ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਕਿਹਾ ਕਿ ਸਰਕਾਰ ਡਰੱਗ ਮਾਫ਼ੀਆ ਦਾ ਲੱਕ ਤੋੜਨ 'ਚ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਈ ਹੈ, ਉਲਟਾ ਬੇਖ਼ੌਫ਼ ਡਰੱਗ ਮਾਫ਼ੀਆ ਸਰਕਾਰ ਦਾ ਲੱਕ ਤੋੜ ਰਿਹਾ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ 15 ਦਿਨਾਂ ਦੌਰਾਨ ਇਕੱਲੇ ਮਾਝੇ 'ਚ ਹੀ ਪੁਲਿਸ ਪਾਰਟੀਆਂ 'ਤੇ ਕਈ ਹਮਲੇ ਹੋ ਚੁੱਕੇ ਹਨ। ਤਰਨਤਾਰਨ 'ਚ ਵਾਪਰੀ ਘਟਨਾ 'ਚ ਪੰਜਾਬ ਪੁਲਿਸ ਦੇ ਜਵਾਨ ਦਾ 'ਸ਼ਹੀਦ' ਹੋਣਾ ਇਸ ਦੀ ਤਾਜ਼ਾ ਮਿਸਾਲ ਹੈ।

ਇਸ ਤੋਂ ਪਹਿਲਾਂ ਚੋਗਾਵਾਂ (ਮਜੀਠਾ) 'ਚ ਡਰੱਗ ਮਾਫ਼ੀਆ ਨੇ ਪੁਲਿਸ ਅਫ਼ਸਰ ਦੀ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਸੀ, ਉਸ ਤੋਂ ਸਾਫ਼ ਹੈ ਕਿ ਡਰੱਗ ਮਾਫ਼ੀਆ ਪੂਰੀ ਤਰ੍ਹਾਂ ਬੇਖ਼ੌਫ਼ ਹੈ ਤੇ ਪੁਲਿਸ ਫੋਰਸ ਭਾਰੀ ਦਬਾਅ ਥੱਲੇ ਕੰਮ ਕਰ ਰਹੀ ਹੈ ਕਿਉਂਕਿ ਸੂਬੇ ਦੇ ਗ੍ਹਿ ਮੰਤਰੀ ਦੀ ਜ਼ਿੰਮੇਵਾਰੀ ਨਿਭਾਅ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ਾ ਤਸਕਰੀ 'ਚ ਸ਼ਾਮਲ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਇੱਛਾ ਸ਼ਕਤੀ ਪੂਰੀ ਤਰ੍ਹਾਂ ਗਵਾ ਚੁੱਕੇ ਹਨ ਤੇ ਕੁੱਝ ਰਸੂਖਵਾਨ ਪਰਿਵਾਰਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ 'ਦੋਸਤੀ' ਦੀ ਕੀਮਤ ਪੰਜਾਬ ਦੇ ਲੱਖਾਂ ਨੌਜਵਾਨ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚੁਕਾਉਣੀ ਪੈ ਰਹੀ ਹੈ।

ਚੀਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੱਥ 'ਚ ਸ੍ਰੀ ਗੁਟਕਾ ਸਾਹਿਬ ਫੜ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰ ਕੇ ਨਸ਼ਾ ਮਾਫ਼ੀਆ ਨੂੰ ਚਾਰ ਹਫ਼ਤਿਆਂ 'ਚ ਖ਼ਤਮ ਕਰਨ ਦੀ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਡਰੱਗ ਮਾਫ਼ੀਆ ਦਾ ਲੱਕ ਨਹੀਂ ਤੋੜ ਸਕੇ, ਉਲਟਾ ਡਰੱਗ ਮਾਫ਼ੀਆ ਰੋਜ਼ਾਨਾ ਸਰਕਾਰ ਤੇ ਪੁਲਿਸ ਫੋਰਸ ਦਾ ਲੱਕ ਤੋੜ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੂੰ ਬਤੌਰ ਗ੍ਰਹਿ ਮੰਤਰੀ ਤੁਰੰਤ ਅਸਤੀਫ਼ਾ ਦੇ ਕੇ ਇਹ ਅਹਿਮ ਜ਼ਿੰਮੇਵਾਰੀ ਕਿਸੇ ਹੋਰ ਜ਼ਿੰਮੇਵਾਰ ਤੇ ਸੰਜੀਦਾ ਵਿਅਕਤੀ ਨੂੰ ਸੌਂਪ ਦੇਣੀ ਚਾਹੀਦੀ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਡਰੱਗ ਤਸਕਰਾਂ ਵੱਲੋਂ ਸ਼ਹੀਦ ਕੀਤੇ ਹੌਲਦਾਰ ਗੁਰਦੀਪ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਨਕਦ ਵਿੱਤੀ ਸਹਾਇਤਾ ਤੇ ਪਰਿਵਾਰ ਦੇ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।