮ ਵੀ ਲੱਗ ਜਾਂਦੇ ਹਨ। ਮਾਮਲੇ ਸਬੰਧੀ ਸੰਪਰਕ ਕਰਨ ਤੇ ਐੱਸਡੀਓ ਜਸਵਿੰਦਰ ਸਿੰਘ ਨੇ ਕਿਹਾ ਕਿ ਬਰਸਾਤਾਂ ਦਾ ਮੌਸਮ ਹੋਣ ਕਾਰਨ ਸਾਡਾ ਪਲਾਂਟ ਇਸ ਵੇਲੇ ਬੰਦ ਹੈ, ਇਸ ਨਾਲ ਸੜਕ ਦਾ ਕੰਮ ਇਸ ਵੇਲੇ ਨਹੀਂ ਹੋ ਪਾਏਗਾ ਪਰ ਜਲਦ ਹੀ ਮੇਰੇ ਵੱਲੋਂ ਇਸ ਸੜਕ ਦਾ ਕੰਮ ਕਰਵਾ ਦਿੱਤਾ ਜਾਵੇਗਾ।