ਜੈ ਸਿੰਘ ਛਿੱਬਰ, ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਿਧਾਇਕਾਂ ਦੇ ਪਰਿਵਾਰਾਂ ’ਤੇ ਮਿਹਰਬਾਨ ਹੋ ਗਏ ਹਨ। ਚੰਨੀ ਸਰਕਾਰ ਨੇ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਜਲਾਲਪੁਰ ਤੇ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਸਮਰਾਲਾ ਦੇ ਪੋਤਰੇ ਕਰਨਵੀਰ ਸਿੰਘ ਢਿਲੋਂ ਨੂੰ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ (ਪਾਵਰਕਾਮ) ’ਚ ਡਾਇਰੈਕਟਰ ਨਿਯੁਕਤ ਹੈ। ਪਾਵਰਕਾਮ ਦੇ ਪਿ੍ਰੰਸੀਪਲ ਸਕੱਤਰ ਕੇਏਪੀ ਸਿਨਹਾ ਦੇ ਦਸਤਖ਼ਤਾਂ ਹੇਠ ਜਾਰੀ ਨੋਟੀਫਿਕੇਸ਼ਨ ਅਨੁਸਾਰ ਦੋਵਾਂ ਦੀ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ।

ਵਿਧਾਇਕਾਂ, ਸੰਸਦ ਮੈਂਬਰਾਂ ਦੇ ਪਰਿਵਾਰਕ ਜੀਆਂ ਨੂੰ ਸਰਕਾਰ ’ਚ ਐਡਜਸਟ ਕਰਨ ਦੀ ਸ਼ੁਰੂਆਤ ਕੈਪਟਨ ਸਰਕਾਰ ਨੇ ਲੁਧਿਆਣੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਭਰਾ ਗੁਰਇਕਬਾਲ ਸਿੰਘ ਨੂੰ ਡੀਐੱਸਪੀ ਭਰਤੀ ਕਰਨ ਨਾਲ ਕੀਤੀ ਸੀ। ਬਿੱਟੂ ਦੇ ਸਕੇ ਭਰਾ ਅਤੇ ਪੰਜਾਬ ਦੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਚਚੇਰੇ ਭਰਾ ਨੂੰ ਡੀਐੱਸਪੀ ਭਰਤੀ ਕੀਤੇ ਜਾਣ ਨਾਲ ਸਰਕਾਰ ’ਚ ਸ਼ਾਮਲ ਹੋਰਨਾਂ ਵਿਧਾਇਕਾਂ ਲਈ ਜਿੱਥੇ ਰਾਹ ਖੁੱਲ੍ਹ ਗਿਆ ਸੀ, ਉੱਥੇ ਵਿਰੋਧੀ ਪਾਰਟੀਆਂ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਸਨ। ਇਹੀ ਨਹੀਂ, ਸੋਸ਼ਲ ਮੀਡੀਆ ’ਤੇ ਲੋਕਾਂ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਅਤੇ ਕੈਪਟਨ ਸਰਕਾਰ ’ਤੇ ਤਿੱਖੇ ਵਿਅੰਗ ਕੀਤੇ ਸਨ।

ਇਸ ਤੋਂ ਬਾਅਦ ਕੈਪਟਨ ਸਰਕਾਰ ਨੇ ਲੁਧਿਆਣੇ ਦੇ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਭੀਸ਼ਮ ਪਾਂਡੇ ਨੂੰ ਤਹਿਸੀਲਦਾਰ ਅਤੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਅਰਜਨ ਪ੍ਰਤਾਪ ਸਿੰਘ ਨੂੰ ਪੰਜਾਬ ਪੁਲਿਸ ’ਚ ਤਰਸ ਦੇ ਆਧਾਰ ’ਤੇ ਇੰਸਪੈਕਟਰ ਭਰਤੀ ਕਰਨ ’ਤੇ ਮੋਹਰ ਲਾਈ ਤਾਂ ਸੂਬੇ ’ਚ ਭੁਚਾਲ ਆ ਗਿਆ। ਬਾਜਵਾ ਦਾ ਵੱਡੀ ਪੱਧਰ ’ਤੇ ਵਿਰੋਧ ਹੋਇਆ ਤਾਂ ਫਫ਼ਤਹਿਜੰਗ ਸਿੰਘ ਬਾਜਵਾ ਨੂੰ ਆਪਣੇ ਬੇਟੇ ਨੂੰ ਸਰਕਾਰੀ ਨੌਕਰਸ਼ਾਹ ਬਣਾਉਣ ਦਾ ਫ਼ੈਸਲਾ ਵਾਪਸ ਲੈਣਾ ਪਿਆ। ਇਹ ਗੱਲ ਵੱਖਰੀ ਹੈ ਕਿ ਫ਼ਤਹਿਜੰਗ ਸਿੰਘ ਬਾਜਵਾ ਦੀ ਵਕੀਲ ਧੀਅ ਐਡਵੋਕੇਟ ਜਨਰਲ ਦੇ ਦਫ਼ਤਰ ਵਿਚ ਤਾਇਨਾਤ ਹੈ। ਕਾਂਗਰਸ ’ਚ ਬਗ਼ਾਵਤ ਦੀ ਹਨ੍ਹੇਰੀ ਝੁੱਲੀ ਤਾਂ ਉਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ’ਤੇ ਮਿਹਰਬਾਨ ਹੋ ਗਏ ਅਤੇ ਉਨ੍ਹਾਂ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਤਰਸ ਦੇ ਆਧਾਰ ’ਤੇ ਕਰ ਤੇ ਆਬਕਾਰੀ ਵਿਭਾਗ ’ਚ ਇੰਸੈਪਕਟਰ ਭਰਤੀ ਕਰ ਦਿੱਤਾ। ਕੈਪਟਨ ਨੇ ਡਾ. ਰਾਜ ਕੁਮਾਰ ਵੇਰਕਾ ਦੇ ਭਤੀਜੇ ਦੀਪਕ ਕੁਮਾਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ। ਹੁਣ ਜਦ ਸੂਬੇ ’ਚ ਸੱਤਾ ਦੀ ਤਬਦੀਲੀ ਹੋਈ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰੁਣਵੀਰ ਸਿੰਘ ਲਹਿਲ ਨੂੰ ਵਧੀਕ ਐਡਵੋਕੇਟ ਜਨਰਲ ਲਾ ਦਿੱਤਾ। ਹੁਣ ਦੋ ਵਿਧਾਇਕਾਂ ਮਦਨ ਲਾਲ ਜਲਾਲਪੁਰ ਤੇ ਅਮਰੀਕ ਸਿੰਘ ਢਿੱਲੋਂ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਿਹਰਬਾਨ ਹੋਏ ਹਨ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਸਰਕਾਰ ਦੀ ਘਰ ਘਰ ਰੁਜ਼ਗਾਰ ਦੀ ਸਕੀਮ ਵਿਧਾਇਕਾਂ ਦੇ ਧੀਆਂ-ਪੁੱਤਰਾਂ ਤਕ ਰਹਿ ਗਈ ਹੈ ਜਦਕਿ ਰੁਜ਼ਗਾਰ ਲਈ ਬੇਰੁਜ਼ਗਾਰ ਰੋਜ਼ਾਨਾ ਸੜਕਾਂ ’ਤੇ ਧਰਨੇ ਲਾਉਣ ਲਈ ਮਜਬੂਰ ਹਨ।

ਸਾਬਕਾ ਏਡੀਜੀਪੀ ਨੂੰ ਐੱਸਸੀ ਕਮਿਸ਼ਨ ਦਾ ਚੇਅਰਮੈਨ ਲਾਉਣ ਦੀ ਤਿਆਰੀ

ਸੂਬੇ ’ਚ ਸੱਤਾ ਤਬਦੀਲੀ ਹੋਣ ਤੋਂ ਬਾਅਦ ਸਰਕਾਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਭੌਂ ਤੇ ਵਿਤ ਕਾਰਪੋਰੇਸ਼ਨ ਦੇ ਚੇਅਰਮੈਨ ਮੋਹਨ ਲਾਲ ਸੂਦ ਨੂੰ ਹਟਾ ਕੇ ਉਨ੍ਹਾਂ ਦੀ ਥਾਂ ’ਤੇ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਸਾਬਕਾ ਵਿਧਾਇਕ ਭਾਗ ਸਿੰਘ ਨੂੰ ਚੇਅਰਮੈਨ ਲਾ ਦਿੱਤਾ। ਸੂਤਰ ਦੱਸਦੇ ਹਨ ਕਿ ਸਰਕਾਰ ਵੱਲੋਂ ਹੁਣ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਇਕ ਸਾਬਕਾ ਏਡੀਜੀਪੀ ਲਾਉਣ ਦੀ ਤਿਆਰੀ ਹੈ। ਕਾਂਗਰਸੀ ਆਗੂਆਂ ’ਚ ਸਰਕਾਰ ਦੇ ਇਸ ਫ਼ੈਸਲੇ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਬੋਰਡਾਂ, ਕਮਿਸ਼ਨਾਂ ’ਚ ਕਾਂਗਰਸੀ ਆਗੂਆਂ ਦੀ ਥਾਂ ’ਤੇ ਅਫਸਰਾਂ ਦੀ ਤਾਇਨਾਤੀ ਨੂੰ ਤਰਜੀਹ ਦਿੱਤੀ ਸੀ ਤੇ ਨਵੀਂ ਸਰਕਾਰ ਵੀ ਉਸੇ ਰਾਹ ’ਤੇ ਚੱਲ ਪਈ ਹੈ।

ਗਗਨਦੀਪ ਸਿੰਘ ਜਲਾਲਪੁਰ ਤੋਂ ਪਹਿਲਾਂ ਇਸ ਅਹੁਦੇ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਆਰਪੀ ਪਾਂਡਵ ਸਨ। ਦੱਸਣਾ ਬਣਦਾ ਹੈ ਕਿ ਆਰਪੀ ਪਾਂਡਵ ਨੂੰ ਕੈਪਟਨ ਸਰਕਾਰ ਸਮੇਂ ਪਾਵਰਕਾਮ ਪ੍ਰਬੰਧਕੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਰੀਬ ਤਿੰਨ ਸਾਲ ਤੋਂ ਉਹ ਇਸ ਅਹੁਦੇ 'ਤੇ ਤਾਇਨਾਤ ਰਹੇ ਹਨ। ਕਾਂਗਰਸ 'ਚੋਂ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਪੰਜਾਬ 'ਚ ਉਨ੍ਹਾਂ ਦੇ ਨਜ਼ਦੀਕੀਆਂ ਦੀ ਛਾਂਟੀ ਦੌਰਾਨ ਪਟਿਆਲਾ 'ਚ PRTC ਚੇਅਰਮੈਨ ਕੇ ਕੇ ਸ਼ਰਮਾ ਤੋਂ ਬਾਅਦ ਮੇਅਰ ਸੰਜੀਵ ਸ਼ਰਮਾ ਨੂੰ ਮੁਅੱਤਲ ਕਰਨ ਤੋਂ ਬਾਅਦ ਚੰਨੀ ਸਰਕਾਰ ਨੇ ਕੈਪਟਨ ਧੜੇ ਨੂੰ ਤੀਸਰਾ ਵੱਡਾ ਝਟਕਾ ਦਿੰਦਿਆਂ ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਲੜਕੇ ਗਗਨਦੀਪ ਜੌਲੀ ਜਲਾਲਪੁਰ ਨੂੰ ਵੱਡੇ ਅਹੁਦੇ ਨਾਲ ਨਿਵਾਜਿਆ ਹੈ।

Posted By: Seema Anand