ਸਟੇਟ ਬਿਊਰੋ, ਚੰਡੀਗੜ੍ਹ : ਬਦਨਾਮ ਅਪਰਾਧੀ ਵੱਲੋਂ ਪਤਨੀ ਨਾਲ ਸਮਾਂ ਬਿਤਾਉਣ ਲਈ ਦਿੱਤੀ ਪੈਰੋਲ ਦੀ ਅਰਜ਼ੀ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਬਦਨਾਮ ਅਪਰਾਧੀ ਮਨਦੀਪ ਸਿੰਘ ਦੋਹਰੇ ਕਤਲ ਕਾਂਡ ਦੇ ਸਬੰਧ ਵਿਚ ਨਾਭਾ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਪੈਰੋਲ ਦੇਣ ਦੀ ਮੰਗ ਕੀਤੀ ਸੀ।

ਪਹਿਲਾਂ 2019 ਵਿਚ ਮਨਦੀਪ ਨੇ ਵਿਆਹ ਕਰਾਉਣ ਲਈ ਪੈਰੋਲ ਦੀ ਮੰਗ ਬਾਰੇ ਪਟੀਸ਼ਨ ਹਾਈ ਕੋਰਟ ਵਿਚ ਪਾਈ ਸੀ। ਉਦੋਂ ਹਾਈ ਕੋਰਟ ਨੇ ਉਸੇ ਜੇਲ੍ਹ ਵਿਚ ਪੂਰੀ ਸੁਰੱਖਿਆ ਵਿਚਾਲੇ ਵਿਆਹ ਦੀ ਇਜਾਜ਼ਤ ਦੇ ਦਿੱਤੀ ਸੀ। ਹੁਣ ਮਨਦੀਪ ਨੇ ਫੇਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਕਿਹਾ ਹੈ ਕਿ ਵਿਆਹ ਮਗਰੋਂ ਇਕ ਦਿਨ ਵੀ ਪਤਨੀ ਨਾਲ ਨਹੀਂ ਰਿਹਾ ਹੈ, ਉਸ ਨੂੰ ਪਤਨੀ ਨਾਲ ਰਹਿਣ ਦੀ ਇਜਾਜ਼ਤ ਦਿੰਦਿਆਂ ਪੈਰੋਲ ਦਿੱਤੀ ਜਾਵੇ।

ਹਾਈ ਕੋਰਟ ਦੇ ਜਸਟਿਸ ਏਜੀ ਮਸੀਹ ਤੇ ਜਸਟਿਸ ਮੀਨਾਕਸ਼ੀ ਆਈ. ਮਹਿਤਾ 'ਤੇ ਆਧਾਰਤ ਬੈਂਚ ਨੇ ਪੈਰੋਲ ਦੀ ਮੰਗ ਖ਼ਾਰਜ ਕਰਦਿਆਂ ਕਿਹਾ ਕਿ ਮਨਦੀਪ ਸਿੰਘ, ਵਿੱਕੀ ਗੌਂਡਰ ਤੇ ਜਸਵਿੰਦਰ ਕਾਕੇ ਜਿਹੇ ਬਦਨਾਮ ਅਪਰਾਧੀਆਂ ਨਾਲ ਰਿਹਾ ਹੈ ਤੇ ਖ਼ੁਦ ਵੀ 'ਧਾਰੂ ਗਿਰੋਹ' ਦਾ ਸਰਗਨਾ ਰਿਹਾ ਹੈ। ਅਜਿਹੇ ਅਪਰਾਧੀ ਨੂੰ ਕਿਸੇ ਸੂਰਤ ਪੈਰੋਲ ਨਹੀਂ ਦਿੱਤੀ ਜਾ ਸਕਦੀ।

ਇਸ ਕੇਸ ਵਿਚ ਪੰਜਾਬ ਸਰਕਾਰ ਵੱਲੋਂ ਦੱਸਿਆ ਗਿਆ ਸੀ ਕਿ ਮਨਦੀਪ ਬਦਨਾਮ ਮੁਜਰਮ ਹੈ ਤੇ ਉਹ ਮਿ੍ਤਕ ਵਿੱਕੀ ਗੌਂਡਰ ਤੇ ਜਸਵਿੰਦਰ ਕਾਕੇ ਦਾ ਸਾਥੀ ਰਿਹਾ ਹੈ ਤੇ ਖ਼ੁਦ ਵੀ ਧਾਰੂ ਗੈਂਗ ਚਲਾਉਂਦਾ ਰਿਹਾ ਹੈ। ਇਸੇ ਮਾਮਲੇ ਵਿਚ ਉਸ ਦੇ ਨਾਲ ਜਸਵਿੰਦਰ ਕਾਕੇ ਨੂੰ ਸਜ਼ਾ ਸੁਣਾਈ ਗਈ ਸੀ। ਕਾਕੇ ਨੂੰ ਪੈਰੋਲ ਦਿੱਤੀ ਗਈ ਪਰ ਉਹ ਇਸ ਦਾ ਫ਼ਾਇਦਾ ਲੈ ਕੇ ਫ਼ਰਾਰ ਹੋ ਗਿਆ ਸੀ। ਹੁਣ ਜੇ ਮਨਦੀਪ ਨੂੰ ਪੈਰੋਲ ਦਿੱਤੀ ਗਈ ਤਾਂ ਸੰਭਾਵਨਾ ਹੈ ਕਿ ਉਹ ਇਸ ਦਾ ਫ਼ਾਇਦਾ ਲੈ ਕੇ ਫ਼ਰਾਰ ਹੋ ਸਕਦਾ ਹੈ। ਹਾਲਾਂਕਿ ਮਨਦੀਪ 'ਤੇ ਦਰਜਨਾਂ ਅਪਰਾਧਕ ਮਾਮਲੇ ਦਰਜ ਹਨ।