ਪੰਜਾਬੀ ਜਾਗਰਣ ਟੀਮ, ਮੋਹਾਲੀ : ਪੰਜਾਬ ਰਾਜ ਜ਼ਿਲ੍ਹਾ (ਡੀਸੀ.) ਦਫਤਰ ਕਰਮਚਾਰੀ ਯੂਨੀਅਨ ਦੇ ਸੱਦੇ 'ਤੇ ਸਮੁੱਚੇ ਪੰਜਾਬ 'ਚ ਡੀਸੀ ਦਫਤਰਾਂ 'ਚ ਕਲਮਛੋੜ ਹੜਤਾਲ ਦਾ ਐਲਾਨ 25 ਜੁਲਾਈ ਤਕ ਜਾਰੀ ਰਹੇਗੀ। ਮਾਮਲਾ ਛੇਵੇਂ ਤਨਖ਼ਾਹ ਕਮਿਸ਼ਨ ਦਾ ਹੈ ਜਿਸ ਕਾਰਨ ਪੂਰੇ ਪੰਜਾਬ ਦੇ ਮੁਲਾਜ਼ਮ ਖ਼ਾਸੇ ਨਾਰਾਜ਼ ਚੱਲ ਰਹੇ ਹਨ ਅਤੇ ਕੰਮਕਾਰ ਛੱਡ ਕੇ ਦੁਬਾਰਾ ਹੜਤਾਲ 'ਤੇ ਚਲੇ ਗਏ ਹਨ।

ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਦੱਸਿਆ ਕਿ ਦਫਤਰ ਕਾਮੇ ਆਪਣੀਆਂ ਵਿਭਾਗੀ, ਵਿੱਤੀ ਤੇ ਗੈਰ ਵਿੱਤੀ ਮੰਗਾਂ ਦੇ ਨਾਲ ਨਾਲ ਸਾਂਝੀਆਂ ਮੰਗਾਂ 'ਚ ਸ਼ਾਮਲ ਛੇਵੇਂ ਤਨਖਾਹ ਕਮਿਸ਼ਨ ਦੀ ਸੋਧੀ ਰਿਪੋਰਟ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਸਟੈਨੋ ਕਾਡਰ ਦੀਆਂ ਮੰਗਾਂ ਅਤੇ ਹੋਰਨਾਂ ਸਾਂਝੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ 16 ਨੂੰ ਬਠਿੰਡਾ 'ਚ ਵੱਡੀ ਰੋਸ ਰੈਲੀ, ਰੋਸ ਮਾਰਚ ਕਰਨ ਅਤੇ ਵਿੱਤ ਮੰਤਰੀ, ਪੰਜਾਬ ਦੇ ਦਫਤਰ ਦਾ ਿਘਰਾਓ ਕਰਨ ਬਾਅਦ ਵੀ ਪੰਜਾਬ ਸਰਕਾਰ ਦੀ ਨੀਂਦ ਨਹੀਂ ਖੁੱਲ੍ਹੀ ਹੈ। ਮੁਲਾਜ਼ਮ ਮੰਗਾਂ ਤੇ ਕੋਈ ਸੁਹਿਰਦ ਪਹੁੰਚ ਅਪਨਾਉਣ ਦੀ ਬਜਾਏ ਵਿੱਤ ਮੰਤਰੀ, ਪੰਜਾਬ ਦੇ ਇਸ਼ਾਰੇ 'ਤੇ ਜ਼ਿਲ੍ਹਾ ਪ੍ਰਸ਼ਾਸਨ, ਬਠਿੰਡਾ ਵੱਲੋਂ ਮੰਗ ਪੱਤਰ ਵੀ ਲੈਣਾ ਵਾਜਿਬ ਨਹੀਂ ਸਮਿਝਆ ਗਿਆ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਇਸ ਦੇ ਵਜ਼ੀਰ ਆਪਣੀਆਂ ਕੁਰਸੀਆਂ ਬਚਾਉਣ ਦੇ ਚੱਕਰ 'ਚ ਮੁਲਾਜ਼ਮ ਮੰਗਾਂ ਅਤੇ ਸੰਘਰਸ਼ਾਂ ਤੋਂ ਕਿਨਾਰਾ ਕਰ ਗਏ ਹਨ। ਇਸ ਕਾਰਨ ਮੁਲਾਜ਼ਮ ਮੰਗਾਂ ਤੇ ਕਮੇਟੀ ਆਫ ਆਫੀਸਰਜ਼ ਦੀ ਕਮੇਟੀ ਆਫ ਮਨਿਸਟਰਜ਼ ਨਾਲ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ, ਜਿਸ 'ਚ ਛੇਵੇਂ ਤਨਖਾਹ ਕਮਿਸ਼ਨ ਦੀ ਲਾਗੂ ਕੀਤੀ ਮੁਲਾਜ਼ਮ ਵਿਰੋਧੀ ਰਿਪੋਰਟ ਤੋਂ ਪੈਦੇ ਹੋਏ ਹਾਲਾਤ ਤੇ ਮੁਲਾਜ਼ਮਾਂ ਦੇ ਹਿੱਤ ਵਿਚਾਰੇ ਜਾਣੇ ਸਨ।