ਜੇਐੱਨਐੱਨ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਕਾਂਗਰਸ ਸਰਕਾਰ ਆਪਣੇ ਹੀ ਵਿਧਾਇਕਾਂ ਵੱਲੋਂ ਘੇਰੀ ਜਾ ਰਹੀ ਹੈ। ਬੁੱਧਵਾਰ ਨੂੰ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਰਕਾਰ ਘੇਰੀ, ਉੱਥੇ ਹੀ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਇਕੱਲੇ ਹੀ ਸਪੀਕਰ ਖ਼ਿਲਾਫ਼ ਸਦਨ 'ਚ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਟੀਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਕੋਲ ਪਹੁੰਚ ਗਏ। ਉਨ੍ਹਾਂ ਮਨਪ੍ਰੀਤ ਨੂੰ ਕੁਝ ਕਿਹਾ ਜਿਸ ਕਾਰਨ ਉਹ ਗੁੱਸੇ 'ਚ ਆ ਗਏ। ਇਸ ਤੋਂ ਬਾਅਦ ਕੁਲਬੀਰ ਜ਼ੀਰਾ ਤੇ ਬਰਿੰਦਰਮੀਤ ਸਿੰਘ ਪਾਹੜਾ ਟੀਨੂੰ ਵੱਲ ਵਧੇ, ਮਾਮਲਾ ਧੱਕਾ-ਮੁੱਕੀ ਤਕ ਪਹੁੰਚ ਗਿਆ। ਸਪੀਕਰ ਨੇ 15 ਮਿੰਟ ਲਈ ਹਾਊਸ ਮੁਲਤਵੀ ਕਰ ਦਿੱਤਾ। ਇਸ ਦੇ ਬਾਵਜੂਦ ਮਾਮਲਾ ਚੱਲਦਾ ਰਿਹਾ। ਜ਼ੀਰਾ ਨੇ ਗੁੱਸੇ 'ਚ ਟੀਨੂੰ ਦਾ ਹੱਥ ਫੜ ਲਿਆ। ਪਰਗਟ ਸਿੰਘ ਨੇ ਆ ਕੇ ਦੋਵਾਂ ਨੂੰ ਅਲੱਗ ਕੀਤਾ। ਇਸ ਦੇ ਬਾਵਜੂਦ ਜ਼ੀਰਾ ਤੇ ਟੀਨੂੰ ਇਕ-ਦੂਸਰੇ ਨੂੰ ਲਲਕਾਰਦੇ ਰਹੇ।

ਦੱਸ ਦੇਈਏ ਕਿ ਟੀਨੂੰ ਆਪਣੇ ਵਿਵਹਾਰ ਨੂੰ ਲੈ ਕੇ ਪਹਿਲੀ ਹੀ ਕਾਂਗਰਸੀ ਵਿਧਾਇਕਾਂ ਦੇ ਨਿਸ਼ਾਨੇ 'ਤੇ ਸਨ। ਵਿਜੈਇੰਦਰ ਸਿੰਗਲਾ ਸਪੀਕਰ ਨੂੰ ਟੀਨੂੰ ਦੀ ਸ਼ਿਕਾਇਤ ਕਰ ਚੁੱਕੇ ਹਨ। ਸਪੀਕਰ ਵੀ ਕਈ ਵਾਰ ਟੀਨੂੰ ਨੂੰ ਹਦਾਇਤ ਦੇ ਚੁੱਕੇ ਹਨ। ਅੱਜ ਵੀ ਸਿਫ਼ਰਕਾਲ ਦੌਰਾਨ ਸਪੀਕਰ ਨੇ ਟੀਨੂੰ ਨੂੰ ਸਖ਼ਤ ਲਹਿਜ਼ੇ 'ਚ ਚਿਤਾਵਨੀ ਦਿੱਤੀ। ਸਪੀਕਰ ਨੇ ਕਿਹਾ ਕਿ ਗਰਮੀ ਨਾ ਖਾਓ। ਇਸ 'ਤੇ ਟੀਨੂੰ ਨੇ ਸਪੀਕਰ ਖ਼ਿਲਾਫ਼ ਪੋਸਟਰ ਦਿਖਾਉਣੇ ਸ਼ੁਰੂ ਕਰ ਦਿੱਤੇ। ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ ਟੀਨੂੰ ਖ਼ਿਲਾਫ਼ ਨਿੰਦਾ ਪ੍ਰਸਤਾਵ ਲਿਆਉਣ ਦਾ ਵੀ ਮਤਾ ਰੱਖਿਆ ਸੀ। ਉਦੋਂ ਟੀਨੂੰ ਇਕੱਲੇ ਹੀ ਵੈੱਲ 'ਚ ਨਾਅਰੇਬਾਜ਼ੀ ਕਰ ਰਹੇ ਸਨ। ਪਵਨ ਟੀਨੂੰ ਦਾ ਮਾਮਲਾ ਪੰਜਾਬ ਵਿਧਾਨ ਸਬਾ ਪ੍ਰਿਵਿਲੇਜ ਕਮੇਟੀ ਨੂੰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪਾਵਰ ਐਗਰੀਮੈਂਟ ਸਬੰਧੀ ਸਰਕਾਰ ਨੂੰ ਘੇਰਿਆ। ਕਿਹਾ ਕਿ ਕਿਵੇਂ ਦੇ ਹਾਲਾਤ ਬਣ ਗਏ, ਕੈਬਨਿਟ ਕਮੇਟੀ ਬਣਾ ਦਿੰਦੇ ਹਨ। ਕਦੀ ਸਬ-ਕਮੇਟੀ ਬਣਾ ਦਿਉ, ਜਦੋਂ ਕੋਈ ਕੰਮ ਨਹੀਂ ਕਰਨਾ ਤਾਂ ਵ੍ਹਾਈਟ ਪੇਪਰ ਲੈ ਆਓ, ਇਸ ਲਈ ਹਾਊਸ ਦੀ ਕਮੇਟੀ ਬਣਾ ਦਿਉ। ਕਮੇਟੀ ਜਿਹੜੀ ਤਿੰਨ ਹਫ਼ਤਿਆਂ 'ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵੇ। ਉੱਥੇ ਹੀ ਉਨ੍ਹਾਂ ਕਿਹਾ ਕਿ 5 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਿਸਨੇ ਪਾੜੇ, ਪਤਾ ਨਹੀਂ ਚੱਲ ਸਕਿਆ। ਕਾਂਗਰਸ ਦੀ ਸਰਕਾਰ ਬਣਿਆ ਤਿੰਨ ਸਾਲ ਹੋ ਗਏ ਹਨ। ਹਾਲੇ ਤਕ ਦੋਸ਼ੀ ਨਹੀਂ ਫੜੇ ਗਏ।

ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਜਟ ਸੈਸ਼ਨ ਦੌਰਾਨ ਸਦਨ 'ਚ ਇਹ ਐਲਾਨ ਕਰਦਿਆਂ ਕਿਹਾ ਕਿ ਵ੍ਹਾਈਟ ਪੇਪਰ ਤਿਆਰ ਹੈ ਪਰ ਇਸ ਨੂੰ ਸਦਨ 'ਚ ਰੱਖਣ ਤੋਂ ਪਹਿਲਾਂ ਇਸ 'ਤੇ ਹਾਲੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ। ਕਾਬਿਲੇ ਗ਼ੌਰ ਹੈ ਕਿ ਇਹ ਫ਼ੈਸਲਾ ਸੋਮਵਾਰ ਨੂੰ ਕੈਬਨਿਟ ਦੀ ਮੀਟਿੰਗ 'ਚ ਹੀ ਲਿਆ ਗਿਆ ਸੀ। ਜਾਗਰਣ ਨੇ ਇਸ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੁੱਖ ਮੰਤਰੀ ਨੇ ਰਾਜਪਾਲ ਦੇ ਭਾਸ਼ਣ ਦਾ ਉੱਤਰ ਦੇਣ ਸਮੇਂ ਬੇਸ਼ੱਕ ਕਿਹਾ ਹੋਵੇ ਕਿ ਸਰਕਾਰ ਬਜਟ ਸੈਸ਼ਨ 'ਚ ਵ੍ਹਾਈਟ ਪੇਪਰ ਲਿਆ ਕੇ ਅਕਾਲੀਆਂ ਦੇ ਕਾਰਨਾਮਿਆਂ ਨੂੰ ਜਨਤਾ ਸਾਹਮਣੇ ਰੱਖੇਗੀ ਪਰ ਇਸ 'ਤੇ ਮੰਤਰੀ ਤੇ ਬਿਊਰੋਕ੍ਰੇਸੀ 'ਚ ਸਹਿਮਤੀ ਨਹੀਂ ਬਣੀ ਹੈ। ਇਹ ਵ੍ਹਾਈਟ ਪੇਪਰ ਨਹੀਂ ਆਵੇਗਾ।

ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਤੇ ਸਨਅਤਾਂ ਨੂੰ ਸਬਸਿਡੀ 'ਤੇ ਬਿਜਲੀ ਦੇਣ ਦੇ ਨਾਲ-ਨਾਲ ਘਰੇਲੂ ਖਪਤਕਾਰਾਂ ਨੂੰ ਕਿਫ਼ਾਇਤੀ ਦਰਾਂ 'ਤੇ ਬਿਜਲੀ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪਾਵਰ ਪਰਚੇਜ਼ ਐਗਰੀਮੈਂਟ ਨੂੰ ਡੂੰਘਾਈ ਨਾਲ ਜਾਂਚਣ ਦੀ ਜ਼ਰੂਰਤ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 16 ਮਾਰਚ ਨੂੰ ਸੁਪਰੀਮ ਕੋਰਟ 'ਚ ਸਰਕਾਰ ਵੱਲੋਂ ਦਾਇਰ ਕੀਤੀ ਗਈ ਕਿਊਰੇਟਿਵ ਪਟੀਸ਼ਨ 'ਤੇ ਸੁਣਵਾਈ ਵੀ ਹੋਣੀ ਹੈ।

Posted By: Seema Anand