ਅੰਕੁਰ, ਚੰਡੀਗੜ੍ਹ : ਪੰਜਾਬ ਸਰਕਾਰ ਹਰ ਫਰੰਟ 'ਤੇ ਹੋਈ ਫੇਲ੍ਹ ਹੈ। ਚੰਡੀਗੜ੍ਹ ਪੁੱਜੇ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਕਾਲੇ ਦਿਨਾਂ ਨੂੰ ਯਾਦ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਆਪ ਨੂੰ ਸਰਟੀਫਿਕੇਟ ਦੇ ਰਹੀ ਹੈ ਕਿ ਪੰਜਾਬ ਦੀ ਸਥਿਤੀ ਠੀਕ ਹੈ ਤਾਂ ਸਾਡਾ ਮੰਨਣਾ ਹੈ ਕਿ ਸਰਕਾਰ ਵੱਲੋਂ ਦਿੱਤੇ ਇਸ ਸਰਟੀਫਿਕੇਟ ਦੀ ਮਾਨਤਾ ਜਨਤਾ ਨੇ ਨਹੀਂ ਮੰਨਣੀ। ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਉਮੀਦਵਾਰ ਦੇ ਐਲਾਨ ਸਬੰਧੀ ਉਨ੍ਹਾਂ ਕਿਹਾ ਕਿ ਹਾਈਕਮਾਂਡ ਇਸ ਬਾਰੇ ਜਲਦ ਫੈਸਲਾ ਲਵੇਗੀ। ਇੱਥੇ ਹੋਈ ਮੀਟਿੰਗ ਤੋਂ ਬਾਅਦ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਹੰਸਰਾਜ ਹੰਸ ਪ੍ਰੈੱਸ ਕਾਨਫਰੰਸ 'ਚ ਮੌਜੂਦ ਰਹੇ। ਉੱਥੇ ਹੀ ਰਿਟਾਇਰਡ ਡੀਸੀਪੀ ਰਜਿੰਦਰ ਸਿੰਘ ਭਾਜਪਾ 'ਚ ਸ਼ਾਮਲ ਹੋ ਗਏ।

ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ- ਭਾਜਪਾ ਦਾ ਮੁੱਖ ਏਜੰਡਾ ਪੰਜਾਬੀਆਂ ਦਾ ਹਿੱਤ ਹੈ। ਪੰਜਾਬ ਦੀ ਭਾਈਚਾਰਕ ਸਾਂਝ, ਸ਼ਾਂਤੀ ਤੇ ਖੁਸ਼ਹਾਲੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ 'ਚ ਪੰਜਾਬ ਅਸੁਰੱਖਿਅਤ ਹੋਇਆ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਇਕ ਸਾਲ ਦੇ ਰਾਜ ਦੌਰਾਨ ਸੂਬੇ 'ਚ ਅਮਨ-ਕਾਨੂੰਨ ਬਣਾਈ ਰੱਖਣ ਤੇ ਪੰਜਾਬ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਹੈ।

ਪੰਜਾਬ ਵਿਚ ਵਪਾਰੀਆਂ ਤੇ ਹੋਰ ਲੋਕਾਂ ਤੋਂ ਹਰ ਰੋਜ਼ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

Posted By: Seema Anand