ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਜਿਨ੍ਹਾਂ 18 ਮੁੱਦਿਆਂ ਨੂੰ ਹੱਲ ਕਰਨ ਲਈ ਕਿਹਾ ਸੀ, ਉਸ ’ਚ ਪੰਜ ਵੱਡੇ ਮੁੱਦਿਆਂ ਦੀ ਸੂਚੀ ਅਸੀਂ ਸਰਕਾਰ ਨੂੰ ਸੌਂਪੀ ਸੀ। ਇਸ ’ਤੇ ਅੱਜ ਹੀ ਕੰਮ ਸ਼ੁਰੂ ਹੋ ਜਾਵੇਗਾ। ਰੇਤ ਹੋਵੇ, ਬਿਜਲੀ ਖਰੀਦ ਸਮਝੌਤੇ ਵਰਗੇ ਮੁੱਦਿਆਂ ’ਤੇ ਅੱਜ ਹੀ ਵੱਡਾ ਫ਼ੈਸਲਾ ਹੋਵੇਗਾ। ਇਹ ਕੀ ਹੋਵੇਗਾ, ਇਹ ਮੁੱਖ ਮੰਤਰੀ ਦੱਸਣਗੇ। ਉਨ੍ਹਾਂ ਕਿਹਾ ਕਿ ਲੰਮੇਂ ਸਮੇਂ ਬਾਅਦ ਮੁੱਖ ਮੰਤਰੀ ਦਫ਼ਤਰ ’ਚ ਇਕ ਆਮ ਆਦਮੀ ਵਾਂਗ ਕੰਮ ਹੋਣ ਲੱਗਿਆ ਹੈ। ਉਹ ਸਵੇਰ ਤੋਂ ਇਕ ਵਰਕਰ ਵਾਂਗ ਕੰਮ ਕਰ ਰਹੇ ਹਨ।

ਨਵਜੋਤ ਸਿੱਧੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਰੂਪ ’ਚ ਰਾਹੁਲ ਗਾਂਧੀ ਨੇ ਇਕ ਆਮ ਘਰ ਦੇ ਵਿਅਕਤੀ ਨੂੰ ਜੋ ਇਹ ਅਹੁਦਾ ਸੌਂਪਿਆ ਹੈ, ਉਸ ਦੀ ਗੂੰਜ ਪੂਰੇ ਦੇਸ਼ ’ਚ ਗਈ ਹੈ। ਸੀਐੱਮ ਕਿਹੋ-ਜਿਹਾ ਹੋਣਾ ਚਾਹੀਦਾ ਹੈ, ਇਹ ਮੈਨੂੰ ਅੱਜ ਪਤਾ ਲੱਗਿਆ। ਮੁੱਖ ਮੰਤਰੀ ਨੇ ਕੰਮਕਾਜ ਸੰਭਾਲਦੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਦੂਜੇ ਪਾਸੇ ਅੱਜ ਮੁੱਖ ਮੰਤਰੀ, ਡਿਪਟੀ ਸੀਐੱਮ ਅਤੇ ਪਾਰਟੀ ਦੇ ਪ੍ਰਧਾਨ ਦੀ ਸਾਂਝੀ ਮੀਟਿੰਗ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਘਰ ਨਹੀਂ, ਦਫ਼ਤਰਾਂ ’ਚ ਮੰਤਰੀ ਬੈਠਣਗੇ ਅਤੇ ਸਾਰਾ ਕੰਮ ਇੱਥੋਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਆਮ ਲੋਕਾਂ ਨੂੰ ਕੋਲ ਬੁਲਾਉਣ ’ਚ ਦਿੱਕਤ ਆਉਂਦੀ ਹੈ, ਪਰ ਸਾਡੀ ਕੋਸ਼ਿਸ਼ ਹੋਵੇਗੀ ਕਿ ਇਸ ਨੂੰ ਠੀਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਮਾਂ ਘੱਟ ਹੈ, ਇਸ ਲਈ ਹਰ ਮੰਤਰੀ ਨੂੰ ਦਸ ਤੋਂ ਪੰਦਰ ਘੰਟੇ ਕੰਮ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਸਨ। ਰਾਜਪਾਲ ਨੂੰ ਮਿਲਣ ਤੋਂ ਇਕ ਘੰਟੇ ਪਹਿਲਾਂ ਤਕ ਰੰਧਾਵਾ ਦਾ ਨਾਂ ਫਾਈਨਲ ਦੱਸਿਆ ਜਾ ਰਿਹਾ ਸੀ। ਪਰ, ਅੰਤ ਸਮੇਂ ’ਚ ਚਰਨਜੀਤ ਸਿੰਘ ਚੰਨੀ ਨੇ ਬਾਜ਼ੀ ਮਾਰ ਦਿੱਤੀ।

ਅੱਜ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਸਵੇਰੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹੋਣਗੇ। ਇੱਥੋਂ ਉਨ੍ਹਾਂ ਦੇ ਦਿੱਲੀ ਜਾਣ ਦਾ ਵੀ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਮੁੱਖ ਮੰਤਰੀ ਅਹੁਦਾ ਗ੍ਰਹਿਣ ਕਰਨ ਤੋਂ ਪਹਿਲਾਂ ਚਰਨਜੀਤ ਚੰਨੀ ਚਮਕੌਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਕਤਲਗੜ੍ਹ ਸਾਹਿਬ ’ਚ ਮੱਥਾ ਟੇਕਣ ਗਏ ਅਤੇ ਉਸ ਤੋਂ ਬਾਅਦ ਉਹ ਦੁਫੇੜਾ ਵਾਲੇ ਸੰਤਾਂ ਕੋਲ ਵੀ ਮੱਥਾ ਟੇਕਣ ਗਏ।

Posted By: Jagjit Singh