ਜੇਐੱਨਐੱਨ, ਜੈ ਸਿੰਘ ਛਿੱਬਰ, ਚੰਡੀਗੜ੍ਹ : Punjab Assebmly Budget Session 'ਚ ਬੁੱਧਵਾਰ ਨੂੰ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਦੇ ਨਿਸ਼ਾਨੇ 'ਤੇ ਆ ਗਏ। ਸੂਬੇ ਦੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਰੇਤ ਮਾਈਨਿੰਗ 'ਤੇ ਨਵਜੋਤ ਸਿੱਧੂ ਦੇ ਆਇਡੀਆ ਨੂੰ ਫਜ਼ੂਲ ਦੱਸਿਆ। ਸਿੱਧੂ ਨੇ ਪੰਜਾਬ 'ਚ ਰੇਤ ਮਾਈਨਿੰਗ ਲਈ ਤੇਲੰਗਾਨਾ ਦਾ ਫਾਰਮੂਲਾ ਅਪਣਾਉਣ ਦੀ ਸਿਫ਼ਾਰਸ਼ ਕੀਤੀ ਸੀ ਜਿਸ ਨੂੰ ਪੰਜਾਬ ਕੈਬਨਿਟ ਨੇ ਖਾਰਜ ਕਰ ਦਿੱਤਾ ਸੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਸੂਬੇ 'ਚ ਸ਼ਰਾਬ ਨਿਗਮ ਬਣਾਉਣ ਨੂੰ ਲੈ ਕੇ ਵਾਕਆਊਟ ਕੀਤਾ।

ਪੰਜਾਬ ਵਿਧਾਨ ਸਭਾ ਸੈਸ਼ਨ 'ਚ ਪ੍ਰਸ਼ਨ ਕਾਲ ਦੌਰਾਨ ਇਕ ਸਵਾਲ ਦੇ ਜਵਾਬ 'ਚ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਰੇਤਾ-ਬਜਰੀ ਤੋਂ 4000 ਕਰੋੜ ਦਾ ਮਾਲੀਆ ਇਕੱਤਰ ਕਰਨ ਦਾ ਨਵਜੋਤ ਸਿੰਘ ਸਿੱਧੂ ਦਾ ਆਇਡੀਆ ਬੇਕਾਰ ਸੀ। ਅਜਿਹਾ ਸੰਭਵ ਨਹੀਂ ਸੀ। ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਵਾਲ ਪੁੱਛਿਆ ਸੀ।

ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਇਕ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਸੂਬੇ 'ਚ ਰੇਤਾ-ਬਜਰੀ ਸਬੰਧੀ ਨੀਤੀ ਬਣਾਉਣ ਲਈ ਸੁਝਾਅ ਦੇਣਾ ਸੀ। ਸਿੱਧੂ ਨੇ ਤੇਲੰਗਾਨਾ ਜਾ ਕੇ ਉੱਥੇ ਰੇਤਾ-ਬਜਰੀ ਸਬੰਧੀ ਅਪਣਾਈ ਜਾ ਰਹੀ ਨੀਤੀ ਦਾ ਅਧਿਐਨ ਕੀਤਾ ਤੇ ਉਸ ਨੂੰ ਪੰਜਾਬ 'ਚ ਵੀ ਅਪਣਾਉਣ ਦੀ ਸਿਫ਼ਾਰਸ਼ ਕੀਤੀ। ਪੰਜਾਬ ਕੈਬਨਿਟ ਨੇ ਇਹ ਸਿਫ਼ਾਰਸ਼ ਖਾਰਜ ਕਰ ਦਿੱਤੀ ਸੀ।

ਸਿੰਚਾਈ ਮੰਤਰੀ ਸਰਕਾਰੀਆ ਨੇ ਕਿਹਾ ਕਿ ਇੰਨਾ ਪੈਸਾ ਇਕੱਤਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ- ਭਾਜਪਾ ਸਰਕਾਰ ਦੇ ਕਾਰਜਕਾਲ 'ਚ ਰੇਤਾ-ਬਜਰੀ ਦੀ ਮਾਈਨਿੰਗ ਤੋਂ ਸਿਰਫ਼ 35 ਕਰੋੜ ਹਰ ਸਾਲ ਆਉਂਦਾ ਸੀ। ਇਸ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 310 ਕਰੋੜ ਰੁਪਏ ਪ੍ਰਤੀ ਸਾਲ ਕਰ ਦਿੱਤਾ ਹੈ।

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੀਤਾ ਵਾਕਆਊਟ

ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ 'ਚ 10,000 ਕਰੋੜ ਦੀ ਨਾਜਾਇਜ਼ ਸ਼ਰਾਬ ਵਿਕ ਰਹੀ ਹੈ। ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਉਹ ਸ਼ਰਾਬ ਕਾਰਪੋਰੇਸ਼ਨ ਬਣਾਏਗੀ। ਅਮਨ ਅਰੋੜਾ ਨੇ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਨੂੰ 5000 ਕਰੋੜ ਮਾਲੀਆ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਾਈਵੇਟ ਬਿੱਲ ਲਿਆਉਣ ਲਈ ਨੋਟਿਸ ਦਿੱਤਾ ਸੀ ਪਰ ਸਪੀਕਰ ਨੇ ਨਿਯਮਾਵਲੀ 151 ਤਹਿਤ ਇਜਾਜ਼ਤ ਨਹੀਂ ਦਿੱਤੀ।

ਅਰੋੜਾ ਨੇ ਕਿਹਾ ਕਿ ਨਿਯਮਾਵਲੀ 151 ਤਹਿਤ 15 ਦਿਨ ਪਹਿਲਾਂ ਨੋਟਿਸ ਦੇਣਾ ਹੁੰਦਾ ਹੈ। ਅੱਜ 15 ਦਿਨ ਪੂਰੇ ਹੋ ਰਹੇ ਹਨ। ਬਿੱਲ ਕੱਲ੍ਹ ਪੇਸ਼ ਹੋਣਾ ਸੀ। ਸਪੀਕਰ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਵਾ ਲੈਣਗੇ। ਅਰੋੜਾ ਨੇ ਕਿਹਾ ਕਿ ਇਹ ਬਿੱਲ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ ਇੰਕੁਆਇਰੀ ਨਹੀਂ, ਜਿਸ 'ਤੇ ਸਪੀਕਰ ਨੇ ਕਿਹਾ ਕਿ ਜੇਕਰ ਇੰਕੁਆਇਰੀ ਨਹੀਂ ਹੋਣ ਦੇਣੀ ਤਾਂ ਬਿੱਲ ਲਿਆਉਣ ਦਾ ਮਤਾ ਰੱਦ ਹੈ। ਇਸ ਤੋਂ ਬਾਅਦ ਆਪ ਦੇ ਵਿਧਾਇਕਾਂ ਨੇ ਵੈੱਲ 'ਚ ਜਾ ਕੇ ਨਾਅਰੇਬਾਜ਼ੀ ਤੇ 2 ਮਿੰਟ ਬਾਅਦ ਵਾਕਆਊਟ ਕਰ ਕੇ ਸਦਨ ਤੋਂ ਬਾਹਰ ਚਲੇ ਗਏ।

ਮਜੀਠੀਆ ਦਾ ਮੰਤਰੀ ਬਲਵੀਰ ਸਿੱਧੂ ਨਾਲ ਤਕਰਾਰ

ਸਿਫ਼ਰਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਸ਼ਾ ਮੁਕਤੀ ਕੇਂਦਰਾਂ 'ਚ ਨਸ਼ਾ ਛੁਡਾਉਣ ਲਈ ਦਿੱਤੀਆਂ ਜਾਣ ਵਾਲੀਆਂ ਬੂਪ੍ਰਿਨੋਰਫਿਨ ਨਾਲੈਕਸੋਨ ਪੰਜ ਕਰੋੜ ਗੋਲ਼ੀਆਂ ਗ਼ਾਇਬ ਹੋ ਗਈਆਂ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਚ 200 ਕਰੋੜ ਦਾ ਘੁਟਾਲਾ ਹੋਇਆ ਹੈ। ਉਨ੍ਹਾਂ ਇਸ ਮਾਮਲੇ 'ਚ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਅਸਤੀਫ਼ਾ ਮੰਗਿਆ।

ਇਸ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਨੇ ਮਜੀਠੀਆ 'ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਇਹ ਗੱਲ ਕੌਣ ਕਰ ਰਿਹਾ, ਜਿਹੜਾ ਚਿੱਟੇ ਦਾ ਵਪਾਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਉਨ੍ਹਾਂ ਕਰਵਾਈ ਹੈ। ਜਿਨ੍ਹਾਂ ਗੋਲ਼ੀਆਂ ਦੇ ਗ਼ਾਇਬ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਦਾ ਮਾਮਲਾ ਹੈ। ਪਹਿਲਾਂ ਸਾਰਾ ਰਿਕਾਰਡ ਹਾਰਡ ਕਾਪੀ 'ਚ ਹੁੰਦਾ ਸੀ। ਸਾਡੀ ਸਰਕਾਰ ਨੇ ਉਸ ਨੂੰ ਆਨਲਾਈਨ ਕਰਵਾਇਆ ਹੈ। ਮੰਤਰੀ ਨੇ ਕਿਹਾ ਕਿ ਅਕਾਲੀ ਸਰਕਾਰ ਨੇ 3.50 ਲੱਖ ਲੋਕਾਂ ਨੂੰ ਨਸ਼ਿਆਂ ਵੱਲ ਧੱਕ ਦਿੱਤਾ। ਇਸ 'ਤੇ ਸ਼੍ਰੋਅਦ ਵਿਧਾਇਕਾਂ ਨੇ ਵੈੱਲ 'ਚ ਆ ਕੇ ਨਾਅਰੇਬਾਜ਼ੀ ਕੀਤੀ ਤੇ ਸਦਨ ਤੋਂ ਵਾਕ ਆਊਟ ਕੀਤਾ।

ਦੱਸ ਦੇਈਏ ਕਿ 4 ਦਸੰਬਰ ਨੂੰ ਬੂਪ੍ਰਿਨੋਰਫਿਨ ਨਾਲੌਕਸੋਨ ਦੀ ਵਿਕਰੀ ਦੀ ਜਾਂਚ ਕਰਨ ਸਬੰਧੀ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕਰਦਿਆਂ 96 ਨਸ਼ਾ ਮੁਕਤੀ ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਬਲਬੀਰ ਸਿੰਘ ਸਿੱਧੂ ਨੇ ਸਦਨ ਦੇ ਬਾਹਰ ਦੱਸਿਆ ਕਿ ਜਿਨ੍ਹਾਂ ਗੋਲ਼ੀਆਂ ਦੇ ਘੁਟਾਲੇ ਦੀ ਗੱਲ ਕੀਤੀ ਜਾ ਰਹੀ ਹੈ, ਉਸ ਦੀ ਹਕੀਕਤ ਇਹ ਹੈ ਕਿ ਪ੍ਰਾਇਵੇਟ ਨਸ਼ਾ ਛੁਡਾਊ ਕੇਂਦਰਾਂ ਨੇ ਆਪਣਾ ਡਾਟਾ ਆਨਲਾਈਨ ਨਹੀਂ ਕੀਤਾ, ਜਦਕਿ ਉਨ੍ਹਾਂ ਕੋਲ ਰਿਕਾਰਡ ਮੌਜੂਦ ਹੈ।

Posted By: Seema Anand