ਸਟੇਟ ਬਿਊਰੋ, ਚੰਡੀਗੜ੍ਹ : ਕਾਂਗਰਸ ਦਾ ਅੰਦਰੂਨੀ ਝਗੜਾ ਹਾਲੇ ਸ਼ਾਂਤ ਨਹੀਂ ਹੋਇਆ, ਬਲਕਿ ਹਾਲੇ ਵੀ ਅੰਦਰ ਹੀ ਅੰਦਰ ਅੱਗ ਧੁਖ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਸ਼ਰਾਬ ਫੈਕਟਰੀ ਦਾ ਲਾਇਸੈਂਸ ਉਨ੍ਹਾਂ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਤਕਨੀਕੀ ਤੌਰ ’ਤੇ ਸ਼ਰਾਬ ਫੈਕਟਰੀ ਲਈ ਲਾਇਸੈਂਸ ਲੈਣਾ ਗਲਤ ਨਹੀਂ ਹੈ, ਪਰ ਕਾਂਗਰਸ ’ਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਸੋਢੀ ਨੂੰ ਲਾਇਸੈਂਸ ਕਿਵੇਂ ਮਿਲਿਆ?

ਦੂਜੇ ਪਾਸੇ ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਇਸ ਮਾਮਲੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਚਿੱਠੀ ਲਿਖੀ ਸੀ, ਜਿਸ ਵਿਚ ਜਾਖੜ ਨੇ ਸੋਢੀ ਦੇ ਸ਼ਰਾਬ ਫੈਕਟਰੀ ਲਾਇਸੈਂਸ ਤੋਂ ਇਲਾਵਾ ਇਕ ਮਾਮਲੇ ’ਚ ਆਪਣੀ ਜ਼ਮੀਨ ਦਾ ਦੋਹਰਾ ਮੁਆਵਜ਼ਾ ਲੈਣ ਦਾ ਜ਼ਿਕਰ ਵੀ ਕੀਤਾ ਹੈ। ਜਾਖੜ ਨੇ ਕੈਪਟਨ ਤੋਂ ਮੰਗ ਕੀਤੀ ਸੀ ਕਿ ਜ਼ਮੀਨ ਦਾ ਦੋਹਰਾ ਮੁਆਵਜ਼ਾ ਲੈਣ ਤੇ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਤੋਂ ਸ਼ਰਾਬ ਦੀ ਫੈਕਟਰੀ ਲਈ ਲਾਇਸੈਂਸ ਲੈਣ ਦੇ ਮਾਮਲੇ ’ਚ ਸੋਢੀ ਨੂੰ ਕੈਬਨਿਟ ਤੋਂ ਬਰਖ਼ਾਸਤ ਕੀਤਾ ਜਾਵੇ। ਉੱਥੇ ਸੋਨੀਆ ਗਾਂਧੀ ਤੋਂ ਮੰਗ ਕੀਤੀ ਸੀ ਕਿ ਸੋਢੀ ਨੂੰ ਪਾਰਟੀ ਤੋਂ ਕੱਢਿਆ ਜਾਵੇ। ਹਾਲਾਂਕਿ ਹੁਣ ਸੁਨੀਲ ਜਾਖੜ ਨੇ ਇਸ ਮਾਮਲੇ ’ਚ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਪਾਰਟੀ ਸੂਤਰ ਦੱਸਦੇ ਹਨ ਕਿ ਉਨ੍ਹਾਂ ਦੀਆਂ ਇਨ੍ਹਾਂ ਚਿੱਠੀਆਂ ਨਾਲ ਪਾਰਟੀ ’ਚ ਖਲਬਲੀ ਮਚੀ ਹੋਈ ਹੈ।

ਇਕ ਸੀਨੀਅਰ ਮੰਤਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਜਾਖੜ ਨੂੰ ਜਦੋਂ ਇਕ ਕੈਬਨਿਟ ਮੀਟਿੰਗ ’ਚ ਗ਼ੈਰ-ਰਸਮੀ ਤੌਰ ’ਤੇ ਬੁਲਾਇਆ ਗਿਆ ਸੀ, ਤਾਂ ਵੀ ਜਾਖੜ ਨੇ ਰਾਣਾ ਸੋਢੀ ਦੇ ਮੀਟਿੰਗ ਵਿਚ ਸ਼ਾਮਲ ਹੋਣ ਦੇ ਕਾਰਨ ਕੋਈ ਵੀ ਗੱਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਸੋਢੀ ਨੇ ਇਹ ਲਾਇਸੈਂਸ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸਮੇਂ ’ਚ ਲਿਆ ਸੀ। ਉਹ ਫਾਜ਼ਿਲਕਾ ਦੇ ਪਿੰਡ ਹੀਰਾਂਵਾਲੀ ’ਚ ਫੈਕਟਰੀ ਲਗਾਉਣਾ ਚਾਹੁੰਦੇ ਸਨ ਪਰ ਕੁਝ ਪੰਚਾਇਤਾਂ ਨੇ ਇਸ ਦੇ ਵਿਰੋਧ ’ਚ ਲਗਾਤਾਰ ਧਰਨਾ ਦਿੱਤਾ। ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਵੀ ਇਸ ਦਾ ਵਿਰੋਧ ਕੀਤਾ। ਪੰਚਾਇਤਾਂ ਦਾ ਧਰਨਾ ਖ਼ਤਮ ਕਰਾਉਂਦੇ ਸਮੇਂ ਘੁਬਾਇਆ ਨੇ ਕਿਹਾ ਸੀ ਕਿ ਸਰਕਾਰ ਸੋਢੀ ਦਾ ਲਾਇਸੈਂਸ ਰੱਦ ਕਰਨ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ, ਸਰਕਾਰ ਨੇ ਲਾਇਸੈਂਸ ਰੱਦ ਨਹੀਂ ਕੀਤਾ ਤੇ ਰਾਣਾ ਸੋਢੀ ਨੇ ਹੁਣ ਇਹ ਪ੍ਰਾਜੈਕਟ ਫਾਜ਼ਿਲਕਾ ਤੋਂ ਸ਼ਿਫਟ ਕਰਨ ਲਈ ਪੰਜਾਬ ਸਰਕਾਰ ਨੂੰ ਲਿਖਿਆ ਹੈ।

ਸੁਖਬੀਰ ਬਾਦਲ ਨੇ ਪਿੱਛੇ ਖਿੱਚ ਲਏ ਸਨ ਪੈਰ

ਪਿੰਡ ਹੀਰਾਂਵਾਲੀ ’ਚ ਜਦੋਂ ਰਾਣਾ ਸੋਢੀ ਦੀ ਸ਼ਰਾਬ ਫੈਕਟਰੀ ਲਗਾਉਣ ਦੀ ਯੋਜਨਾ ਦਾ ਵਿਰੋਧ ਹੋਇਆ ਤਾਂ ਪਿੰਡ ਦੇ ਲੋਕ ਸੰਸਦ ਮੈਂਬਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਮਿਲੇ ਸਨ। ਉਦੋਂ ਸੁਖਬੀਰ ਨੇ ਭਰੋਸਾ ਦਿੱਤਾ ਕਿ ਉਹ ਖ਼ੁਦ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਣਗੇ। ਪਰ ਜਦੋਂ ਸੁਖਬੀਰ ਨੂੰ ਇਹ ਪਤਾ ਲੱਗਾ ਕਿ ਇਸ ਪ੍ਰਾਜੈਕਟ ਦਾ ਲਾਇਸੈਂਸ ਖ਼ੁਦ ਉਨ੍ਹਾਂ ਦੇ ਐਕਸਾਈਜ਼ ਤੇ ਟੈਕਸੇਸ਼ਨ ਮੰਤਰੀ ਰਹਿੰਦੇ ਹੋਏ ਦਿੱਤਾ ਗਿਆ ਹੈ ਤਾਂ ਉਹ ਪਿੱਛੇ ਹੱਟ ਗਏ।

ਇਹ ਸੀ ਪ੍ਰਾਜੈਕਟ

ਗ੍ਰੇਨ ਆਧਾਰਤ ਸ਼ਰਾਬ ਬਣਾਉਣ ਦਾ 122.75 ਕਰੋੜ ਰੁਪਏ ਲਾਗਤ ਵਾਲਾ ਇਹ ਪ੍ਰਾਜੈਕਟ 28 ਅਗਸਤ 2015 ਨੂੰ ਮਨਜ਼ੂਰ ਹੋਇਆ। ਪ੍ਰਾਜੈਕਟ ਰਿਪੋਰਟ ਦੇ ਮੁਤਾਬਕ ਇਹ 17 ਅਕਤੂਬਰ 2017 ’ਚ ਤਿਆਰ ਹੋਣਾ ਸੀ। ਇੱਥੇ ਰੋਜ਼ਾਨਾ 100 ਕਿਲੋਲੀਟਰ ਸ਼ਰਾਬ ਤਿਆਰ ਹੋਣੀ ਸੀ ਤੇ ਪੰਜ ਮੈਗਾਵਾਟ ਦਾ ਕੋ-ਜਨਰੇਸ਼ਨ ਪਲਾਂਟ ਲੱਗਣਾ ਸੀ।

Posted By: Tejinder Thind