-5 ਜੁਲਾਈ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਦਿੱਤਾ ਸਮਾਂ

ਸੀਨੀਅਰ ਰਿਪੋਰਟਰ, ਮੁਹਾਲੀ : ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਮੁਹਾਲੀ ਪੁੱਜੇ ਖੇਤ ਮਜ਼ਦੂਰਾਂ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰ ਦਿੱਤਾ। ਮਾਮਲਾ ਸਵੇਰੇ 11 ਵਜੇ ਦਾ ਹੈ ਜਦੋਂ ਹਜ਼ਾਰਾਂ ਦੀ ਗਿਣਤੀ 'ਚ ਜਥੇਬੰਦੀ ਮੈਂਬਰ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਦੇ ਨਜ਼ਦੀਕ ਇਕੱਤਰ ਹੋਕੇ ਰੈਲੀ ਕੀਤੀ ਤੇ ਬਾਅਦ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ ਗਏ। ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਸੰਘਰਸ਼ਕਾਰੀਆਂ ਨੇ ਕਿਹਾ ਸਰਕਾਰਾਂ ਮਜ਼ਦੂਰ ਵਰਗ ਦੀਆਂ ਮੰਗਾਂ ਨੂੰ ਨਜਰਅੰਦਾਜ ਕਰ ਰਹੀਆਂ ਹਨ। ਹੱਥਾਂ 'ਚ ਮਜ਼ਦੂਰਾਂ ਦੇ ਝੰਡੇ ਲੈਕੇ ਚੰਡੀਗੜ੍ਹ ਵੱਲ ਜਾ ਰਹੇ ਮਜ਼ਦੂਰਾਂ ਨੂੰ ਵਾਈਪੀਐੱਸ ਚੌਂਕ ਕੋਲ ਪੰਜਾਬ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਦੌਰਾਨ ਕਰੀਬ 2 ਘੰਟੇ ਤਪਦੀ ਧੁੱਪ ਵਿਚ ਮਜ਼ਦੂਰ ਸੜਕਾਂ 'ਤੇ ਬੈਠੇ ਰਹੇ, ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 5 ਜੁਲਾਈ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੈਅ ਕਰਵਾਈ ਗਈ।

ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੋ ਸਾਲਾਂ ਤੋਂ ਰੋਕੀ ਰੋਜ਼ਾਨਾ ਦਿਹਾੜੀ ਰੇਟ ਲਿਸਟ ਜਾਰੀ ਕਰੇ ਅਤੇ ਘੱਟੋ-ਘੱਟ ਦਿਹਾੜੀ ਰੇਟ 700 ਰੁਪਏ ਤੈਅ ਹੋਵੇ। ਇਨ੍ਹਾਂ ਦੀ ਮੰਗ ਹੈ ਕਿ ਮਜ਼ਦੂਰਾਂ, ਅੌਰਤਾਂ ਸਿਰ ਚੜ੍ਹੇ ਸਮੁਚੇ ਕਰਜੇ ਨੂੰ ਮਾਫ ਕੀਤਾ ਜਾਵੇ ਅਤੇ ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਦਲਿਤਾਂ ਨੂੰ ਸਸਤੇ ਰੇਟਾਂ 'ਤੇ ਦਿੱਤੀਆਂ ਜਾਣ।

ਮਜ਼ਦੂਰਾਂ ਦੀ ਅਗਵਾਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ, ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੁਨੀਅਨ (ਪੰਜਾਬ) ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਗੋਵਾਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ, ਕੁੱਲ ਹਿੰਦ ਖੇਤ ਮਜ਼ਦੂਰ ਯੁਨੀਅਨ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋ, ਪੇਡੂ ਮਜ਼ਦੂਰ ਯੂਨੀਅਨ ਅਜ਼ਾਦ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਜਲੂਰ ਨੇ ਕੀਤੀ। ਇਸ ਸਮੇਂ ਮਜ਼ਦੂਰ ਜਥੇਬੰਦੀਆਂ ਵੱਲੋਂ ਮਤਾ ਪਾਸ ਕਰਕੇ ਮੋਦੀ ਸਰਕਾਰ ਤੋ ਮੰਗ ਕੀਤੀ ਕਿ ਭਾਰਤੀ ਫੌਜ 'ਚ ਠੇਕਾ ਭਰਤੀ ਅਗਨੀਪੱਥ ਨੀਤੀ ਨੂੰ ਤੁਰੰਤ ਵਾਪਸ ਲਿਆ ਜਾਵੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੇਂਦਰੀਕਰਨ ਦਾ ਫੈਸਲਾ ਵੀ ਵਾਪਸ ਲੈਣ ਦੀ ਵੀ ਮੰਗ ਕੀਤੀ।