ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਪਕਾਰਟ ਨੇ ਮਾਈਕ੍ਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜਿਜ਼ (ਐੱਮਐੱਸਐੱਮਈ) ਦੇ ਆਪਣੇ ਉਤਪਾਦਾਂ ਨੂੰ ਹੁੰਗਾਰਾ ਦੇਣ ਲਈ ਪੰਜਾਬ ਸਰਕਾਰ ਨਾਲ ਐੱਮਓਯੂ ਸਾਈਨ ਕੀਤਾ ਹੈ। ਅੱਜ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐੱਸਆਈਈਸੀ) ਦੇ ਪ੍ਰਬੰਧ ਨਿਰਦੇਸ਼ਕ ਸਿਬਿਨ ਸੀ. ਅਤੇ ਪੰਪਕਾਰਟ ਵੱਲੋਂ ਸਹਿ-ਸੰਸਥਾਪਕ ਅਤੇ ਸੀਈਓ ਕੇਐੱਸ ਭਾਟੀਆ ਨੇ ਸਮਝੌਤੇ ਪੱਤਰ 'ਤੇ ਦਸਤਖ਼ਤ ਕੀਤੇ।

ਐੱਮਓਯੂ ਤਹਿਤ ਪੰਜਾਬ ਦੇ ਮਾਈਕ੍ਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜਿਜ਼ (ਐੱਮਐੱਸਐੱਮਈ) ਨੂੰ ਆਪਣੇ ਉਤਪਾਦਾਂ ਨੂੰ ਹੁੰਗਾਰਾ ਦੇਣ ਅਤੇ ਵੇਚਣ ਲਈ ਈ ਕਾਮਰਸ ਦਾ ਲਾਭ ਮਿਲੇਗਾ। ਐੱਮਓਯੂ ਤਹਿਤ ਲੈਣ-ਦੇਣ ਚਾਰਜ 'ਚ ਛੋਟ ਸਮੇਤ ਕਈ ਰਿਆਇਤਾਂ ਦਿੱਤੀਆਂ ਜਾਣਗੀਆਂ।

ਇਸ ਮੌਕੇ ਉਦਯੋਗ ਵਿਭਾਗ ਦੀ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ, 'ਪੰਜਾਬ 'ਚ ਐੱਮਐੱਸਐੱਮਈ ਨੂੰ ਹੁੰਗਾਰਾ ਦੇਣ ਲਈ ਪੰਪਕਾਰਟ ਨਾਲ ਐੱਮਓਯੂ ਹੋਣ ਨਾਲ ਪੰਜਾਬ ਦੇ ਆਰਥਿਕ ਵਿਕਾਸ ਨੂੰ ਹੋਰ ਹੁੰਗਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਦੁਨੀਆ 'ਚ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਹੈ, ਪੰਜਾਬ ਸਰਕਾਰ ਨੇ ਇਸੇ ਦੌਰਾਨ 50,000 ਕਰੋੜ ਰੁਪਏ ਨਾਲੋਂ ਜ਼ਿਆਦਾ ਕੀਮਤ ਦੇ ਨਵੇਂ ਨਿਵੇਸ਼ ਆਕਰਸ਼ਿਤ ਕੀਤੇ ਹਨ।

ਪੰਪਕਾਰਟ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਐੱਸ ਭਾਟੀਆ ਨੇ ਕਿਹਾ, 'ਪੰਜਾਬ 'ਚ 2 ਲੱਖ ਨਾਲੋਂ ਜ਼ਿਆਦਾ ਐੱਮਐੱਸਐੱਮਈ ਹਨ ਅਤੇ ਪੰਪਕਾਰਟ ਦਾ ਈ-ਕਾਮਰਸ ਬਿਜਨੈੱਸ ਮਾਡਲ ਉਨ੍ਹਾਂ ਨੂੰ ਬਿਨਾਂ ਕਿਸੇ ਵਾਧੂ ਲਾਗਤ ਦੇ ਸਿੱਧਾ ਘਰੇਲੂ ਬਾਜ਼ਾਰ ਨਾਲ ਜੁੜਨ 'ਚ ਮਦਦ ਕਰੇਗਾ।

ਸਿਬਿਨ ਸੀ. ਨੇ ਕਿਹਾ, 'ਐੱਮਐੱਸਐੱਮਈ ਖੇਤਰ ਸਾਡੇ ਰਾਜ ਦੀ ਤਾਕਤ ਹੈ। ਪੰਪਕਾਰਟ ਦੇ ਨਾਲ ਇਸ ਗਠਜੋੜ ਤੋਂ ਬਾਅਦ, ਹੁਣ ਅਸੀਂ ਹੋਰ ਈ-ਕਾਮਰਸ ਪਲੇਟਫਾਰਮਾਂ ਦੀ ਵੀ ਭਾਲ ਕਰ ਰਹੇ ਹਾਂ। ਇਸ ਮੌਕੇ ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਆਈਸੀਯੂ) ਲੁਧਿਆਣਾ ਦੇ ਚੇਅਰਮੈਨ ਉਪਕਾਰ ਸਿੰਘ ਅਤੇ ਸੀਆਈਆਈ ਪੰਜਾਬ ਦੇ ਸਾਬਕਾ ਚੇਅਰਮੈਨ ਗੁਰਮੀਤ ਭਾਟੀਆ, ਇੰਡੀਅਨ ਸਕੂਲ ਆਫ ਬਿਜਨੈੱਸ (ਆਈਐੱਸਬੀ) ਦੇ ਨਿਰਦੇਸ਼ਕ (ਵਿਦੇਸ਼ ਸਬੰਧ) ਕੁਮਾਰਾ ਗੁਰੂ ਡੀਐੱਨਵੀ ਵੀ ਮੌਜੂਦ ਸਨ।