ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ 'ਚ ਹੋਰਨਾਂ ਸੂਬਿਆਂ ਤੋਂ ਕਣਕ ਲਿਆਉਣ 'ਤੇ ਰੋਕ ਲੱਗੀ ਹੈ। ਝੋਨੇ ਦੇ ਸੀਜ਼ਨ ਦੌਰਾਨ ਦੂਜੇ ਸੂਬਿਆਂ ਤੋਂ ਝੋਨਾ ਆਉਣ ਕਾਰਨ ਇੱਥੇ ਕਾਫ਼ੀ ਵਿਵਾਦ ਹੋਇਆ ਸੀ। ਇੱਥੋਂ ਤਕ ਕਿ ਈਡੀ ਨੇ ਵੀ ਕਈ ਥਾਈਂ ਛਾਪੇਮਾਰੀ ਕੀਤੀ ਸੀ। ਅਜਿਹੀ ਸਮੱਸਿਆ ਮੁੜ ਨਾ ਪੈਦਾ ਹੋਵੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਇਹ ਸਖ਼ਤੀ ਕੀਤੀ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਪਿਛਲੇ ਹਫ਼ਤੇ ਕਣਕ ਖ਼ਰੀਦ ਦੀ ਸਮੀਖਿਆ ਕਰਦਿਆਂ ਪੰਜਾਬ ਦੇ ਸਾਰੇ ਐਂਟਰੀ ਪੁਆਇੰਟਾਂ 'ਤੇ ਪੁਲਿਸ ਦੀਆਂ ਟੀਮਾਂ ਵਧਾਉਣ ਦੇ ਗ੍ਰਹਿ ਵਿਭਾਗ ਨੂੰ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੋਰਨਾਂ ਸੂਬਿਆਂ ਦਾ ਇਕ ਵੀ ਕਣਕ ਦਾ ਦਾਣਾ ਪੰਜਾਬ ਦੀਆਂ ਮੰਡੀਆਂ ਵਿਚ ਨਹੀਂ ਵਿਕਣਾ ਚਾਹੀਦਾ। ਦਰਅਸਲ ਇਸ ਸਾਲ ਬਾਰਦਾਨੇ ਦੀ ਵੀ ਕਿੱਲਤ ਹੈ, ਇਸ ਲਈ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਪਹਿਲਾਂ ਆਪਣੇ ਕਿਸਾਨਾਂ ਦੀ ਕਣਕ ਸਹੀ ਤਰੀਕੇ ਨਾਲ ਖ਼ਰੀਦ ਲਈ ਜਾਵੇ। ਇਸ ਵਿਚ ਸਭ ਤੋਂ ਵੱਡੀ ਪਰੇਸ਼ਾਨੀ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਹੈ। ਹਿਮਾਚਲ ਪ੍ਰਦੇਸ਼ ਦੇ ਹੇਠਲੇ ਇਲਾਕਿਆਂ ਵਿਚ ਹੀ ਕਣਕ ਦੀ ਪੈਦਾਵਾਰ ਹੁੰਦੀ ਹੈ, ਇਸ ਲਈ ਇੱਥੇ ਖ਼ਰੀਦ ਦੇ ਜ਼ਿਆਦਾ ਪੁਖ਼ਤਾ ਇੰਤਜ਼ਾਮ ਨਹੀਂ ਹਨ। ਕਿਸਾਨ ਪੰਜਾਬ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ ਤੇ ਰੋਪੜ ਜ਼ਿਲਿ੍ਹਆਂ ਵਿਚ ਹੀ ਅਨਾਜ ਵੇਚਦੇ ਹਨ। ਰੋਕ ਲੱਗਣ ਨਾਲ ਉਹ ਆਪਣੀ ਕਣਕ ਦੀ ਫ਼ਸਲ ਵੇਚਣ ਲਈ ਪੰਜਾਬ ਨਹੀਂ ਲਿਆ ਪਾ ਰਹੇ। ਹਾਲਾਂ ਕਿ ਕੇਂਦਰ ਦੇ ਨਵੇਂ ਤਿੰਨ ਖੇਤੀ ਕਾਨੂੰਨਾਂ ਵਿਚ ਕਿਸਾਨਾਂ ਨੂੰ ਆਪਣੀ ਫ਼ਸਲ ਕਿਤੇ ਵੀ ਵੇਚਣ ਦੀ ਇਜਾਜ਼ਤ ਹੈ ਪਰ ਪੰਜਾਬ ਵਿਚ ਇਹ ਲਾਗੂ ਨਹੀਂ ਹੈ।

ਕਦੋਂ ਕਦੋਂ ਹੋਇਆ ਵਿਵਾਦ

8 ਅਪ੍ਰੈਲ : ਉੱਤਰ ਪ੍ਰਦੇਸ਼ ਤੋਂ ਕਣਕ ਲੈ ਕੇ ਰੋਪੜ ਦੇ ਪਿੰਡ ਸੋਲਖੀਆਂ ਪੁੱਜੇ 30 ਟਰੱਕ ਤੇ ਟ੍ਰੈਕਟਰਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਰੋਕ ਕੇ ਜਾਮ ਲਾ ਦਿੱਤਾ ਸੀ। ਕਣਕ ਇੱਥੋਂ ਦੀ ਇਕ ਫਲੋਰ ਮਿੱਲ ਲਈ ਆਈ ਸੀ। ਫਲੋਰ ਮਿੱਲ ਮਾਲਕ ਨੇ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਕਿਸਾਨਾਂ ਤੋਂ ਹੀ ਕਣਕ ਖ਼ਰੀਦਣਗੇ ਤਾਂ ਕਿਸਾਨਾਂ ਨੇਜਾਮ ਹਟਾਇਆ ਸੀ।

10 ਅਪ੍ਰੈਲ : ਕਣਕ ਖ਼ਰੀਦ ਦੇ ਪਹਿਲੇ ਦਿਨ ਰੋਪੜ ਦੇ ਘਨੌਲੀ ਵਿਚ ਹਿਮਾਚਲ ਪ੍ਰਦੇਸ਼ ਦਾ ਕਿਸਾਨ ਕਣਕ ਲੈ ਕੇ ਆਇਆ ਸੀ। ਇੱਥੋਂ ਦੇ ਕਿਸਾਨਾਂ ਨੇ ਹੋਰਨਾਂ ਸੂਬਿਆਂ ਵਿਚ ਕਣਕ ਲਿਆਉਣ ਦਾ ਵਿਰੋਧ ਕੀਤਾ ਤਾਂ ਉਕਤ ਕਿਸਾਨ ਆਪਣੀ ਕਣਕ ਦੀ ਫ਼ਸਲ ਮੰਡੀ ਵਿਚ ਤੇ ਟ੍ਰੈਕਟਰ ਸੜਕ ਕਿਨਾਰੇ ਛੱਡ ਦੇ ਭੱਜ ਗਿਆ।

202.69 ਕਰੋੜ ਰੁਪਏ ਸਿੱਧੇ ਬੈਂਕ ਖਾਤਿਆਂ ਵਿਚ ਗਏ

ਪੰਜਾਬ ਵਿਚ ਕਣਕ ਖ਼ਰੀਦ ਦਾ ਪੈਸਾ ਪਹਿਲੀ ਵਾਰ ਕਿਸਾਨਾਂ ਦੇ ਖਾਤਿਆਂ ਵਿਚ ਭੇਜਣ ਦਾ ਸਿਸਟਮ ਅਜੇ ਤਕ ਪੂਰੀ ਤਰ੍ਹਾਂ ਲੀਹੇ ਨਹੀਂ ਪਿਆ ਪਰ ਇਸ ਦੀ ਸ਼ੁਰੂਆਤ ਹੋ ਗਈ ਹੈ। ਪਿਛਲੇ ਇਕ ਹਫ਼ਤੇ ਵਿਚ ਖ਼ੁਰਾਕ ਤੇ ਸਪਲਾਈ ਵਿਭਾਗ ਨੇ 202.69 ਕਰੋੜ ਰੁਪਏ ਦਾ ਭੁਗਤਾਨ ਕਿਸਾਨਾਂ ਦੇ ਖਾਤਿਆਂ ਵਿਚ ਕਰ ਦਿੱਤਾ ਹੈ। ਹਾਲਾਂਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਖ਼ਰੀਦ ਤੋਂ 48 ਘੰਟੇ ਬਾਅਦ ਪੈਸਾ ਕਿਸਾਨਾਂ ਦੇ ਖਾਤੇ ਵਿਚ ਆ ਜਾਵੇਗਾ ਪਰ ਅਜਿਹਾ ਨਹੀਂ ਹੋ ਰਿਹਾ।

ਪਿੰਡ ਡਡਿਆਣਾ ਦੇ ਕਿਸਾਨ ਅਵਤਾਰ ਸਿੰਘ ਜਿਨ੍ਹਾਂ ਨੇ ਪਹਿਲਾਂ ਆਪਣੀ ਕਣਕ ਦੀ ਫ਼ਸਲ ਵੇਚੀ ਸੀ, ਦੀ ਅਦਾਇਗੀ ਅਜੇ ਤਕ ਖਾਤੇ ਵਿਚ ਨਹੀਂ ਆਈ ਹੈ।