ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ 'ਤੇ ਅਗਲੇ ਦੋ ਮਹੀਨਿਆਂ ਨਵੰਬਰ ਤੇ ਦਸੰਬਰ 'ਚ ਲੰਬੀ ਛੁੱਟੀ ਲੈਣ 'ਤੇ ਰੋਕ ਲਾ ਦਿੱਤੀ ਹੈ। ਪ੍ਰੋਸੋਨਲ ਵਿਭਾਗ (ਆਈਏਐੱਸ) ਨੇ ਸੂਬੇ ਦੇ ਸਮੂਹ ਆਈਏਐੱਸ ਤੇ ਪੀਸੀਐੱਸ ਅਫ਼ਸਰਾਂ ਨੂੰ ਜਾਰੀ ਕੀਤੇ ਪੱਤਰ 'ਚ ਸਪੱਸ਼ਟ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਤ ਨਵੰਬਰ ਤੇ ਦਸੰਬਰ ਮਹੀਨੇ ਵਿਚ ਮਹੱਤਵਪੂਰਨ ਸਮਾਗਮ ਹੋਣ ਜਾ ਰਹੇ ਹਨ।

ਇਨ੍ਹਾਂ ਸਮਾਗਮਾਂ ਵਿਚ ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੀਆਂ ਸੇਵਾਵਾਂ ਅਤਿ ਲੋੜੀਂਦੀਆਂ ਹਨ। ਪੱਤਰ ਅਨੁਸਾਰ ਅਹਿਮ ਗੰਭੀਰ ਹਾਲਾਤਾਂ ਵਿਚ ਵੀ ਅਧਿਕਾਰੀਆਂ ਨੂੰ ਤਿੰਨ ਦਿਨ ਤੋਂ ਵੱਧ ਛੁੱਟੀ ਨਹੀਂ ਦਿੱਤੀ ਜਾਵੇਗੀ। ਇੱਥੇ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ 'ਚ ਪ੍ਰਵਾਨਤ ਕਾਡਰ ਤੋਂ ਦੋ ਦਰਜਨ ਤੋਂ ਵੱਧ ਆਈਏਐੱਸ ਅਧਿਕਾਰੀਆਂ ਦੀ ਘਾਟ ਚੱਲ ਰਹੀ ਹੈ। ਕਈ ਅਧਿਕਾਰੀਆਂ ਨੂੰ ਦੋ ਜਾਂ ਤਿੰਨ- ਤਿੰਨ ਵਿਭਾਗਾਂ ਦਾ ਵਾਧੂ ਚਾਰਜ ਦੇ ਕੇ ਕੰਮ ਚਲਾਉਣਾ ਪੈ ਰਿਹਾ ਹੈ।

ਸੂਤਰ ਦੱਸਦੇ ਹਨ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਬਾਅਦ ਆਈਪੀਐੱਸ ਤੇ ਪੀਪੀਐੱਸ ਅਫ਼ਸਰਾਂ ਸਮੇਤ ਪੁਲਿਸ ਮੁਲਾਜ਼ਮਾਂ 'ਤੇ ਵੀ ਛੱਟੀ ਲੈਣ 'ਤੇ ਰੋਕ ਲਗਾਉਣ ਦੀ ਸੰਭਾਵਨਾ ਵਧ ਗਈ ਹੈ ਕਿਉਂਕਿ 550ਵੇਂ ਪ੍ਰਕਾਸ਼ ਪੁਰਬ 'ਤੇ ਹੋਣ ਵਾਲੇ ਸਮਾਗਮਾਂ 'ਚ ਦੇਸ਼- ਵਿਦੇਸ਼ ਤੇ ਵੱਡੀ ਗਿਣਤੀ 'ਚ ਸੰਗਤ ਤੋਂ ਇਲਾਵਾ ਅਹਿਮ ਸ਼ਖ਼ਸੀਅਤਾਂ ਦੇ ਆਉਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਸੁਰੱਖਿਆ ਦੇ ਹਿਸਾਬ ਨਾਲ ਪੁਲਿਸ ਦੀ ਡਿਊਟੀ ਅਹਿਮ ਹੋਵੇਗੀ। ਇਸ ਤਰ੍ਹਾਂ ਪੁਲਿਸ ਮੁਲਾਜ਼ਮਾਂ ਦੀ ਛੁੱਟੀ 'ਤੇ ਵੀ ਰੋਕ ਲਾਉਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।