ਜੈ ਸਿੰਘ ਛਿੱਬਰ, ਚੰਡੀਗੜ੍ਹ : ਮੁਲਾਜ਼ਮਾਂ ਦੇ ਕਲਮ ਛੱਡੋ ਸੰਘਰਸ਼ ਨੂੰ ਖੁੰਢਾਂ ਕਰਨ ਲਈ ਸਰਕਾਰ ਨੇ ਨਵਾਂ ਪੈਂਤੜਾਂ ਖੇਡਿਆ ਹੈ। ਕੋਰੋਨਾ ਦੀ ਆੜ ਹੇਠ ਸਰਕਾਰ ਨੇ ਮੁਲਾਜ਼ਮਾਂ/ ਅਧਿਕਾਰੀਆਂ ਨੂੰ ਇਕ ਸ਼ਾਖਾ ਤੋਂ ਦੂਜੀ ਸਾਖਾ ਵਿਚ ਜਾਣ ਤੋਂ ਰੋਕਣ ਅਤੇ ਲੰਚ ਸਮੇਂ ਸਕੱਤਰੇਤ ਦੀਆਂ ਗੈਲਰੀਆਂ 'ਚ ਨਾ ਬੇਵਜ਼੍ਹਾ ਘੁੰਮਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਆਮ ਰਾਜ ਪ੍ਰਬੰਧ ਵਿਭਾਗ (ਅਮਲਾ ਸ਼ਾਖਾ 5) ਵਲੋਂ ਭਾਵੇਂ ਇਹ ਹਦਾਇਤਾਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕਰਨ ਦਾ ਦਾਅਵਾ ਕੀਤਾ ਗਿਆ ਹੈ, ਪਰ ਮੁਲਾਜ਼ਮ ਇਸ ਪੱਤਰ ਨੂੰ ਮੁਲਾਜ਼ਮਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਦੇ ਯਤਨ ਵਜੋਂ ਦੇਖ ਰਹੇ ਹਨ।

ਯਾਦ ਰਹੇ ਕਿ ਮਨਿਸਟਰੀਅਲ ਸਟਾਫ ਨੇ 14 ਅਗਸਤ ਤਕ ਕਲਮ ਛੱਡੋ ਹੜਤਾਲ ਕੀਤੀ ਹੋਈ ਹੈ। ਇਸੇ ਤਰ੍ਹਾਂ 15 ਅਗਸਤ ਨੂੰ ਗੁਲਾਮੀ ਦਿਵਸ ਵਜੋਂ ਮਨਾਉਣ ਅਤੇ 18 ਅਗਸਤ ਨੂੰ ਇਕ ਦਿਨਾ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸੇ ਸੰਦਰਭ 'ਚ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਸਕੱਤਰੇਤ ਸਟਾਫ਼ ਐਸੋਸੀਏਸ਼ਨ ਨੇ ਸਕੱਤਰੇਤ 'ਚ ਹੜਤਾਲ ਕਰ ਰੱਖੀ ਹੈ। ਪਿਛਲੇ ਦਿਨ ਮੁਲਾਜ਼ਮਾਂ ਨੇ ਸਕੱਤਰੇਤ 'ਚ ਹੜਤਾਲ ਦੌਰਾਨ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਸੀ। 6ਵੀਂ ਮੰਜ਼ਲ 'ਤੇ ਇਕ ਸ਼ਾਖਾ ਦਾ ਸੁਪਰਡੈਂਟ ਹੜਤਾਲ 'ਚ ਸ਼ਾਮਲ ਨਹੀਂ ਹੋਇਆ ਤਾਂ ਮੁਲਾਜ਼ਮਾਂ ਨੇ ਉਸ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁਲਾਜ਼ਮ ਵਿਰੋਧੀ ਦੱਸਿਆ ਸੀ।

ਵਿਭਾਗ ਨੇ ਜਾਰੀ ਕੀਤੇ ਪੱਤਰ 'ਚ ਕਿਹਾ ਕਿ ਸਰਕਾਰ ਨੇ ਕੋਵਿਡ 19 ਦੀ ਮਹਾਮਾਰੀ ਦੀ ਲੜੀ ਨੂੰ ਤੋੜਨ ਲਈ 20 ਮਾਰਚ, 10 ਜੂਨ ਪੱਤਰ ਜਾਰੀ ਕੀਤਾ ਸੀ ਕਿ ਵਿਭਾਗਾਂ ਦੇ ਮੁਖੀ ਯਕੀਨੀ ਬਣਾਉਣ ਕਿ ਗਰੁੱਪ ਬੀ, ਸੀ ਤੇ ਡੀ ਦੇ 50 ਫ਼ੀਸਦੀ ਮੁਲਾਜ਼ਮਾਂ ਦੇ ਦਫ਼ਤਰ 'ਚ ਹਾਜ਼ਰ ਹੋਣ ਨੂੰ ਯਕੀਨੀ ਬਣਾਉਣ। ਪੱਤਰ ਵਿਚ ਕਿਹਾ ਗਿਆ ਹੈ ਕਿ ਪ੍ਰੋਸੋਨਲ ਵਿਭਾਗ ਦੇ ਧਿਆਨ 'ਚ ਆਇਆ ਹੈ ਕਿ ਮੁਲਾਜ਼ਮਾਂ ਵਲੋਂ ਆਮ ਦਿਨਾਂ ਵਾਂਗ ਸਖਾਵਾਂ ਵਿਚ ਇਕੱਠ ਨਾ ਕੀਤਾ ਜਾਵੇ ਪਰ ਲੰਚ ਸਮੇਂ ਦੌਰਾਨ ਮੁਲਾਜ਼ਮ ਆਮ ਦਿਨਾਂ ਵਾਂਗ

ਘੁੰਮਦੇ ਹਨ। ਇਹੀ ਨਹੀਂ ਸਕੱਤਰੇਤ ਮੁਲਾਜ਼ਮ ਐਸੋਸੀਏਸ਼ਨ ਵਲੋਂ ਸਮੂਹ ਮੁਲਾਜ਼ਮਾਂ ਨੂੰ ਪੈੱਨ ਡਾਊਨ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਅਤੇ ਮੁਲਾਜ਼ਮਾਂ ਦਾ ਇਕੱਠ ਕਰਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਮਹਾਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।

ਪੱਤਰ ਵਿਚ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਮੁਲਾਜ਼ਮਾਂ, ਅਧਿਕਾਰੀਆਂ ਨੂੰ ਬਿਨਾਂ ਕਿਸੀ ਜ਼ਰੂਰੀ ਕੰਮ ਤੋਂ ਆਪਣੀ ਸਾਖ਼ਾ ਨੂੰ ਛੱਡ ਕੇ ਦੂਸਰੀ ਸ਼ਾਖਾ ਵਿਚ ਜਾਣ ਤੋਂ ਰੋਣ, ਮਾਸਕ ਪਾਉਣ ਅਤੇ ਸੋਸ਼ਲ ਦੂਰੀ ਬਣਾਉਣ ਨੂੰ ਯਕੀਨੀ ਬਣਾਉਣ ਅਤੇ ਲੰਚ ਸਮੇਂ ਬਿਨਾਂ ਕਿਸੀ ਕਾਰਨ ਤੋਂ ਸਕੱਤਰੇਤ ਦੀਆਂ ਵੱਖ ਵੱਖ ਮੰਜ਼ਲਾਂ 'ਤੇ ਘੁੰਮਣ ਤੋਂ ਗੁਰੇਜ਼ ਕਰਨ ਲਈ ਰੋਕਿਆ ਜਾਵੇ। ਓਧਰ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਵਿਭਾਗ ਦਾ ਪੱਤਰ ਮੁਲਾਜ਼ਮਾਂ ਦੇ ਸੰਘਰਸ਼ ਨੂੰ ਰੋਕਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰਹੇਗਾ।

Posted By: Seema Anand