ਜੇਐਨਐਨ, ਚੰਡੀਗਡ਼੍ਹ : ਪੰਜਾਬ ਇੰਜੀਨੀਅਰਿੰਗ ਕਾਲਜ (ਪੇਕ) ਤੋਂ ਬੀਟੈਕ, ਐਮਟੈਕ ਅਤੇ ਪੀਐਚਡੀ ਕਰਨ ਵਾਲੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਨਹੀਂ ਹੈ। 15 ਮਾਰਚ 2021 ਨੂੰ ਪੇਕ ਵੱਲੋਂ ਕਰਵਾਈ ਜਾਣ ਵਾਲੀ ਕਾਨਵੋਕੇਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰੋਗਰਾਮ ਹੁਣ ਕਦੋਂ ਹੋਵੇਗਾ ਇਸ ਬਾਰੇ ਤਾਂ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। 2019-20 ਸੈਸ਼ਨ ਵਿਚ ਪੇਕ ਤੋਂ ਵੱਖ-ਵੱਖ ਡਿਗਰੀਆਂ ਕਰਨ ਵਾਲੇ ਵਿਦਿਆਰਥੀ ਲੰਬੇ ਸਮੇਂ ਤੋਂ ਕਾਨਵੋਕੇਸ਼ਨ ਦੇ ਸਮਾਗਮ ਦਾ ਇੰਤਜ਼ਾਰ ਕਰ ਰਹੇ ਸਨ। ਪੇਕ ਪ੍ਰਸ਼ਾਸਨ ’ਤੇ ਕਨਵੋਕੇਸ਼ਨ ਕਰਵਾਉਣ ਦਾ ਕਾਫੀ ਦਬਾਅ ਸੀ। ਪੇਕ ਡਾਇਰੈਕਟਰ ਵੱਲੋਂ ਵਿਦਿਆਰਥੀਆਂ ਨੂੰ ਆਪਸ਼ਨ ਦਿੱਤਾ ਸੀ ਕਿ ਬਿਨਾਂ ਮਾਪਿਆਂ ਦੇ ਹੀ ਕਨਵੋਕੇਸ਼ਨ ਸਮਾਗਮ ਕੀਤਾ ਜਾ ਸਕਦਾ ਹੈ।

ਇਸ ਨੂੰ ਲੈ ਕੇ ਇਕ ਸਰਵੇ ਕਰਵਾਇਆ ਗਿਆ, ਜਿਸ ਵਿਚ 75 ਫੀਸਦ ਵਿਦਿਆਰਥੀਆਂ ਨੇ ਪੇਕ ਦੇ ਇਸ ਫੈਸਲੇ ’ਤੇ ਸਹਿਮਤੀ ਪ੍ਰਗਟਾਈ ਅਤੇ ਪੇਕ ਵੱਲੋਂ 15 ਮਾਰਚ ਨੂੰ ਕਨਵੋਕੇਸ਼ਨ ਨਿਰਧਾਰਿਤ ਕਰ ਦਿੱਤੀ ਗਈ। ਬੀਤੇ ਦਿਨੀਂ ਪੇਕ ਪ੍ਰਸ਼ਾਸਨ ਵੱਲੋਂ ਕਨਵੋਕੇਸ਼ਨ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਪਰ ਚੰਡੀਗਡ਼੍ਹ ਅਤੇ ਨਾਲ ਲਗਦੇ ਸੂਬਿਆਂ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਤੋਂ ਬਾਅਦ ਸੋਮਵਾਰ ਨੂੰ ਪੇਕ ਪ੍ਰਸ਼ਾਸਨ ਨੇ ਇਕਦਮ ਕਨਵੋਕੇਸ਼ਨ ਨੂੰ ਮੁਲਤਵੀ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ। ਪੇਕ ਦੇ ਇਸ ਫੈਸਲੇ ਨਾਲ ਡਿਗਰੀ ਲੈਣ ਦੀ ਤਿਆਰੀ ਕਰ ਰਹੇ ਵਿਦਿਆਰਥੀ ਕਾਫੀ ਮਾਯੂਸ ਹਨ ਪਰ ਕੋਰੋਨਾ ਇਨਫੈਕਸ਼ਨ ਕਾਰਨ ਹੁਣ ਉਨ੍ਹਾਂ ਨੂੰ ਪੇਕ ਦਾ ਫੈਸਲਾ ਮੰਨਣਾ ਹੀ ਪਵੇਗਾ। ਪੇਕ ਪ੍ਰਸ਼ਾਸਨ ਵੱਲੋਂ 600 ਬੀਟੈਕ, ਐਮਟੈਕ ਤੇ ਪੀਐਚਡੀ ਵਿਦਿਆਰਥੀਆਂ ਨੂੰ ਡਿਗਰੀ ਅਤੇ ਮੈਡਲ ਦੇਣ ਦਾ ਫੈਸਲਾ ਲਿਆ ਸੀ। ਕਨਵੋਕੇਸ਼ਨ ਲਈ ਇਕ ਹੀ ਦਿਨ ਵਿਚ ਤਿੰਨ ਤੋਂ ਚਾਰ ਪਡ਼ਾਵਾਂ ਵਿਚ ਕਨਵੋਕੇਸ਼ਨ ਸਮਾਰੋਹ ਆਯੋਜਿਤ ਕਰਨ ਦੀ ਪਲਾਨਿੰਗ ਸੀ।

ਦੇਸ਼ ਵਿਦੇਸ਼ ਤੋਂ ਕਨਵੋਕੇਸ਼ਨ ’ਚ ਆਉਣੇ ਸੀ ਵਿਦਿਆਰਥੀ

ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਡਿਗਰੀ ਕਰਨ ਵਾਲੇ ਵਿਦਿਆਰਥੀ ਦੇਸ਼ ਹੀ ਨਹੀਂ ਦੁਨੀਆ ਭਰ ਤੋਂ ਨਾਮੀ ਕੰਪਨੀਆਂ ਵਿਚ ਮੁਲਾਜ਼ਮ ਹਨ। ਸਾਰਿਆਂ ਲਈ ਕਨਵੋਕੇਸ਼ਨ ਇਕ ਖਾਸ ਸਮਾਗਮ ਹੁੰਦਾ ਹੈ। ਸਾਰੇ ਵਿਦਿਆਰਥੀਆਂ ਨੂੰ ਪਰਿਵਾਰ ਨਾਲ ਡਿਗਰੀ ਸਮਾਰੋਹ ਵਿਚ ਸੱਦਾ ਭੇਜਿਆ ਜਾਂਦਾ ਹੈ। ਇਸ ਵਾਰ ਵੀ ਕਨਵੋਕੇਸ਼ਨ ਵਿਚ ਦੇਸ਼ ਹੀ ਨਹੀਂ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਆਉਣ ਦੀ ਤਿਆਰੀ ਕਰ ਰਹੇ ਸਨ। ਹੁਣ ਅਧਿਕਾਰੀਆਂ ਮੁਤਾਬਕ ਅਗਲੀ ਕਨਵੋਕੇਸ਼ਨ ਲਈ 3 ਤੋਂ 4 ਮਹੀਨੇ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੋਰੋਨਾ ਮਹਾਮਾਰੀ ਤੋਂ ਹਾਲਾਤ ਠੀਕ ਹੋਣ ’ਤੇ ਹੀ ਹੁਣ ਕਨਵੋਕੇਸ਼ਨ ’ਤੇ ਫੈਸਲਾ ਲਿਆ ਜਾਵੇਗਾ।

Posted By: Tejinder Thind