ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਹਰਿਆਣਾ ਵਿਧਾਨ ਸਭਾ ਦੀਆਂ ਅਕਤੂਬਰ ਵਿਚ ਹੋਣ ਵਾਲੀਆਂ ਚੋਣਾਂ ਦੇ ਨਾਲ ਹੀ ਪੰਜਾਬ ਦੇ ਚਾਰ ਹਲਕਿਆਂ ਵਿਚ ਚੋਣਾਂ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਵੀਰਵਾਰ ਨੂੰ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣਾਂ ਦਾ ਐਲਾਨ ਕੀਤੇ ਜਾਣ ਦੀ ਚਰਚਾ ਸੱਤਾ ਦੇ ਗਲਿਆਰਿਆਂ ਵਿਚ ਚੱਲ ਰਹੀ ਹੈ।

ਦੱਸਿਆ ਜਾਂਦਾ ਹੈ ਕਿ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਪੂਰੀ ਤਰ੍ਹਾਂ ਸਰਗਰਮ ਹੈ। ਸੂਤਰ ਦੱਸਦੇ ਹਨ ਕਿ ਹਰਿਆਣਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਚੋਣਾਂ ਕਰਵਾਉਣ ਲਈ ਪੂਰੀ ਤਿਆਰ ਹੋਣ ਬਾਰੇ ਸੂਚਿਤ ਕਰ ਦਿੱਤਾ ਹੈ। ਇਸ ਤਰ੍ਹਾਂ ਵੀਰਵਾਰ ਨੂੰ ਚੋਣਾਂ ਦਾ ਐਲਾਨ ਹੋਣ ਦੀਆਂ ਸੰਭਾਵਨਾ ਹੈ।

ਪੰਜਾਬ 'ਚ ਦੂਜੀ ਵਾਰ ਕੈਪਟਨ ਸਰਕਾਰ ਨੂੰ ਜ਼ਿਮਨੀ ਚੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਸ਼ਾਹਕੋਟ ਹਲਕੇ ਤੋਂ ਜ਼ਿਮਨੀ ਚੋਣ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕਾਂਗਰਸ ਪਾਰਟੀ ਸ਼ਾਹਕੋਟ ਸੀਟ ਅਕਾਲੀ ਦਲ ਤੋਂ ਖੋਹਣ ਵਿਚ ਕਾਮਯਾਬ ਹੋ ਗਈ ਸੀ।

ਇੱਥੇ ਦੱਸਿਆ ਜਾਂਦਾ ਹੈ ਕਿ ਫਗਵਾੜਾ ਅਤੇ ਜਲਾਲਾਬਾਦ ਤੋਂ ਵਿਧਾਇਕ ਸੋਮ ਪ੍ਰਕਾਸ਼ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਅਸਤੀਫ਼ਾ ਦੇਣ ਕਾਰਨ ਦੋਵੇਂ ਸੀਟਾਂ ਹੋਈਆਂ ਹਨ। ਇਸੇ ਤਰ੍ਹਾ ਦਾਖਾ ਹਲਕੇ ਤੋਂ ਵਿਧਾਇਕ ਐੱਚ ਐੱਸ ਫੁਲਕਾ ਨੇ ਬੇਅਦਬੀ ਮਾਮਲਿਆਂ ਵਿਚ ਸਰਕਾਰ ਵੱਲੋਂ ਉਚਿਤ ਕਾਰਵਾਈ ਨਾ ਕੀਤੇ ਜਾਣ ਤੋਂ ਖਫ਼ਾ ਹੋ ਕੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਫੂਲਕਾ ਨੇ ਵਿਧਾਇਕ ਦੇ ਅਹੁਦੇ ਦੇ ਨਾਲ-ਨਾਲ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਜਦੋਂ ਕਿ ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦੀ ਪਿਛਲੇ ਮਹੀਨੇ ਮੌਤ ਹੋਣ ਕਾਰਨ ਸੀਟ ਖ਼ਾਲੀ ਹੋ ਗਈ ਸੀ। ਵਿਸ਼ੇਸ਼ ਗੱਲ ਹੈ ਕਿ ਖ਼ਾਲੀ ਹੋਈਆਂ ਚਾਰ ਸੀਟਾਂ ਤੋਂ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਹੋਏ ਸਨ। ਜ਼ਿਮਨੀ ਚੋਣਾਂ ਵਿਚ ਇਨ੍ਹਾਂ ਪਾਰਟੀਆਂ ਦਾ ਜੇਤੂ ਸੀਟ ਨੂੰ ਮੁੜ ਜਿੱਤਣਾ ਵੱਕਾਰ ਦਾ ਸਵਾਲ ਹੋਵੇਗਾ।

------------------------