ਪੰਜਾਬੀ ਜਾਗਰਣ ਬਿਊਰੋ, ਚੰਡੀਗਡ਼੍ਹ : ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਦੇ ਸੰਸਥਾਪਕ ਅਤੇ ਪ੍ਰਸਿੱਧ ਵਿਦਵਾਨ ਰਸ਼ਪਾਲ ਮਲਹੋਤਰਾ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਇਕ ਹਫਤੇ ਤੋਂ ਕੋਰੋਨਾ ਨਾਲ ਲਡ਼ ਰਹੇ ਸਨ। ਇਕ ਨਿੱਜੀ ਹਸਪਤਾਲ ਵਿਚ ਉਹ ਕੋਰੋਨਾ ਦੀ ਜੰਗ ਹਾਰ ਗਏ। ਉਹ 84 ਸਾਲ ਦੇ ਸਨ।

ਰਸ਼ਪਾਲ ਮਲਹੋਤਰਾ ਦੀ ਮੌਤ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਰਸ਼ਪਾਲ ਮਲਹੋਤਰਾ ਇਕ ਉੱਘੇ ਵਿਦਵਾਨ, ਯੋਗ ਪ੍ਰਬੰਧਕ ਅਤੇ ਇਕ ਵਧੀਆ ਇਨਸਾਨ ਸਨ। ਉਹ ਕੋਮਲ ਭਾਵੀ ਅਤੇ ਚੰਗੀ ਸੂਝੁਬੂਝ ਰੱਖਣ ਵਾਲੇ ਇਨਸਾਨ ਸਨ। ਉਨ੍ਹਾਂ ਕਿਹਾ ਕਿ ਮਲਹੋਤਰਾ ਵੱਲੋਂ ਪੰਜਾਬ ਦੇ ਪੇਂਡੂ ਅਤੇ ਉਦਯੋਗਿਕ ਵਿਕਾਸ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਵਿਛਡ਼ੀ ਰੂਹ ਦੀ ਸਦੀਵੀ ਸ਼ਾਂਤੀ ਲਈ ਅਰਦਾਸ ਕੀਤੀ।

ਦੱਸਣਯੋਗ ਹੈ ਕਿ ਰਸ਼ਪਾਲ ਮਲਹੋਤਰਾ ਮੌਜੂਦਾ ਸਮੇਂ ਸੀਆਰਆਰਆਈਡੀ ਦੇ ਕਾਰਜਕਾਰੀ ਚੇਅਰਮੈਨ ਅਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਗਰਵਰਨਜ਼ ਬੋਰਡ ਦੇ ਮੈਂਬਰ ਅਤੇ ਕਈ ਹੋਰ ਨਾਮਵਰ ਸੰਸਥਾਵਾਂ ਨਾਲ ਜੁਡ਼ੇ ਹੋਏ ਸਨ। ਇਸ ਤੋਂ ਇਲਾਵਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਦੇ ਸੈਨੇਟ ਮੈਂਬਰ ਵੀ ਰਹਿ ਚੁੱਕੇ ਹਨ।

Posted By: Tejinder Thind