ਜੇਐੱਨਐੱਨ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਮੰਗਲਵਾਰ ਨੂੰ ਕਾਂਗਰਸੀ ਵਿਧਾਇਕ ਆਪਣੀ ਹੀ ਸਰਕਾਰ ਖ਼ਿਲਾਫ਼ ਖੜ੍ਹੇ ਹੋ ਗਏ। ਸਥਿਤੀ ਇਹ ਬਣ ਗਈ ਕਿ ਦੋ ਦਰਜਨ ਤੋਂ ਜ਼ਿਆਦਾ ਵਿਧਾਇਕ ਸਪੀਕਰ ਦੀ ਕੁਰਸੀ ਵੱਲ ਤੁਰ ਪਏ। ਮਾਮਲਾ ਸੀ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਨਾ ਨੂੰ ਦਿੱਲੀ ਦੇ ਪੰਜਾਬ ਭਵਨ 'ਚ ਕਮਰਾ ਨਾ ਮਿਲਣ ਦਾ।

ਇਸ ਮੁੱਦੇ 'ਤੇ ਕਾਂਗਰਸ ਤੇ ਆਪ ਇੱਕੋ ਮੰਚ 'ਤੇ ਆ ਗਈਆਂ। ਕਾਂਗਰਸੀ ਵਿਧਾਇਕ ਫ਼ਤਹਿਜੰਗ ਬਾਜਵਾ ਨੇ ਇਹ ਮੁੱਦਾ ਉਠਾਇਆ ਸੀ ਜਿਸ 'ਤੇ ਕਾਂਗਰਸੀ ਵਿਧਾਇਕ ਪਰਮਿੰਦਰ ਸਿਘ ਪਿੰਕੀ ਨੇ ਇਸ ਨੂੰ ਗੰਭੀਰ ਮੁੱਦਾ ਦੱਸਿਆ, ਜਦਕਿ ਨਿਰਮਲ ਸਿੰਘ ਸ਼ੁਤਰਾਨਾ ਨੇ ਇਸ ਨੂੰ ਵਿਸ਼ੇਸ਼ ਅਧਿਕਾਰਾਂ ਦੇ ਘਾਣ ਦਾ ਮੁੱਦਾ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਦਿੱਲੀ ਗਏ ਸਨ। ਉੱਥੇ ਜਾ ਕੇ ਉਨ੍ਹਾਂ ਨੂੰ ਕਮਰਾ ਨਹੀਂ ਮਿਲਿਆ। ਜਦੋਂ ਉਨ੍ਹਾਂ ਅਧਿਕਾਰੀਆਂ ਨੂੰ ਫੋਨ ਕੀਤਾ ਤਾਂ ਕਿਸੇ ਨੇ ਫੋਨ ਨਹੀਂ ਚੁੱਕਿਆ। ਚੰਡੀਗੜ੍ਹ ਦੇ ਇਕ ਅਧਿਕਾਰੀ ਨੇ 17 ਵਾਰ ਫੋਨ ਕਰਨ ਤੋਂ ਬਾਅਦ ਫੋਨ ਉਠਾਇਆ ਤੇ ਕਿਹਾ ਕਿ ਮੀਟਿੰਗ ਕੈਂਸਲ ਹੋ ਗਈ ਹੈ। ਤੁਸੀਂ ਉੱਥੇ ਕੀ ਕਰ ਰਹੇ ਹੋ।

ਵਿਧਾਇਕ ਨੇ ਕਿਹਾ ਕਿ ਮੈਨੂੰ ਕਮਰਾ ਨਹੀਂ ਮਿਲਿਆ, ਇਸ ਲਈ ਮੈਨੂੰ ਵਾਪਸ ਆਉਣਾ ਪਿਆ। ਨਿਰਮਲ ਸਿੰਘ ਨਾਲ ਕਾਂਗਰਸ ਤੇ ਆਪ ਵਿਧਾਇਕ ਖੜ੍ਹੇ ਹੋ ਗਏ। ਹਾਊਸ ਦਾ ਪਾਰਾ ਚੜ੍ਹਦਾ ਦੇਖ ਸਪੀਕਰਰ ਨੇ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰ ਨੂੰ ਸਦਨ ਨੂੰ ਭਰੋਸਾ ਦੇਣ ਲਈ ਕਹਿਣਾ ਪਿਆ ਪਰ ਵਿਧਾਇਕ ਮਹਿੰਦਰਾ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ। ਇਸ 'ਤੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸਰਕਾਰ ਦਾ ਇਕ ਪੱਤਰ ਆਇਆ ਜਿਹੜਾ ਕਿ 2007 ਦਾ ਹੈ। ਇਸ ਵਿਚ ਵਿਧਾਇਕ ਤੋਂ ਉੱਪਰ ਪ੍ਰਿੰਸੀਪਲ ਸਕੱਤਰ ਪੱਧਰ ਦੇ ਅਧਿਕਾਰੀ ਹਨ। ਇਸ ਪੱਤਰ 'ਚ ਵਿਧਾਇਕ ਨੂੰ ਸਭ ਤੋਂ ਹੇਠਾਂ ਰੱਖਿਆ ਗਿਆ ਹੈ। ਇਕ ਵਿਧਾਇਕ ਦਾ ਰੁਤਬਾ ਚੀਫ ਸਕੱਤਰ ਦੇ ਬਰਾਬਰ ਹੁੰਦਾ ਹੈ। ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਪੀਕਰ ਨੇ ਕਿਹਾ ਕਿ ਉਹ ਕੱਲ੍ਹ ਚੀਫ ਸਕੱਤਰ ਨੂੰ ਬੁਲਾ ਕੇ ਉਸ ਚਿੱਠੀ ਨੂੰ ਰੱਦ ਕਰਵਾ ਕੇ ਵਿਧਾਇਕਾਂ ਨੂੰ ਉਨ੍ਹਾਂ ਦਾ ਸਨਮਾਨ ਦਿਵਾਉਣਗੇ।

ਇਸ ਤੋਂ ਪਹਿਲਾਂ ਬੀਤੇ ਦਿਨੀਂ ਵੀ ਕਾਂਗਰਸ ਸਰਕਾਰ ਨੂੰ ਟਰਾਂਸਪੋਰਟ ਪਾਲਿਸੀ ਦੇ ਮੁੱਦੇ 'ਤੇ ਆਪਣੇ ਹੀ ਵਿਧਾਇਕ ਦੇ ਨਿਸ਼ਾਨੇ 'ਤੇ ਸਰਕਾਰ ਆ ਗਈ। ਵਿਧਾਇਕ ਕੁਲਬੀਰ ਜ਼ੀਰਾ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਲੁੱਟ ਮਚਾ ਰੱਖੀ ਹੈ। ਜੇਕਰ ਪੰਜਾਬ ਸਰਕਾਰ ਦੀ ਟਰਾਂਸਪੋਰਟ ਪਾਲਿਸੀ ਆ ਗਈ ਹੁੰਦੀ ਤਾਂ ਇਸ ਲੁੱਟ ਨੂੰ ਰੋਕਿਆ ਜਾ ਸਕਦਾ ਸੀ।

ਇਹੀ ਨਹੀਂ ਜ਼ੀਰਾ ਨੇ ਐਡਵੋਕੇਟ ਜਨਰਲ ਅਤੁਲ ਨੰਦਾ 'ਤੇ ਵੀ ਉਂਗਲ ਉਠਾਈ। ਜ਼ੀਰਾ ਨੇ ਜਦੋਂ ਇਹ ਮੁੱਦਾ ਉਠਾਇਆ, ਉਸ ਵੇਲੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਸਦਨ 'ਚ ਹੀ ਮੌਜੂਦ ਸਨ, ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਜ਼ੀਰਾ ਨੇ ਸਦਨ 'ਚ ਸਿਫ਼ਰ ਕਾਲ ਦੌਰਾਨ ਕਿਹਾ ਕਿ ਕੱਲ੍ਹ ਉਹ ਦਿੱਲੀ ਤੋਂ ਰਾਜਪੁਰਾ ਤਕ ਇੰਡੋ-ਕੈਨੇਡੀਅਨ ਬੱਸ ਰਾਹੀਂ ਆਏ। ਇੰਡੋ-ਕੈਨੇਡੀਅਨ ਦਾ 2600 ਰੁਪਏ ਦੀ ਟਿਕਟ ਸਦਨ 'ਚ ਦਿਖਾਉਂਦਿਆਂ ਜ਼ੀਰਾ ਨੇ ਕਿਹਾ, 'ਪਨਬਸ ਦੀ ਏਸੀ ਬੱਸ 1200 ਰੁਪਏ ਲੈਂਦੀ ਹੈ। ਪੰਜਾਬ ਦੀ ਟਰਾਂਸਪੋਰਟ ਪਾਲਿਸੀ ਜੇਕਰ ਆ ਗਈ ਹੁੰਦੀ ਤਾਂ ਇਹ ਲੁੱਟ ਬੰਦ ਹੋ ਗਈ ਹੁੰਦੀ। ਏਜੀ ਨੂੰ ਇਸ ਮਾਮਲੇ ਨੂੰ ਦੇਖਣਾ ਚਾਹੀਦਾ ਹੈ। ਜੇਕਰ ਹਾਈ ਕੋਰਟ ਨੇ ਪਾਲਿਸੀ 'ਤੇ ਸਟੇਅ ਦਿੱਤਾ ਹੋਇਆ ਹੈ ਤਾਂ ਉਸ ਨੂੰ ਖ਼ਤਮ ਕੌਣ ਕਰਵਾਏਗਾ।'

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟਰਾਂਸਪੋਰਟ ਪਾਲਿਸੀ ਸਬੰਧੀ ਕਾਂਗਰਸ ਸਰਕਾਰ 'ਤੇ ਉਂਗਲ ਉੱਠੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਇਕਾਂ ਨਾਲ ਪ੍ਰੀ-ਬਜਟ ਦੀ ਬੈਠਕ ਦੌਰਾਨ ਵੀ ਇਹ ਮੁੱਦਾ ਉੱਠਦਾ ਰਿਹਾ ਹੈ। ਸਦਨ 'ਚ ਸਿਫ਼ਰ ਕਾਲ ਦੌਰਾਨ ਉੱਠੇ ਇਸ ਮੁੱਦੇ ਕਾਰਨ ਟਰਾਂਸਪੋਰਟ ਮੰਤਰੀ ਨੇ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ।

ਜੇਲ੍ਹ 'ਚ ਦੀਪਕ ਸ਼ੁਕਲਾ ਦੀ ਮੌਤ ਦਾ ਮੁੱਦਾ ਭਖਿਆ

ਚੋਰੀ ਦੀ ਗੱਡੀ ਦੇ ਮਾਮਲੇ 'ਚ ਫੜੇ ਗਏ ਸਾਹਨੇਵਾਲ ਦੇ ਦੀਪਕ ਸ਼ੁਕਲਾ ਦੀ ਜੇਲ੍ਹ 'ਚ ਆਤਮਹੱਤਿਆ ਦਾ ਮੁੱਦਾ ਵੀ ਸਦਨ 'ਚ ਗਰਮਾਇਆ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਤੇ ਸਿਮਰਜੀਤ ਸਿੰਘ ਬੈਂਸ ਨੇ ਇਹ ਮੁੱਦਾ ਉਠਾਇਆ। ਵਿਧਾਇਕਾਂ ਨੇ ਕਾਨੂੰਨ ਵਿਵਸਥਾ ਤਾਰ-ਤਾਰ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੀਪਕ ਸ਼ੁਕਲਾ ਨੇ ਮਾਰੂਤੀ ਕਾਰ ਖਰੀਦੀ ਸੀ। ਪੁਲਿਸ ਨੇ ਉਸ ਨੂੰ ਇਹ ਕਹਿ ਕੇ ਉਠਾਇਆ ਕਿ ਕਾਰ ਚੋਰੀ ਦੀ ਹੈ। ਉਸ ਦੀ ਪਤਨੀ ਨੂੰ ਵੀ ਹਿਰਾਸਤ 'ਚ ਰੱਖਿਆ। ਨੌਜਵਾਨ ਨੇ ਜੇਲ੍ਹ 'ਚ ਆਤਮਹੱਤਿਆ ਕਰ ਲਈ। ਪੁਲਿਸ ਨੇ ਕਿਸੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ।

ਖਸਤਾਹਾਲ ਸੜਕਾਂ ਕਾਰਨ 2 ਸਾਲ 'ਚ 61 ਲੋਕਾਂ ਦੀ ਮੌਤ

ਸਮਾਨਾ ਦੇ ਵਿਧਾਇਕ ਰਾਜਿੰਦਰ ਸਿੰਘ ਨੇ ਸਦਨ 'ਚ ਮੁੱਦਾ ਉਠਾਇਆ ਕਿ ਪਟਿਆਲਾ ਤੋਂ ਸਮਾਨਾ ਤੇ ਪਾਤੜਾਂ ਜਾਣ ਵਾਲੀਆਂ ਸੜਕਾਂ 'ਤੇ 2017 ਤੋਂ ਲੈ ਕੇ 2019 ਤਕ 61 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਵੀ ਵਿਧਾਇਕ ਨੂੰ ਇਹ ਸੜਕ ਬਣਾਉਣ ਦੀ ਗੱਲ ਕਹੀ ਜਾਂਦੀ ਹੈ, ਕਿਹਾ ਜਾਂਦਾ ਹੈ ਕਿ ਇਹ ਸੜਕ ਬਿਲਟ ਆਪਰੇਟ ਤੇ ਟਰਾਂਸਫਰ (ਬੀਓਟੀ) ਦੇ ਆਧਾਰ 'ਤੇ ਹੈ, ਇਸ ਲਈ ਨਹੀਂ ਬਣਾਈ ਜਾ ਸਕਦੀ। ਇਹ ਕਰਾਰ 2022 'ਚ ਪੂਰਾ ਹੋਣਾ ਹੈ। ਉਦੋਂ ਤਕ 50-60 ਹੋਰ ਲੋਕਾਂ ਦੀ ਜਾਨ ਚਲੀ ਜਾਵੇਗੀ। ਕੀ ਸਰਕਾਰ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ।

Posted By: Seema Anand