ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪਿਛਲੇ ਲੰਬੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ ਕੋਰੋਨਾ ਵਾਇਰਸ ਕਾਰਨ ਮੁਲਤਵੀ ਹੋਏ ਸੰਘਰਸ਼ ਦੀ ਅੱਜ ਪੰਜਾਬ ਭਰ 'ਚ ਵੱਖ-ਵੱਖ ਥਾਵਾਂ 'ਤੇ ਕੈਪਟਨ ਸਰਕਾਰ ਦਾ ਪੁਤਲਾ ਸਾੜ ਕੇ ਮੁੜ ਸ਼ੁਰੂਆਤ ਕੀਤੀ ਅਤੇ ਆਉਣ ਵਾਲੇ ਸਮੇਂ 'ਚ ਗੁਪਤ ਐਕਸ਼ਨ ਲਈ ਲਾਮਬੰਦੀ ਕਰਨ ਲਈ ਮੀਟਿੰਗਾਂ ਕੀਤੀਆਂ। ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਪ੍ਰਤੀ ਗੰਭੀਰ ਨਹੀਂ ਹਨ ਜਦੋਂ ਕਿ ਮੌਜੂਦਾ ਪੰਜਾਬ ਸਰਕਾਰ ਤਾਂ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਹੀ ਸੱਤਾ 'ਚ ਆਈ ਹੈ ਜਿਥੇ ਇੰਨੀ ਪੜ੍ਹਾਈ ਤੇ ਡਿਗਰੀਆਂ ਪ੍ਰਾਪਤ ਕਰਕੇ ਵੀ ਨੌਕਰੀ ਨਹੀਂ ਮਿਲ ਰਹੀ ਉੱਥੇ ਬੇਰੁਜ਼ਗਾਰੀ ਕਾਰਨ ਹਰ ਵਰਗ ਦੇ ਨੌਜਵਾਨਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਇਸ ਲਈ ਉਨ੍ਹਾਂ ਕੋਲ ਹੁਣ ਇੱਕੋ-ਇੱਕ ਸੰਘਰਸ਼ ਦਾ ਰਾਹ ਹੈ, ਜਿਸ ਕਾਰਨ ਆਉਣ ਵਾਲੇ ਸਮੇਂ 'ਚ ਬੇਰੁਜ਼ਗਾਰ ਵੱਡੀ ਗਿਣਤੀ ਵਿੱਚ ਤਿੱਖਾ ਸੰਘਰਸ਼ ਕਰਨਗੇ।

ਕੀ ਹਨ ਮੰਗਾਂ

1.ਈਟੀਟੀ ਅਧਿਆਪਕਾਂ ਦੀਆਂ 1,664 ਅਸਾਮੀਆਂ 'ਚ ਵਾਧਾ ਕਰ ਕੇ 12,000 ਅਸਾਮੀਆਂ ਕੀਤੀਆਂ ਜਾਣ।

2.ਜ਼ਰੂਰੀ ਸੇਵਾਵਾਂ ਤਹਿਤ ਆਉਂਦੇ ਸਿਹਤ ਤੇ ਸਿੱਖਿਆ ਖੇਤਰਾਂ ਵਿੱਚ ਨਿੱਜੀਕਰਨ 'ਤੇ ਮੁਕੰਮਲ ਰੋਕ ਲਗਾਈ ਜਾਵੇ।

3.ਸਾਰੇ ਨਿੱਜੀ ਹਸਪਤਾਲਾਂ ਅਤੇ ਨਿੱਜੀ ਸਕੂਲਾਂ ਨੂੰ ਸਰਕਾਰ ਅਧੀਨ ਲਿਆ ਕੇ ਸਿਹਤ ਕਰਮੀਆਂ ਤੇ ਅਧਿਆਪਕਾਂ ਦੀ ਵੱਡੇ ਪੱਧਰ 'ਤੇ ਫੌਰੀ ਭਰਤੀ ਕੀਤੀ ਜਾਵੇ।

4.ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।

5.ਕੋਰੋਨਾ ਦੀ ਆੜ ਹੇਠ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨਾ ਰੋਕੀ ਜਾਵੇ।

6.ਪਹਿਲ ਦੇ ਆਧਾਰ ਤੇ ਪੰਜਾਬ ਦੇ ਵਸਨੀਕਾਂ ਨੂੰ ਭਰਤੀ ਕੀਤਾ ਜਾਵੇ ਤੇ ਹੋਰ ਰਾਜਾਂ ਦੇ ਭਰਤੀ ਹੋਣ ਵਾਲਿਆਂ ਦੀ ਹੱਦ ਤੈਅ ਕੀਤੀ ਜਾਵੇ।

Posted By: Susheel Khanna