ਕੈਲਾਸ਼ ਨਾਥ, ਚੰਡੀਗਡ਼੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ‘ਮੈਂ ਸਹੀ, ਤੂੰ ਗਲਤ’ ਵਿਚ ਕਾਂਗਰਸ ਅਤੇ ਅਕਾਲੀ ਦਲ ਉਲਝ ਕੇ ਰਹਿ ਗਏ ਹਨ। ਕਾਂਗਰਸ ਦੇ ਵਿਧਾਇਕ ਕੁਲਜੀਤ ਨਾਗਰਾ ਨੇ ਸਦਨ ਵਿਚ ਕਿਹਾ ਕਿ 5 ਜੂਨ ਨੂੰ ਜਦੋਂ ਖੇਤੀ ਆਰਡੀਨੈਂਸ ਆਇਆ ਸੀ ਤਾਂ ਅਕਾਲੀ ਆਗੂਆਂ ਨੇ ਇਸ ਦਾ ਸਮਰਥਨ ਕੀਤਾ ਸੀ। ਹੁਣ ਅਕਾਲੀ ਦਲ ਕਹਿੰਦਾ ਹੈ ਕਿ ਉਨ੍ਹਾਂ ਦੇ ਮੰਤਰੀ ਨੇ ਇਸ ਦਾ ਵਿਰੋਧ ਕੀਤਾ ਸੀ। ਆਰਟੀਆਈ ਵਿਚ ਵੀ ਇਹ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ ਕਿ ਮੰਤਰੀ (ਹਰਸਿਮਰਤ ਕੌਰ ਬਾਦਲ) ਨੇ ਡਾਈਸੈਂਟ ਨੋਟ (ਵਿਰੋਧ) ਦਿੱਤਾ ਸੀ। ਜਿਸ ’ਤੇ ਅਕਾਲੀ ਦਲ ਦੇ ਵਿਧਾਇਕ ਐੱਨਕੇ ਸ਼ਰਮਾ ਨੇ ਨਾਗਰਾ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਸਾਬਤ ਕਰ ਦੇਣ ਕਿ ਡਾਈਸੈਂਟ ਨੋਟ ਨਹੀਂ ਦਿੱਤਾ ਗਿਆ ਤਾਂ ਅਕਾਲੀ ਦਲ ਦੇ ਸਾਰੇ ਵਿਧਾਇਕ ਅਸਤੀਫਾ ਦੇ ਦੇਣਗੇ।

ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵਿਧਾਨ ਸਭਾ ਤੋਂ ਅਸਤੀਫਾ ਦੇਣ ਵਾਲੇ ਕੁਲਜੀਤ ਨਾਗਰਾ ਨੇ ਰਾਜਪਾਲ ਦੇ ਭਾਸ਼ਣ ’ਤੇ ਸ਼ੁਰੂ ਹੋਈ ਬਹਿਸ ਵਿਚ ਹਿੱਸਾ ਲੈਂਦੇ ਹੋਏ ਖੇਤੀ ਬਿੱਲ (ਜੋ ਪੰਜਾਬ ਨੇ ਪਾਸ ਕੀਤੇ) ਜਿਹਡ਼ੇ ਰਾਜਪਾਲ ਦੇ ਕੋਲ ਹੀ ਹਨ, ਨੂੰ ਲੈ ਕੇ ਭਾਸ਼ਣ ’ਤੇ ਆਪਣੀ ਸਹਿਮਤੀ ਨਹੀਂ ਦਿੱਤੀ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਸੀ ਜਦੋਂ ਸੱਤਾਧਾਰੀ ਧਿਰ ਦੇ ਕਿਸੇ ਵਿਧਾਇਕ ਨੇ ਰਾਜਪਾਲ ਦੇ ਭਾਸ਼ਣ ਦੇ ਕਿਸੇ ਹਿੱਸੇ ’ਤੇ ਅਸਹਿਮਤੀ ਪ੍ਰਗਟਾਈ ਹੋਵੇ। ਨਾਗਰਾ ਨੇ ਖੇਤੀ ਕਾਨੂੰਨ ਦੇ ਵਿਰੋਧ ਵਿਚ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਵੇ।

ਨਾਗਰਾ ਨੇ ਕਿਹਾ, ਖੇਤੀ ਆਰਡੀਨੈਂਸ ਕੇਂਦਰੀ ਕੈਬਨਿਟ ਵਿਚ ਪਾਸ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਹ ਤਾਂ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ ਕਿ ਤੱਤਕਾਲੀ ਅਕਾਲੀ ਦਲ ਦੀ ਕੇਂਦਰੀ ਮੰਤਰੀ ਨੇ ਆਪਣਾ ਵਿਰੋਧ ਦਰਜ ਕਰਵਾਇਆ ਸੀ ਜਾਂ ਨਹੀਂ ਪਰ ਉਨ੍ਹਾਂ ਦੇ ਕੋਲ ਵੀਡੀਓ ਹੈ, ਜਿਸ ਵਿਚ ਤਤਕਾਲੀ ਕੇਂਦਰੀ ਮੰਤਰੀ, ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਖੇਤੀ ਆਰਡੀਨੈਂਸ ਦਾ ਸਮਰਥਨ ਕਰ ਰਹੇ ਹਨ। ਉਹ ਉਸਨੂੰ ਸਹੀ ਦਸ ਰਹੇ ਹਨ। ਅਕਾਲੀ ਦਲ ਦੇ ਜਦੋਂ ਸਭ ਕੁਝ ਹੱਥੋਂ ਨਿਕਲਣ ਲੱਗਾ ਤਾਂ ਫਿਰ ਉਹ ਇਸ ਦਾ ਵਿਰੋਧ ਕਰਨ ਲੱਗੇ। ਮੰਤਰੀ ਅਹੁਦੇ ਤੋਂ ਅਸਤੀਫਾ ਵੀ ਰੋਂਦੇ-ਰੋਂਦੇ ਦਿੱਤਾ। ਪੰਜਾਬ ਅੱਜ ਉਸੇ ਗੱਲ ਦਾ ਸੰਤਾਪ ਭੋਗ ਰਿਹਾ ਹੈ।

ਇਸਦੇ ਜਵਾਬ ਵਿਚ ਅਕਾਲੀ ਦਲ ਦੇ ਵਿਧਾਇਕ ਐੱਨਕੇ ਸ਼ਰਮਾ ਨੇ ਕਿਹਾ, ਜੇਕਰ ਨਾਗਰਾ ਇਹ ਸਾਬਤ ਕਰ ਦੇਣ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਡਾਈਸੈਂਟ ਨੋਟ ਨਹੀਂ ਦਿੱਤਾ ਗਿਆ ਤਾਂ ਅਕਾਲੀ ਦਲ ਦੇ ਸਾਰੇ ਵਿਧਾਇਕ ਅਸਤੀਫਾ ਦੇ ਦੇਣਗੇ। ਇਸ ਤੋਂ ਪਹਿਲਾਂ ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਸ਼ਰਣਜੀਤ ਸਿੰਘ ਢਿੱਲੋਂ ਨੇ ਸਦਨ ਵਿਚ ਦਾਅਵਾ ਕੀਤਾ ਕਿ ਉਸ ਸਮੇਂ ਭਾਜਪਾ ਨੇ ਅਕਾਲੀ ਦਲ ਨੂੰ ਭਰੋਸਾ ਦਵਾਇਆ ਸੀ ਕਿ ਜਦੋਂ ਬਿੱਲ ਸਦਨ ਵਿਚ ਆਵੇਗਾ ਤਾਂ ਕਿਸਾਨਾਂ ਨੂੰ ਵਿਸ਼ਵਾਸ ਵਿਚ ਲਿਆ ਜਾਵੇਗਾ। ਅਜਿਹਾ ਨਹੀਂ ਹੋਇਆ ਇਸ ਲਈ ਪਾਰਟੀ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਅਤੇ ਗਠਜੋਡ਼ ਵੀ ਤੋਡ਼ ਲਿਆ।

ਤੁਹਾਡੇ ਨੁਮਾਇੰਦੇ ਨੇ ਜਿਹਡ਼ਾ ਵਿਰੋਧ ਕੀਤਾ, ਉਸ ਦੇ ਦਸਤਾਵੇਜ਼ ਪੇਸ਼ ਕਰ ਦਿਓ : ਮੀਤ ਹੇਅਰ

ਬਹਿਸ ਦੌਰਾਨ ‘ਆਪ’ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ, ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਹਾਈਪਾਵਰ ਕਮੇਟੀ ਬਣਾਈ ਸੀ, ਜਿਸਦੇ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਨ। ਉਨ੍ਹਾਂ ਨੇ ਜੋ ਵਿਰੋਧ ਕੀਤਾ, ਉਸ ਦੇ ਦਸਤਾਵੇਜ਼ ਪੇਸ਼ ਕਰ ਦਿਓ।

ਕੈਪਟਨ ਨੇ ਦਿੱਤੀ ਸੀ ਸਹਿਮਤੀ : ਟੀਨੂੰ

ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਨੇ ਕਿਹਾ ਕਿ ਲੋਕ ਸਭਾ ਵਿਚ ਕੇਂਦਰੀ ਖੇਤੀ ਮੰਤਰੀ ਨੇ ਕਿਹਾ ਸੀ ਕਿ ਐਕਟ ਨੂੰ ਲੈ ਕੇ ਜਿਹਡ਼ੀ ਹਾਈ ਪਾਵਰ ਕਮੇਟੀ ਬਣਾਈ ਗਈ ਸੀ, ਉਸ ਵਿਚ ਮੁੱਖ ਮੰਤਰੀ ਨੇ ਵੀ ਆਪਣੀ ਸਹਿਮਤੀ ਦਿੱਤੀ ਸੀ। ਮੰਤਰੀ ਨੇ ਲੋਕ ਸਭਾ ਵਿਚ ਆਨ ਰਿਕਾਰਡ ਗੱਲ ਕਹੀ ਹੈ।

ਸਾਬਕਾ ਮੁੱਖ ਮੰਤਰੀ ਦੇ ਨਾਂ ਨੂੰ ਵੀ ਖਰਾਬ ਕੀਤਾ : ਢਿੱਲੋਂ

ਕਾਂਗਰਸ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਦੇ ਮੈਂਬਰਾਂ ਨੇ ਤਾਂ ਖੇਤੀ ਕਾਨੂੰਨਾਂ ਦੇ ਸਮਰਥਨ ਵਿਚ ਵੀਡੀਓ ਪਾਈ ਹੀ। ਆਖ਼ਰ ਵਿਚ ਸਾਬਕਾ ਮੁੱਖ ਦੀ ਵੀ ਵੀਡੀਓ ਪਾ ਦਿੱਤੀ। ਸਾਬਕਾ ਮੁੱਖ ਮੰਤਰੀ ਪੂਰਾ ਜੀਵਨ ਕਿਸਾਨਾਂ ਲਈ ਸੰਘਰਸ਼ ਕਰਦੇ ਰਹੇ ਪਰ ਅਕਾਲੀ ਦਲ ਨੇ ਉਨ੍ਹਾਂ ਤੋਂ ਵੀ ਝੂਠ ਬੁਲਵਾ ਦਿੱਤਾ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਦਾ ਨਾਂ ਵੀ ਖਰਾਬ ਕਰ ਦਿੱਤਾ।

Posted By: Tejinder Thind