ਜੈ ਸਿੰਘ ਛਿਬੱਰ/ ਨਿਰਮਲ ਸਿੰਘ ਮਨਸ਼ਾਹੀਆ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਅੱਜ ਦਾ ਸੈਸ਼ਨ ਖਤਮ ਹੋ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਰਾਜਪਾਲ ਵੀਪੀ ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਸਦਨ ਦੀ ਕਾਰਵਾਈ ਦੀ ਸ਼ੁਰੂਆਤ ਹੁੰਦਿਆਂ ਹੀ ਹੰਗਾਮਾ ਹੋ ਗਿਆ। ਪਹਿਲਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਤੇ ਵਿਰੋਧ ਜਤਾਉਂਦਿਆਂ ਸਦਨ ਤੋਂ ਵਾਕਆਊਟ ਕੀਤਾ ਤੇ ਬਾਅਦ 'ਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਸਦਨ ਤੋਂ ਚੱਲੇ ਗਏ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਛੁਣਛਣਾ ਵਜਾ ਕੇ ਵਿਰੋਧ ਕੀਤਾ।
ਸ਼੍ਰੋਅਦ ਨੇ ਰਾਜਪਾਲ ਦੇ ਭਾਸ਼ਣ ਨੂੰ ਦੱਸਿਆ ਪੁਰਾਣਾ, ਝੁਣਝਣਾ ਲੈ ਕੇ ਕੀਤਾ ਪ੍ਰਦਰਸ਼ਨ
ਰਾਜਪਾਲ ਨੇ ਜਿਵੇਂ ਹੀ ਆਪਣਾ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ, ਅਕਾਲੀ ਦਲ ਦੇ ਵਿਧਾਇਕਾਂ ਨੇ ਕੁਰਸੀਆਂ ਤੋਂ ਉੱਠ ਕੇ ਕਿਹਾ ਕਿ ਰਾਜਪਾਲ ਦੇ ਭਾਸ਼ਣ 'ਚ ਕੁਝ ਵੀ ਨਹੀਂ ਹੈ। ਅਕਾਲੀ ਦਲ ਨੇ ਇਜਲਾਸ 'ਚ ਬਿਜਲੀ ਦਰਾਂ ਦਾ ਮੁੱਦਾ ਚੁੱਕਿਆ ਤੇ ਕਥਿਤ ਬਿਜਲੀ ਘੁਟਾਲੇ ਮਾਮਲੇ ਦੀ ਜਾਂਚ ਦੀ ਮੰਗ ਕਰਨ ਨੂੰ ਕਿਹਾ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਅਕਾਲੀ ਦਲ ਦੇ ਵਿਧਾਇਕਾਂ ਨੇ ਹੱਥਾਂ 'ਚ ਝੁਣਝੁਣੇ ਫੜ ਕੇ ਪੰਜਾਬ ਸਰਕਾਰ ਨੂੰ ਘਰ-ਘਰ ਨੌਕਰੀ ਦੇਣ ਵਾਅਦੇ, ਮੋਬਾਈਲ ਫ਼ੋਨ ਦੇ ਵਾਅਦੇ ਅਤੇ ਕਿਸਾਨਾਂ ਕਰਜ਼ਾ ਮਾਫੀ ਦੇ ਵਾਅਦੇ ਯਾਦ ਕਰਵਾਏ। ਇਸ ਮੌਕੇ ਅਕਾਲੀ ਦਲ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਤਨਜ਼ ਕਸੇ ਤੇ ਲੋਕਾਂ ਦੇ ਵਾਅਦਿਆਂ ਤੋਂ ਭੱਜਣ ਦਾ ਇਲਜ਼ਾਮ ਵੀ ਲਗਾਇਆ। ਅਕਾਲੀ ਦਲ ਦੇ ਵਿਧਾਇਕਾਂ ਨੇ ਮੁਲਾਜ਼ਮ ਮੰਗਾਂ ਦੀ ਆਵਾਜ਼ ਵੀ ਉਠਾਈ ਤੇ ਮੰਗ ਕੀਤੀ ਕਿ ਬਿਜਲੀ ਦੇ ਮੁੱਦੇ ਉੱਪਰ ਹੋਏ ਘੁਟਾਲੇ ਦੀ ਜਾਂਚ ਕਰਵਾਈ ਜਾਵੇ।


Posted By: Amita Verma