ਇੰਦਰਪ੍ਰੀਤ ਸਿੰਘ, ਚੰਡੀਗੜ੍ਹ : ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ’ਚ 26 ਸਤੰਬਰ ਨੂੰ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਮੰਤਰੀਆਂ ’ਚੋਂ ਸਿਰਫ਼ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਹੀ ਫੀਲਡ ’ਚ ਕਾਰਵਾਈ ਕਰਦੇ ਦਿਸੇ ਹਨ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਦੇ ਨਾਲ 22 ਸਤੰਬਰ ਨੂੰ ਹੀ ਸਹੁੰ ਚੁੱਕੀ ਸੀ। ਉਹ ਪੀ ਖੂਬ ਸਰਗਰਮ ਨਜ਼ਰ ਆ ਰਹੇ ਹਨ।

ਗ੍ਰਹਿ ਵਿਭਾਗ ਮਿਲਦੇ ਹੀ ਪਹਿਲੀ ਵਾਰ ਕਿਸੇ ਨੇ ਪੁਲਿਸ ਸਕੱਤਰੇਤ ’ਚ ਅਚਾਨਕ ਜਾਂਚ ਕੀਤੀ। ਇਸ ਜਾਂਚ ’ਚ ਜ਼ਿਆਦਾਤਰ ਅਫ਼ਸਰ ਅਤੇ ਕਰਮਚਾਰੀ ਗਾਇਬ ਮਿਲੇ, ਪਰ ਰੰਧਾਵਾ ਨੇ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇਅਫ਼ਸਰਾਂ ਤੇ ਕਰਮਚਾਰੀਆਂ ਨੂੰ ਸਮੇਂ ’ਤੇ ਆਉਣ ਦੀ ਚਿਤਾਵਨੀ ਦਿੱਤੀ। ਗੁਲਾਬੀ ਸੁੰਡੀ ਦੇ ਮਾਲਵਾ ਦੀ ਕਪਾਹ ਪੱਟੀ ’ਤੇ ਹਮਲੇ ਨੂੰ ਲੈ ਕੇ ਵੀ ਸਭ ਤੋਂ ਪਹਿਲੀ ਮੀਟਿੰਗ ਉਨ੍ਹਾਂ ਨੇ ਕੀਤੀ ਅਤੇ ਉਹ ਕਪਾਹ ਪੱਟੀ ਦਾ ਦੌਰਾ ਕਰਨ ਵੀ ਗਏ।

ਸੁਰੱਖਿਆ ਕਰਮੀਆਂ ਦੀ ਕਟੌਤੀ ਕਰਨ ਦੀ ਮੀਟਿੰਗ ਹੋਵੇ ਜਾਂ ਸਹਿਕਾਰਤਾ ਵਿਭਾਗ ’ਚ ਨਵੇਂ ਪ੍ਰੋਡਕਟ ਲਾਂਚ ਕਰਨ ਦੇ ਪ੍ਰੋਗਰਾਮ ਰੰਧਾਵਾ ਸਭ ਤੋਂ ਜ਼ਿਆਦਾ ਸਰਗਰਮ ਦਿਸੇ ਹਨ।

ਸਾਢੇ ਚਾਰ ਸਾਲ ਪਹਿਲਾਂ ਕਾਂਗਰਸ ਦੇ ਨੇਤਾ ਸੱਤਾ ’ਚ ਆਉਣ ਲਈ ਹਰ ਤਰ੍ਹਾਂ ਦਾ ਮਾਫ਼ੀਆ ਖਤਮ ਕਰਨ ਦੇ ਦਾਅਵੇ ਕਰ ਰਹੇ ਸਨ, ਇਨ੍ਹਾਂ ’ਚ ਇਕ ਟਰਾਂਸਪੋਰਟ ਮਾਫ਼ੀਆ ਵੀ ਹੈ। ਟਰਾਂਸਪੋਰਟ ਸੰਭਾਲਦੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਅਤੇ ਪਤਾ ਕੀਤਾ ਕਿ ਕਿੰਨੇ ਟਰਾਂਸਪੋਰਟਰਾਂ ਨੇ ਟੈਕਸ ਭਰੇ ਬਿਨਾਂ ਬੱਸਾਂ ਚਲਾਉਣੀਆਂ ਜਾਰੀ ਰੱਖੀਆਂ ਹੋਈਆਂ ਹਨ। ਅਚਾਨਕ ਉਨ੍ਹਾਂ ਲੇ ਇਕ ਦਿਨ ਕਾਰਵਾਈ ਕਰਦੇ ਹੋਏ ਇਨ੍ਹਾਂ ਬੱਸਾਂ ਨੂੰ ਬੰਦ ਕਰਵਾ ਦਿੱਤਾ ਹੈ। ਇਹੀ ਨਹੀਂ, ਬੱਸ ਅੱਡਿਆਂ ’ਚ ਕੀਤੇ ਗਏ ਕਬਜ਼ਿਆਂ ਨੂੰ ਛੁਡਵਾਉਣਾ ਸ਼ੁਰੂ ਕੀਤਾ।

ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਹੋਰ ਰਾਜਾਂ ਤੋਂ ਸਸਤੀ ਕੀਮਤ ’ਤੇ ਆਏ ਝੋਨੇ ਨੂੰ ਕੰਟਰੋਲ ਕਰਨ ਲਈ ਕੰਮ ਸ਼ੁਰੂ ਕੀਤਾ ਹੈ। ਹੁਣ ਤਕ ਪੰਜ ਵੱਖ-ਵੱਖ ਥਾਵਾਂ ’ਤੇ ਕੇਸ ਦਰਜ ਕੀਤੇ ਜਾ ਚੁੱਕੇ ਹਨ। ਅਜਿਹਾ ਨਹੀਂ ਹੈ ਕਿ ਹੋਰ ਮੰਤਰੀ ਕੰਮ ਨਹੀਂ ਕਰ ਰਹੇ, ਪਰ ਉਹ ਅਜੇ ਵਿਭਾਗੀ ਅਫ਼ਸਰਾਂ ਨਾਲ ਬੈਠਕਾਂ ’ਚ ਰੁੱਝੇ ਹਨ।

ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਹਰ ਆਈਟੀਆਈ ਨੂੰ ਵੱਡੇ ਉਦਯੋਗਿਕ ਘਰਾਣੇ ਦੇ ਮਾਲਕ ਉਸ ਦਾ ਡਾਇਰੈਕਟਰ ਬਣਾਉਣ ਦੀ ਯੋਜਨਾ ’ਤੇ ਕੰਮ ਕਰਨਾ ਸ਼ੁਰੂ ਕੀਤਾ ਹੈ, ਤਾਂਕਿ ਉਹ ਨਾ ਸਿਰਫ਼ ਆਪਣੀ ਕੰਪਨੀ ਦਾ ਸੀਐੱਸਆਰ ਫੰਡ ਸਬੰਧਿਤ ਆਈਟੀਆਈ ਦੇ ਵਿਕਾਸ ’ਤੇ ਲਗਾਉਣ, ਸਗੋਂ ਕੰਪਨੀ ’ਚ ਕੰਮ ਕਰਨ ਯੋਗ ਸਕਿੱਲ ਪੈਦਾ ਕਰਨ ਵਾਲੇ ਕੋਰਸ ਸ਼ੁਰੂ ਕਰਵਾ ਕੇ ਉਨ੍ਹਾਂ ਨੇ ਰੁਜ਼ਗਾਰ ਦੇਣ। ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਵੀ ਗੁਲਾਬੀ ਸੁੰਡੀ ਆਦਿ ਨੂੰ ਲੈ ਕੇ ਬੈਠਕਾਂ ਸ਼ੁਰੂ ਕੀਤੀਆਂ ਹਨ।

Posted By: Jagjit Singh