ਜੈ ਸਿੰਘ ਛਿੱਬਰ, ਚੰਡੀਗੜ੍ਹ : ਅਕਾਲੀ ਦਲ ਨੇ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ 'ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਵਿਧਾਨ ਸਭਾ ਪ੍ਰੈਸ ਗੈਲਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਪਾਰਟੀ ਵੱਲੋਂ ਰਾਜ ਰਾਜ ਭਵਨ ਦਾ ਘਿਰਾਓ ਕਰਨ ਦਾ ਢਕਵੰਜ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਵਿਧਾਨ ਸਭਾ 'ਚ ਰਾਜਪਾਲ ਦੇ ਸਵਾਗਤ ਲਈ ਰੈੱਡ ਕਾਰਪੈੱਟ ਵਿਛਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿਲਾਂ ਤੇ ਮੋਹਰ ਨਾ ਲਾ ਕੇ ਕਿਸਾਨਾਂ, ਪੰਜਾਬੀਆਂ ਅਤੇ ਪੰਜਾਬ ਵਿਧਾਨ ਸਭਾ ਦੀ ਤੌਹੀਨ ਕੀਤੀ ਹੈ। ਇਸੇ ਕਰਕੇ ਅੱਜ ਅਕਾਲੀ ਦਲ ਨੇ 'ਗਵਰਨਰ ਗੋ ਬੈਕ ਗੋ ਬੈਕ' (ਵਾਪਸ ਜਾਓ) ਦੇ ਨਾਅਰੇ ਲਾਏ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰੀ ਹੋਇਆ ਹੈ ਕਿ ਅੱਜ ਸਮੁੱਚੀ ਵਿਰੋਧੀ ਧਿਰ ਨੇ ਰਾਜਪਾਲ ਦਾ ਵਿਰੋਧ ਕੀਤਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਰੋਧੀ ਧਿਰ ਦਾ ਸਾਥ ਦੇਣਾ ਚਾਹੀਦਾ ਸੀ ਕਿਉਂਕਿ ਤਿੰਨ ਖੇਤੀ ਬਿੱਲ ਪਾਸ ਕਰਨ ਸਮੇਤ ਸਮੁੱਚੀ ਵਿਰੋਧੀ ਧਿਰ ਰਾਜਪਾਲ ਪੰਜਾਬ ਕੋਲ ਗਈ ਸੀ। ਅੱਜ ਜਦੋਂ ਰਾਜਪਾਲ ਵਿਧਾਨ ਸਭਾ ਪੁੱਜੇ ਹਨ ਤਾਂ ਇਹ ਕਹਿਣਾ ਚਾਹੀਦਾ ਸੀ ਕਿ ਰਾਜਪਾਲ ਨੇ ਸਮੁੱਚੀ ਵਿਧਾਨ ਸਭਾ ਅਤੇ ਪੰਜਾਬੀਆਂ ਦੀ ਤੌਹੀਨ ਕੀਤੀ ਹੈ ਤੇ ਲੋਕਾਂ ਨੂੰ ਅਪਮਾਨਿਤ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਅੱਜ ਰਾਜਪਾਲ ਪੰਜਾਬ ਨੂੰ ਵਾਪਸ ਜਾਣ ਲਈ ਸਮੁੱਚੀ ਵਿਰੋਧੀ ਧਿਰ ਵੱਲੋਂ ਖ਼ੂਬ ਭਜਾਇਆ ਗਿਆ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਅਕਾਲੀ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ, ਪਵਨ ਟੀਨੂੰ, ਦਿਲਰਾਜ ਸਿੰਘ ਭੂੰਦੜ, ਡਾ. ਸੁਖਵਿੰਦਰ ਸੁੱਖੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਐੱਨਕੇ ਸ਼ਰਮਾ, ਰੋਜ਼ੀ ਬਰਕੰਦੀ, ਲਖਵਿੰਦਰ ਸਿੰਘ ਲੋਧੀਨੰਗਲ, ਗੁਰਪ੍ਰਤਾਪ ਸਿੰਘ ਵਡਾਲਾ ਤੇ ਹੋਰ ਹਾਜ਼ਰ ਸਨ।

Posted By: Seema Anand