ਪੰਜਾਬੀ ਜਾਗਰਣ ਟੀਮ : ਤਿੰਨ ਖੇਤੀ ਆਰਡੀਨੈਂਸ ਬਿੱਲਾਂ ਖਿਲਾਫ਼ ਕਿਸਾਨਾਂ ਵੱਲੋਂ ਵਿਆਪਕ ਪੱਧਰ ’ਤੇ ਪੂਰੇ ਭਾਰਤ ਵਿਚ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਬੰਦ ਨੂੰ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਨੇ ਪੂਰਨ ਸਹਿਯੋਗ ਦਿੱਤਾ ਹੈ। ਇਸ ਦਾ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਰੇਲ ਅਤੇ ਸਡ਼ਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਬਾਜ਼ਾਰ ਬੰਦ ਹਨ। ਸੂਬੇ ਭਰ ਵਿਚ ਵੱਖ ਵੱਖ ਥਾਈਂ ਬੰਦ ਦੇ ਸਮਰਥਨ ਅਤੇ ਖੇਤੀ ਬਿੱਲਾਂ ਦੇ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨ ਕਈ ਥਾਈਂ ਟੈਂਟ ਲਾ ਕੇ ਧਰਨਾ ਦੇ ਰਹੇ ਹਨ। ਰੇਲ ਟਰੈਕ ਤਾਂ ਕਿਸਾਨਾਂ ਵੱਲੋਂ ਵੀਰਵਾਰ ਤੋਂ ਬੰਦ ਕਰ ਦਿੱਤੇ ਗਏ ਸਨ। ਪਠਾਨਕੋਟ ’ਚ ਬੰਦ ਦਾ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਹੋਈਆਂ ਹਨ।

ਬਟਾਲਾ ਵਿਚ ਐਂਬੂਲੈਂਸ ਰੋਕੀ, ਬਹਿਸ ਤੋਂ ਬਾਅਦ ਜਾਣ ਦਿੱਤਾ

ਗੁਰਦਾਸਪੁਰ ਵਿਚ ਵੀ ਬੰਦ ਦਾ ਵਿਆਪਕ ਅਸਰ ਹੋਇਆ ਹੈ। ਕਿਸਾਨ ਸੰਗਠਨਾਂ ਦੇ ਨਾਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਧਰਨਾ ਪ੍ਰਦਰਸ਼ਨ ਦਿੱਤਾ। ਬਟਾਲਾ ਵਿਚ ਕਿਸਾਨ ਸੰਗਠਨਾਂ ਨੇ ਕੁਝ ਮੈਂਬਰਾਂ ਨੇ ਗੁਰਦਾਸਪੁਰ ਸਿਵਲ ਹਸਪਤਾਲ ਦੀ ਐਂਬੂਲੈਂਸ ਨੂੰ ਰੋਕ ਲਿਆ। ਇਹ ਲੋਕ ਐਂਬੂੁਲੈਂਸ ਨੂੰ ਰੋਕ ਕੇ ਡਰਾਈਵਰ ਨਾਲ ਬਹਿਸ ਕਰਨ ਲੱਗ ਪਏ। ਉਨ੍ਹਾਂ ਨੇ ਲਗਪਗ 10 ਮਿੰਟ ਬਾਅਦ ਐਂਬੂਲੈਂਸ ਨੂੰ ਉਥੋਂ ਜਾਣ ਦਿੱਤਾ।

ਬਠਿੰਡਾ ਵਿਚ ਬੰਦ ਦਾ ਵਿਆਪਕ ਅਸਰ ਹੋਇਆ। ਬਾਜ਼ਾਰ ਅਤੇ ਸਡ਼ਕ ਅਤੇ ਰੇਲ ਆਵਾਜਾਈ ਬੰਦ ਹੈ। ਬਠਿੰਡਾ ਵਿਚ ਖੇਤੀ ਬਿੱਲਾਂ ਖਿਲਾਫ਼ ਭਾਈ ਘਨੱਈਆ ਚੌਕ ਵਿਚ ਕਿਸਾਨਾਂ ਨੇ ਜਾਮ ਲਾਇਆ। ਮਾਨਸਾ ਵਿਚ ਪੰਜਾਬੀ ਗਾਇਕ ਸਿੱਧੂ ਮੂਸੇੇਵਾਲਾ, ਆਰਨੇਤ ਅਤੇ ਅਨਮੋਲ ਗਗਨ ਮਾਨ ਵੀ ਧਰਨੇ ਵਿਚ ਸ਼ਾਮਲ ਹੋਏ।

ਹਰਭਜਨ ਮਾਨ,ਤਰਸੇਮ ਜੱਸੜ, ਕੁਲਵਿੰਦਰ ਬਿੱਲਾ, ਰਣਜੀਤ ਬਾਵਾ, ਸਮੇਤ ਹੋਰ ਗਾਇਕ ਨਾਭਾ ਵਿਖੇ ਕਿਸਾਨਾਂ ਦੇ ਧਰਨੇ ਵਿੱਚ ਪੁੱਜੇ। ਉਧਰ ਮਾਨਸਾ ਵਿਖੇ ਲੱਗੇ ਇਕ ਧਰਨੇ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ,ਆਰ ਨੇਤ ,ਕੋਰਵਾਲਾ ਮਾਨ,ਮੱਟ ਸ਼ੇਰੋਵਾਲਾ ਅਤੇ ‌ਕਈ ਹੋਰ ਕਿਸਾਨਾਂ ਦੇ ਹੱਕ ਵਿੱਚ ਉਤਰੇ ਹੋਏ ਹਨ। ਕਲਾਕਾਰ ਰੁਪਿੰਦਰ ਰੂਪੀ ਵੀ ਬਰਨਾਲਾ ਵਿਖੇ ਧਰਨੇ ਨੂੰ ਸੰਬੋਧਨ ਕਰ ਰਹੇ ਹਨ।

ਕਿਸਾਨਾਂ ਦੇ ਹੱਕ ਵਿਚ ਤੇ ਖੇਤੀ ਬਿੱਲਾਂ ਦੇ ਵਿਰੋੋਧ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਸਡ਼ਕਾਂ ਦੇ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਟਰੈਕਟਰ ’ਤੇ ਸਵਾਰ ਹੋ ਕੇ ਰੋਸ ਰੈਲੀ ਕੱਢ ਰਹੇ ਹਨ। ਉਨ੍ਹਾਂ ਇਹ ਰੋਸ ਰੈਲੀ ਪਿੰਡ ਬਾਦਲ ਤੋਂ ਕੱਢੀ। ਵੱਡੀ ਗਿਣਤੀ ਵਿਚ ਸਮਰਥਕ ਟਰੈਕਟਰਾਂ ’ਤੇ ਸਵਾਰ ਹੋ ਕੇ ਵੱਡੇ ਕਾਫਲੇ ਦੇ ਰੂਪ ਵਿਚ ਉਨ੍ਹਾਂ ਨਾਲ ਹਨ।

ਪੰਜਾਬ ਬੰਦ ਦਾ ਮੁਕੰਮਲ ਅਸਰ

ਕਿਸਾਨਾਂ ਦੇ ਹੱਕ ’ਚ ਨਿੱਤਰੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਡੇ ਪੱਧਰ ’ਤੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਇਸ ਬੰਦ ਦੇਸਮਰਥਨ ਵਿਚ ਜਿਥੇ ਕਿਸਾਨਾਂ ਦੇ 31 ਸੰਗਠਨਾਂ ਸਹਿਯੋਗ ਦੇ ਰਹੇ ਹਨ, ਉਥੇ ਦੋਧੀ ਐਸੋਸੀਏਸ਼ਨਾਂ ਅਤੇ ਆਡ਼੍ਹਤੀ ਐਸੋਸੀਏਸ਼ਨਾਂ ਵੀ ਨਾਲ ਹਨ। ਦੋਧੀਆਂ ਵੱਲੋਂ ਸ਼ਹਿਰਾਂ ਵਿਚ ਦੁੱਧ ਦੀ ਸਪਲਾਈ ਨਾ ਕਰਨ ਨਾਲ ਦੁੱਧ ਸਬਜ਼ੀਆਂ ਆਦਿ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੁਲਿਸ ਲਾਈਨ ਰੂਪਨਗਰ ਵਿਖੇ ਚੰਡੀਗੜ੍ਹ ਮਾਰਗ ਤੇ ਧਰਨੇ ਵਿੱਚ ਸ਼ਾਮਲ ਹੋਏ।ਮੋਗਾ, ਨਿਹਾਲ ਸਿੰਘ ਵਾਲਾ, ਧਰਮਕੋਟ, ਬਾਘਾਪੁਰਾਣਾ, ਬੱਧਨੀ ਕਲਾਂ ਅਤੇ ਕੋਟ ਈਸੇ ਖਾਂ ਮੁਕੰਮਲ ਬੰਦ ਦੇਖਿਆ ਗਿਆ। ਖੇਤੀ ਸੋਧ ਬਿੱਲ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ , ਸ਼੍ਰੋਮਣੀ ਅਕਾਲੀ ਦਲ, ਸੀਟੂ ਵਰਕਰਾਂ ਅਤੇ ਕਾਂਗਰਸ ਵੱਲੋਂ ਰੂਪਨਗਰ ਚੰਡੀਗੜ੍ਹ ਮਾਰਗ ਪੂਰਨ ਤੌਰ ਤੇ ਜਾਮ ਕੀਤਾ। ਕਿਸਾਨ ਜਥੇਬੰਦੀਆਂ ਵਲੋਂ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਿਜਲੀ ਘਰ ਚੌਂਕ ਟਾਂਡਾ ਵਿਖੇ ਸਵੇਰੇ 9 ਵਜੇ ਤੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਧਰਨਾ ਪ੍ਰਦਰਸ਼ਨ ਜਾਰੀ ਹੈ।

ਪਟਿਆਲਾ : ਪ੍ਰਸਿੱਧ ਗਾਇਕ ਪੰਮੀ ਬਾਈ ਕਿਸਾਨਾਂ ਦੀ ਹਮਾਇਤ ਵਿੱਚ ਘਰ ਤੋਂ ਟਰੈਕਟਰ ਲੈ ਕੇ ਰੋਸ ਪ੍ਰਦਰਸ਼ਨ ਕਰਨ ਲਈ ਨਿਕਲੇ ਹਨ। ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਲੇ ਗਾਇਕ ਪੰਮੀ ਬਾਈ ਨੇ ਕਿਹਾ ਕਿ ਕਿਸਾਨੀ ਪੰਜਾਬ ਦਾ ਮੁੱਖ ਕੀਤਾ ਹੈ ਅਤੇ ਕਿਸਾਨਾਂ ਨਾਲ ਧੱਕਾ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਕਿਸਾਨ ਦੁਨੀਆ ਦਾ ਅੰਨ ਦਾਤਾ ਹੈ ਕਿਤੇ ਸਾਡਾ ਹਰ ਇਕ ਦਾ ਫ਼ਰਜ਼ ਬਣਦਾ ਹੈ ਕਿ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਏ।

ਖੇਤੀ ਬਿੱਲਾਂ ਦੇ ਵਿਰੋਧ 'ਚ ਮਜੀਠੀਆ ਦੀ ਅਗਵਾਈ 'ਚ ਸੈਂਕੜੇ ਅਕਾਲੀ ਵਰਕਰਾਂ ਨੇ ਜੀਟੀ ਰੋਡ ਕੀਤਾ ਜਾਮ

ਜਰਨੈਲ ਸਿੰਘ ਤੱਗੜ ਕੱਥੂਨੰਗਲ :ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਸੰਸਦ ਚ ਪਾਸ ਕਰਵਾਉਣ ਦੇ ਰੋਸ ਚ ਅੱਜ ਹਲਕਾ ਮਜੀਠਾ ਦੇ ਸੈਂਕੜੇ ਅਕਾਲੀ ਵਰਕਰਾਂ ਨੇ ਅੱਜ ਸਾਬਕਾ ਕੈਬਿਨੇਟ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅੱਡਾ ਸਹਿਨੇਵਾਲੀ ਦੇ ਕੋਲ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕੀਤਾ ਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ।

ਖੇਤੀ ਆਰਡੀਨੈਂਸਾਂ ਵਿਰੁੱਧ ਕਿਸਾਨ ਜੱਥੇਬੰਦੀਆਂ ਵੱਲੋਂ ਚੱਕਾ ਜਾਮ

ਪੰਜਾਬੀ ਜਾਗਰਣ ਟੀਮ, ਜਲੰਧਰ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ ਵਾਪਸ ਲੈਣ ਲਈ ਸੰਘਰਸ਼ ਕਰ ਰਹੀਆਂ 31 ਦੇ ਕਰੀਬ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਰੱਖੇ ਗਏ ਚੱਕਾ ਜਾਮ ਰੋਸ ਪ੍ਰਦਰਸ਼ਨ ਤਹਿਤ ਕਿਸਾਨਾਂ ਤੇ ਹੋਰ ਸਹਿਯੋਗੀ ਜੱਥੇਬੰਦੀਆਂ ਨੇ ਜ਼ਿਲ੍ਹੇ ਵਿਚ ਥਾਂ ਥਾਂ 'ਤੇ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਮਿਲੀਆਂ ਸੂਚਨਾਵਾਂ ਮੁਤਾਬਕ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਵੇਰੇ 10 ਵਜੇ ਤੋਂ ਸੜਕਾਂ ਉੱਪਰ ਧਰਨੇ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਉਹ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਖੇਤੀ ਆਰਡੀਨੈਂਸ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਹ ਧਰਨੇ ਪੀਏਪੀ ਚੌਕ, ਪਠਾਨਕੋਟ ਚੌਕ, ਵੇਰਕਾ ਮਿਲਕ ਪਲਾਂਟ ਚੌਕ, ਕਿਸ਼ਨਗੜ੍ਹ, ਪ੍ਰਤਾਪਪੁਰਾ, ਸ਼ਾਹਕੋਟ, ਜੰਡਿਆਲਾ ਮੰਜਕੀ, ਕਰਤਾਰਪੁਰ, ਫਿਲੌਰ, ਆਦਮਪੁਰ, ਜਮਸ਼ੇਰ ਖਾਸ, ਭੋਗਪੁਰ ਆਦਿ ਵਿਚ ਲਾਏ ਗਏ ਹਨ।

ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂ ਕਿਰਪਾਲ ਸਿੰਘ ਮੂਸਾਪੁਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਆਰਡੀਨੈਂਸ ਕਿਸਾਨ ਮਾਰੂ ਹਨ। ਜਿੰਨੀ ਦੇਰ ਤਕ ਸਰਕਾਰ ਇਹ ਵਾਪਸ ਨਹੀਂ ਲੈਂਦੀ, ਓਨੀ ਦੇਰ ਤਕ ਸੰਘਰਸ਼ ਜਾਰੀ ਰਹੇਗਾ। ਇੱਥੇ ਦੱਸਣਯੋਗ ਹੈ ਕਿ ਜਿੱਥੇ ਇਕ ਪਾਸੇ ਕਿਸਾਨਾਂ ਦੇ ਚੱਕਾ ਜਾਮ ਪ੍ਰਦਰਸ਼ਨ ਦਾ ਕਾਂਗਰਸ ਤੇ ਹੋਰ ਸਭਾ ਸੁਸਾਇਟੀਆਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ, ਉੱਥੇ ਹੀ ਅਕਾਲੀ-ਭਾਜਪਾ ਗੱਠਜੋੜ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਖੇਤੀ ਆਰਡੀਨੈਂਸਾਂ ਵਿਰੁੱਧ ਰੋਸ ਧਰਨੇ ਲਾਏ ਗਏ ਹਨ।

ਆਰਡੀਨੈਂਸ ਦੇ ਹਮਾਇਤੀਆਂ ਨੇ ਖੋਲੀਆਂ ਦੁਕਾਨਾਂ, ਟਕਰਾਅ ਹੋਣ ਦੇ ਆਸਾਰ

ਪ੍ਰਿਤਪਾਲ ਸਿੰਘ, ਸ਼ਾਹਕੋਟ: ਸੰਸਦ ਵਿਚ ਪਾਸ ਕੀਤੇ ਜਾ ਚੁੱਕੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਅੱਜ ਰੋਸ ਮੁਜਾਹਰੇ ਅਤੇ ਟਰੈਕਟਰ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਹਨ। ਸ਼ਾਹਕੋਟ ਵਿਚ ਇਸ ਆਰਡੀਨੈਂਸਾਂ ਦੇ ਹਮਾਇਤੀ ਕੁਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਖੋਲੀਆਂ ਗਈਆਂ ਹਨ। ਪੁਲਿਸ ਸਟੇਸ਼ਨ ਦੇ ਸਾਹਮਣੇ ਕੁੱਲ ਹਿੰਦ ਕਿਸਾਨ ਸਭਾ, ਜਮੂਹਰੀ ਕਿਸਾਨ ਸਭਾ ਅਤੇ ਕਿਸਾਨ ਸੰਘਰਸ਼ ਕਮੇਟੀ ਵਲੋਂ ਧਰਨਾ ਦੇਣ ਦੀ ਤਿਆਰੀ ਆਰੰਭ ਕੀਤੀ ਗਈ ਹੈ। ਇਸ ਮੌਕੇ ਕਾਮਰੇਡ ਚਰਨਜੀਤ ਥੰਮੂਵਾਲ ਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਤਕਰਾਰ ਹੋ ਗਿਆ। ਚਰਨਜੀਤ ਥੰਮੂਵਾਲ ਨੇ ਦੋਸ਼ ਲਾਇਆ ਕਿ ਉਨ੍ਹਾਂ ਵਲੋਂ ਜਾਮ ਕੀਤੀ ਗਈ ਸੜਕ ‘ਤੇ ਪੁਲਿਸ ਰਾਹਗੀਰਾਂ ਨੂੰ ਲੰਘਣ ਲਈ ਉਤਸ਼ਾਹਤ ਕਰ ਰਹੀ ਹੈ। ਜਿਸ ਕਾਰਨ ਟਕਰਾਅ ਹੋਣ ਦੇ ਅਸਾਰ ਬਣਾਏ ਜਾ ਰਹੇ ਹਨ।

ਮਾਨਸਾ : ਕੇਂਦਰ ਸਰਕਾਰ ਵੱਲੋ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸਾ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਦੇ ਸੱਦੇ ਤਹਿਤ ਮਾਨਸਾ ਮੁਕੰਮਲ ਬੰਦ, ਮਾਨਸਾ ਦੀਆਂ ਕਿਸਾਨ,ਮਜ਼ਦੂਰ,ਵਪਾਰੀ ਵਰਗ ਵਗੈਰਾ ਜਥੇਬੰਦੀਆਂ ਵੱਲੋਂ ਸ਼ਹਿਰ ਦੇ 12 ਹੱਟਾ ਚੌਂਕ ਵਿੱਚ ਵੱਡਾ ਧਰਨਾ ਲਗਾਇਆ ਗਿਆ ਹੈ। ਕਿਸਾਨਾਂ ਵੱਲੋਂ ਰੇਲਵੇ ਲਾਈਨ ਵਿੱਚ ਲਗਾਇਆ ਮੋਰਚਾ ਵੀ ਜਾਰੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਰੋਸ ਮੁਜ਼ਾਹਰੇ 'ਚ ਲੱਗੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ

ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਅੱਜ ਰੋਸ ਮੁਜ਼ਾਹਰਿਆਂ ਦਾ ਸਿਲਸਿਲਾ ਜਾਰੀ ਰਿਹਾ। ਜਨਤਾ ਨਗਰ ਚੌਕ ਵਿਖੇ ਹਲਕਾ ਇੰਚਾਰਜ ਆਤਮ ਨਗਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਜ਼ੀਰੀਆਂ ਨੂੰ ਠੋਕਰ ਮਾਰ ਕੇ ਅੱਜ ਕਿਸਾਨ ਦੇ ਨਾਲ ਖੜ੍ਹਾ ਹੈ। ਇੰਡਸਟਰੀ ਦੀ ਵਿਸ਼ੇਸ਼ ਤੌਰ ਤੇ ਗੱਲ ਕਰਦੇ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਖੁਸ਼ ਹੈ ਇੰਡਸਟਰੀ ਵੀ ਤਾਂਹੀਂ ਖੁਸ਼ ਹੋਵੇਗੀ ਕਿਸਾਨ ਖੁਸ਼ ਹੋਵੇਗਾ ਤਾਂ ਹੀ ਮਸ਼ੀਨਾਂ ਖ਼ਰੀਦੇਗਾ ਤੇ ਕਾਰੋਬਾਰ ਵਧੇਗਾ। ਕੁਲਾਰ ਨੇ ਕਿਹਾ ਕਿ ਦੇਸ਼ ਦੇ ਅੰਨਦਾਤੇ ਨੂੰ ਅਜੇ ਸੜਕਾਂ ਤੇ ਉੱਤਰਨ ਲਈ ਮਜਬੂਰ ਹੋਣਾ ਪਿਆ ਹੈ । ਵਿਰੋਧੀ ਪਾਰਟੀਆਂ ਵੱਲੋਂ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਇੱਕ ਡਰਾਮਾ ਕਰਾਰ ਦੇਣ ਦੇ ਸਵਾਲ ਤੇ ਕੁਲਾਰ ਨੇ ਕਿਹਾ ਕਿ ਪ੍ਰਤੱਖ ਸਾਹਮਣੇ ਹੈ ਅਸਤੀਫ਼ਾ ਮਨਜ਼ੂਰ ਵੀ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਡਾ ਮੁੱਦਾ ਕੇਵਲ ਕਿਸਾਨ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਮੋਦੀ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

ਰਾਜਨੀਤਿਕ ਪਾਰਟੀਆਂ ਨੇ ਵੀ ਖੇਤੀ ਬਿੱਲਾਂ ਸਬੰਧੀ ਕਿਸਾਨਾਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਹੈ ਜਿਸ ਦੇ ਮੱਦੇਨਜ਼ਰ ਪੁਲਿਸ ਦੁਆਰਾ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਸ਼ਹਿਰ ਦੀਆਂ ਸੜਕਾਂ 'ਤੇ ਪੁਲਿਸ ਦੀ ਤਿਆਰੀ ਪਹਿਲਾਂ ਨਾਲੋਂ ਵਧੇਰੇ ਦਿਖਾਈ ਦਿੰਦੀ ਹੈ।

ਗਿੱਲ ਨਹਿਰ ਵਿਖੇ ਜੱਥੇਦਾਰ ਹੀਰਾ ਸਿੰਘ ਗਾਬੜੀਆ ਦੀ ਅਗਵਾਈ ਹੇਠ ਰੋਸ ਧਰਨਾ

ਖੇਮਕਰਨ ਰਿਹਾ ਪੂਰਨ ਤੌਰ ਤੇ ਬੰਦ

ਸੰਦੀਪ ਮਹਿਤਾ: ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸ ਦੇ ਖਿਲਾਫ ਪੰਜਾਬ ਬੰਦ ਦੇ ਸੱਦੇ ਤੇ ਅੱਜ ਸਰਹੱਦ ਤੋਂ ਤਿੰਨ ਕਿਲੋਮੀਟਰ ਪਿਛੇ ਵੱਸਦੇ ਕਸਬਾ ਖੇਮਕਰਨ ਵਿੱਚ ਸਮੂਹ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਕਿਸਾਨੀ ਦੇ ਹੱਕ ਵਿੱਚ ਖੜ ਕੇ ਬੰਦ ਨੂੰ ਭਰਵਾਂ ਹੁੰਗਾਰਾ ਦਿੱਤਾ।

ਪੰਜਾਬ ਬੰਦ ਦੇ ਸੱਦੇ ਤਹਿਤ ਕਿਸਾਨ ਧਰਨੇ ਚ ਪਹੁੰਚਣੇ ਸ਼ੁਰੂ

ਨਾਭਾ (ਜਗਨਾਰ ਸਿੰਘ ਦੁਲੱਦੀ)-ਕੱਲ 24 ਤਰੀਕ ਤੋਂ ਤਿੰਨ ਦਿਨਾਂ ਰੇਲ ਰੋਕੋ ਪ੍ਰੋਗਰਾਮ ਦੀ ਫ਼ਤਹਿ ਪੰਜਾਬ ਬੰਦ ਦੇ ਸੱਦੇ ਤਹਿਤ ਕਿਸਾਨ ਯੂਨੀਅਨ ਵੱਲੋਂ ਧਰਨਾ ਰੇਲਵੇ ਟ੍ਰੈਕ ਤੇ ਨਿਰੰਤਰ ਜਾਰੀ ਹੈ, ਜਿਸ ਵਿਚ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਹਨ । ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਅਤੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾਂ ਨੇ ਕਿਹਾ ਕਿ ਅੱਜ ਦੇ ਧਰਨੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਇਕੱਠ ਹੋਵੇਗਾ ਕਿਉਂ ਜੋ ਕੇਂਦਰ ਵੱਲੋਂ ਜਾਰੀ ਕਾਲੇ ਆਰਡੀਨੈਂਸਾਂ ਵਾਪਸ ਕਰਵਾਉਣ ਲਈ ਕਿਸਾਨ ਯੂਨੀਅਨ ਦਾ ਹਰੇਕ ਵਰਗ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ ਤੇ ਅੱਜ ਕਈ ਪੰਜਾਬੀ ਦੇ ਨਾਮਵਰ ਕਲਾਕਾਰ ਵੀ ਇਸ ਧਰਨੇ ਵਿੱਚ ਸਮੂਰਤ ਕਰਨਗੇ । ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਜਾਰੀ ਆਰਡੀਨੈਂਸ ਵਾਪਸ ਨਾ ਲਏ ਤਾਂ ਇਹ ਸੰਘਰਸ਼ ਲੰਬਾ ਵੀ ਚੱਲ ਸਕਦਾ ਹੈ ।ਬਲਾਕ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਵਾਲ ਨੇ ਕਿਹਾ ਕਿ ਕਿਸਾਨਾਂ ਦੀ ਮਦਦ ਲਈ ਜਿੱਥੇ ਵੱਖ ਵੱਖ ਜਥੇਬੰਦੀਆਂ ਨੇ ਉੱਥੇ ਕਾਰ ਸੇਵਾ ਵਾਲੇ ਬਾਬੇ ਤੇ ਖਾਲਸਾ ਏਡ ਵੱਲੋਂ ਜੋ ਧਰਨਾਕਾਰੀ ਕਿਸਾਨਾਂ ਲਈ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਉਹ ਵੀ ਇੱਕ ਬਹੁਤ ਸਰਾਹੁਣਯੋਗ ਹੈ।

ਪਟਿਆਲਾ ਵਿਖੇ ਵਕੀਲ ਭਾਈਚਾਰੇ ਵੱਲੋਂ ਖੇਤੀ ਬਿੱਲਾਂ ਦੇ ਖਿਲਾਫ ਜ਼ਿਲ੍ਹਾ ਅਦਾਲਤ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ । ਵਕੀਲ ਭਾਈਚਾਰੇ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਅਤੇ ਕਿਸਾਨਾਂ ਨਾਲ ਧੋਖਾ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਨੂੰ ਤੁਰੰਤ ਰੱਦ ਕੀਤਾ ਜਾਵੇ।

ਆਰਡੀਨੈਂਸ ਬਿੱਲਾਂ ਦੇ ਵਿਰੋਧ 'ਚ ਮੋਗਾ ਮੁਕੰਮਲ ਬੰਦ,ਚੱਪੇ ਚੱਪੇ 'ਤੇ ਧਰਨੇ, ਕੇਂਦਰ ਖਿਲਾਫ਼ ਨਾਅਰੇਬਾਜ਼ੀ

ਮਨਪਰੀਤ ਸਿੰਘ ਮੱਲੇਆਣਾ, ਮੋਗਾ :

ਕੇਂਦਰ ਦੀ ਮੋਦੀ ਹਕੂਮਤ ਵਲੋਂ ਪਾਸ ਕੀਤੇ ਆਰਡੀਨੈਂਸ ਬਿੱਲਾਂ ਦੇ ਵਿਰੋਧ 'ਚ ਅੱਜ ਦੇ ਪੰਜਾਬ ਬੰਦ ਦੀ ਕਾਲ ਤੇ ਮੋਗਾ ਮੁਕੰਮਲ ਤੌਰ ਤੇ ਬੰਦ ਰਿਹਾ। ਇਸ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਨੌਜਵਾਨਾਂ ਵਲੋਂ ਚੱਪੇ ਚੱਪੇ ਧਰਨੇ ਲਗਾ ਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ। ਮੋਗਾ ਦੇ ਕਸਬੇ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਧਰਮਕੋਟ, ਬੱਧਨੀ ਕਲਾ, ਕੋਟ ਈਸੇ ਖਾਂ, ਅਜੀਤਵਾਲ ਤੇ ਬਿਲਾਸਪੁਰ ਦੇ ਬਜਾਰ ਮੁਕੰਮਲ ਤੌਰ ਤੇ ਬੰਦ ਰਹੇ। ਜਿਲਾ ਪੁਲਿਸ ਵਲੋਂ ਵੀ ਪੂਰੀ ਤਰਾਂ ਨਾਲ ਪਹਿਰਾ ਲਗਾ ਕਿ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਤਿਆਰੀ ਕੀਤੀ ਹੋਈ ਸੀ। ਸ਼ਹਿਰ ਵਿਚ ਵੀ ਪੁਲਿਸ ਵਲੋਂ ਗਸ਼ਤ ਕੀਤੀ ਜਾ ਰਹੀ ਸੀ।

ਮੋਦੀ ਹਕੂਮਤ ਖਿਲਾਫ਼ ਲੋਕਾਂ ਦਾ ਰੋਹ ਪ੍ਰਚੰਡ ਕਰਨ ਲਈ ਨਿਹਾਲ ਸਿੰਘ ਵਾਲਾ ਮੁਕੰਮਲ ਬੰਦ

ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਮੋਦੀ ਹਕੂਮਤ ਵੱਲੋਂ ਲਿਆਂਦੇ ਗਏ ਖੇਤੀ ਵਿਰੋਧੀ ਆਰਡੀਨੈਂਸ, ਬਿਜਲੀ ਬਿੱਲ 2020 ਨੂੰ ਰੱਦ ਕਰਾਉਣ ਲਈ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਅਤੇ ਸਹਿਯੋਗੀ ਭਰਾਤਰੀ ਜਥੇਬੰਦੀਆਂ ਦੀ ਅਗਵਾਈ ਹੇਠ ਸੜਕ ਜਾਮ ਕਰਕੇ ਐਸ ਡੀ ਐਮ ਦਫਤਰ ਦੇ ਬਾਹਰ ਧਰਨਾ ਲਾਇਆ ਗਿਆ। ਅੱਜ ਦੇ ਧਰਨੇ 'ਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹਨਾਂ ਖੇਤੀ ਆਰਡੀਨੈਂਸਾਂ ਨੇ ਮੰਡੀਕਰਨ ਨੂੰ ਤਬਾਹ ਕਰਕੇ, ਫਸਲ ਦਾ ਘੱਟੋ ਘੱਟ ਸਮੱਰਥਨ ਮੁੱਲ ਖਤਮ ਕਰਕੇ ਦੇਸ਼ ਦੀ ਕਿਸਾਨੀ, ਪੂਰੀ ਖੇਤੀ ਨੂੰ ਵੱਡੇ ਵੱਡੇ ਅੰਬਾਨੀ, ਅਡਾਨੀ ਸਰਮਾਏਦਾਰਾਂ ਦੇ ਹਵਾਲੇ ਕਰ ਦੇਣਾ ਹੈ। ਇਸ ਦੇ ਨਤੀਜੇ ਵਜੋਂ ਕਿਸਾਨੀ ਦੇ ਨਾਲ ਹੀ ਮੰਡੀ ਨਾਲ ਰੁਜ਼ਗਾਰ ਚਲਾ ਰਿਹਾ ਮਜਦੂਰ, ਆੜਤੀਆਂ, ਪੱਲੇਦਾਰਾਂ, ਅਕਾਊਂਟੈਂਟ ਸਭ ਬਰਬਾਦ ਹੋ ਜਾਣਗੇ। ਉਹਨਾਂ ਕਿਹਾ ਕਿ ਇਹਨਾਂ ਆਰਡੀਨੈਂਸਾਂ ਨੇ ਖਾਧ ਖੁਰਕ ਦੀ ਸਰਕਾਰ ਦੀ ਗਾਰੰਟੀ ਨੂੰ ਖਤਮ ਕਰਨ ਲਈ ਵੱਡੀਆਂ ਪ੍ਰਾਈਵੇਟ ਏਜੰਸੀਆਂ ਨੂੰ ਮਨ ਮਰਜੀ ਮੁਤਾਬਿਕ ਅਨਾਜ ਸਟੋਰ ਕਰਨ ਦੀ ਖੁੱਲ ਦੇਣੀ ਹੈ। ਅਨਾਜ ਦੀਆਂ ਕੀਮਤਾਂ ਨੂੰ ਇਹ ਏਜੰਸੀਆਂ ਆਪਣੇ ਮੁਨਾਫਿਆਂ ਮੁਤਾਬਿਕ ਕੰਟਰੋਲ ਕਰਨਗੀਆਂ। ਉਹਨਾਂ ਕਿਹਾ ਕਿ ਇਹਨਾਂ ਆਰਡੀਨੈਂਸਾਂ ਰਾਹੀਂ ਕੰਟਰੈਕਟ ਫਾਰਮਿੰਗ ਨੂੰ ਵਧਾਇਆ ਜਾਣਾ ਹੈ। ਜਿਸ ਨਾਲ ਛੋਟੇ ਕਿਸਾਨਾਂ ਦੀਆਂ ਜਮੀਨਾਂ ਵੱਡੇ ਧਨਾਢਾਂ ਕੋਰ ਇਕੱਠੀਆਂ ਹੋਣ ਨਾਲ ਪਹਿਲਾਂ ਹੀ ਤਬਾਹੀ ਦਾ ਸ਼ਿਕਾਰ ਕਿਸਾਨ ਬਰਬਾਦ ਹੋ ਜਾਵੇਗਾ। ਉਹਨਾਂ ਕਿਹਾ ਕਿ ਸਰਮਾਏਦਾਰਾਂ ਨੂੰ ਗੱਫੇ ਦੇਣ ਲਈ ਹੀ ਮੋਦੀ ਹਕੂਮਤ ਬਿਜਲੀ ਸੋਧ ਬਿੱਲ 2020 ਲੈ ਕੇ ਆਈ ਹੈ। ਜਿਸ ਨਾਲ ਬਚੀਆਂ ਹੋਈਆਂ ਸਰਕਾਰੀ ਨੌਕਰੀਆਂ ਖਤਮ ਹੋ ਜਾਣਗੀਆਂ। ਬਿਜਲੀ ਮਹਿੰਗੀ ਹੋਵੇਗੀ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਵੋਟ ਬਟੋਰੂ ਸਿਆਸੀ ਪਾਰਟੀ ਨੂੰ ਮੂੰਹ ਨਹੀਂ ਲਾਵੇਗੀ। ਲੋਕ ਕਿਸਾਨ ਜਥੇਬੰਦੀਆਂ ਦਾ ਝੰਡੇ ਹੇਠ ਇੱਕਠੇ ਹੋ ਗਏ ਹਨ। ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰਾਉਣ ਤੱਕ ਇਹ ਅੰਦੋਲਨ ਜਾਰੀ ਰਹੇਗਾ।

Posted By: Tejinder Thind