ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਸਮੇਂ ਸਿਰ ਤਨਖ਼ਾਹਾਂ ਨਾ ਮਿਲਣ ਕਾਰਨ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਮੁਤਾਬਿਕ ਇਹ ਅੰਕੜਾ 70 ਹਜ਼ਾਰ ਦੇ ਕਰੀਬ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਮਹੀਨੇ ਸਰਕਾਰ ਦੇ ਬਹੁਤ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਅਜੇ ਤਕ ਤਨਖਾਹ ਨਹੀਂ ਮਿਲੀ ਜਿਸ ਕਾਰਨ ਉਨ੍ਹਾਂ ਨੂੰ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਹੈ।

ਮੁਲਾਜ਼ਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਤਨਖ਼ਾਹ ਨਾ ਜਾਰੀ ਕੀਤੀ ਗਈ ਤਾਂ ਉਹ ਪੰਜਾਬ ਭਰ ਵਿਚ ਕਲਮ ਛੋੜ ਹੜਤਾਲ ਕਰ ਕੇ ਕੰਮਕਾਜ ਠੱਪ ਕਰ ਦੇਣਗੇ।

ਇੱਥੇ ਇਹ ਦੱਸਣਯੋਗ ਹੈ ਕਿ ਖ਼ਜ਼ਾਨਾ ਖ਼ਾਲੀ ਹੋਣ ਕਰ ਕੇ ਸਰਕਾਰ ਇਸ ਵਾਰ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਵੀ ਨਹੀਂ ਦੇ ਸਕੀ ਰੋਸ ਵਧਣ ਕਾਰਨ ਸਰਕਾਰ ਨੇ ਕੁਝ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਦਾ ਪ੍ਰਬੰਧ ਕੀਤਾ ਹੈ ਪਰ ਅਜੇ ਵੀ ਕਈ ਵਿਭਾਗਾਂ ਦੇ ਮੁਲਾਜ਼ਮ ਤਨਖ਼ਾਹ ਉਡੀਕ ਰਹੇ ਹਨ।

ਤਨਖ਼ਾਹਾਂ ਨਾ ਮਿਲਣ ਕਰ ਕੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਦੇ ਝੰਡੇ ਹੇਠ ਸਰਕਾਰੀ ਮੁਲਾਜ਼ਮਾਂ ਨੇ ਸੈਕਟਰ-17 'ਚ ਸੋਮਵਾਰ ਨੂੰ ਕਲਮ ਛੋੜ ਹੜਤਾਲ ਕਰ ਕੇ ਰੋਸ ਰੈਲੀ ਕੀਤੀ। ਰੈਲੀ ਨੂੰ ਮੰਚ ਦੇ ਆਗੂਆਂ ਸੁਖਚੈਨ ਸਿੰਘ ਖਹਿਰਾ ਅਤੇ ਗੁਰਮੇਲ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਕਈ ਵਿਭਾਗਾਂ ਜਿਵੇਂ ਜਲ ਸਰੋਤ ਵਿਭਾਗ, ਉਦਯੋਗ ਵਿਭਾਗ ਪੰਜਾਬ, ਤਕਨੀਕੀ ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ ਪੰਜਾਬ, ਆਈਟੀ ਵਿੰਗ ਪੰਜਾਬ ਪੁਲਿਸ ਆਦਿ ਵਿਭਾਗਾਂ ਦੀ ਨਵੰਬਰ ਮਹੀਨੇ ਦੀ ਤਨਖ਼ਾਹ ਦੀ ਅਦਾਇਗੀ ਰੋਕ ਦਿੱਤੀ ਹੈ।

ਸਰਕਾਰ ਦੇ ਇਸ ਮੁਲਾਜ਼ਮ ਮਾਰੂ ਰਵੱਈਏ ਦੀ ਸਮੂਹ ਮੁਲਾਜ਼ਮਾਂ ਨੇ ਨਿਖੇਧੀ ਕੀਤੀ। ਤਨਖ਼ਾਹ ਦੀ ਅਦਾਇਗੀ ਨਾ ਹੋਣ ਕਾਰਨ ਮੁਲਾਜ਼ਮਾਂ ਨੂੰ ਬੈਂਕ ਦੀਆਂ ਕਿਸ਼ਤਾਂ, ਬੱਚਿਆਂ ਦੀਆਂ ਫੀਸਾਂ ਅਤੇ ਰੋਜ਼ਾਨਾ ਦੇ ਖ਼ਰਚੇ ਕਰਨ ਵਿਚ ਭਾਰੀ ਮੁਸ਼ਕਿਲ ਆ ਰਹੀ ਹੈ। ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਤੁਰੰਤ ਮੁਲਾਜ਼ਮਾਂ ਦੀ ਤਨਖ਼ਾਹ ਦੀ ਅਦਾਇਗੀ ਨਾ ਕੀਤੀ ਗਈ ਤਾਂ ਸੂਬੇ ਭਰ ਵਿਚ ਕਲਮ ਛੋੜ ਹੜਤਾਲ ਕਰ ਕੇ ਸਰਕਾਰੀ ਕੰਮਕਾਜ ਠੱਪ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਹੜਤਾਲ ਦੀ ਜ਼ਿੰਮੇਵਾਰ ਕੈਪਟਨ ਸਰਕਾਰ ਹੋਵੇਗੀ।

ਇਸ ਤੋਂ ਇਲਾਵਾ ਪੰਜਾਬ ਟੈਕਨੀਕਲ ਐਜੂਕੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਆਵਾਜ਼ ਚੁੱਕੀ ਹੈ। ਮੁਲਾਜ਼ਮਾਂ ਨੇ ਟੈਕਨੀਕਲ ਸਿੱਖਿਆ ਦਾ ਕੰਮ ਬੰਦ ਕਰ ਦਿੱਤਾ ਹੈ। ਮੁਲਾਜ਼ਮਾਂ ਨੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅੱਧਾ ਦਸੰਬਰ ਲੰਘ ਚੱਲਿਆ ਹੈ ਪਰ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੀ।

ਯਾਦ ਰਹੇ ਪਿਛਲੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਵਿਚ ਮਾੜੇ ਆਰਥਿਕ ਹਾਲਾਤ ਹੋਣ ਦੇ ਬਾਵਜੂਦ ਤਨਖ਼ਾਹਾਂ ਸਮੇਂ ਸਿਰ ਦੇਣ ਦਾ ਵਾਅਦਾ ਕੀਤਾ ਸੀ। ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਕਾਤ ਵੀ ਕੀਤੀ ਸੀ। ਇਸ ਦੇ ਬਾਵਜੂਦ ਸਰਕਾਰ ਤਨਖ਼ਾਹਾਂ ਦਾ ਪ੍ਰਬੰਧ ਨਹੀਂ ਕਰ ਸਕੀ। ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤਕ ਤਨਖ਼ਾਹਾਂ ਨਹੀਂ ਆਉਣਗੀਆਂ, ਓਨਾ ਚਿਰ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।