ਜੇਐੱਨਐੱਨ/ਜੈ ਸਿੰਘ ਛਿੱਬਰ, ਚੰਡੀਗੜ੍ਹ : Punjab Assembly Budget Session 'ਚ ਮੰਗਲਵਾਰ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਹੋ ਗਿਆ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਹੰਗਾਮਾ ਕੀਤਾ। ਵਿਰੋਧੀ ਵਿਧਾਇਕ ਸਦਨ ਦੇ ਵੈੱਲ 'ਚ ਆ ਗਏ ਤੇ ਨਾਅਰੇਬਾਜ਼ੀ ਕਰਨ ਲੱਗੇ। ਉਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕੀਤਾ। ਸਦਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਸ਼ੂ ਦਾ ਪੂਰਾ ਬਚਾਅ ਕੀਤਾ ਤੇ ਵਿਰੋਧੀ ਧਿਰ ਦੇ ਹਮਲਿਆਂ ਦਾ ਜਵਾਬ ਦਿੱਤਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ।

ਇਸ ਤੋਂ ਬਾਅਦ ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ 'ਤੇ 20 ਡਾਲਰ ਦੀ ਸ਼ਰਤ ਹਟਾਉਣ ਦੀ ਮੰਗ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 20 ਡਾਲਰ ਦੀ ਫੀਸ 'ਚੋਂ 10 ਡਾਲਰ SGPC ਵੱਲੋਂ ਦੇਣ ਦਾ ਮਤਾ ਵੀ ਪਾਸ ਕਰਵਾਇਆ ਜਾਵੇ। ਮੁੱਖ ਮੰਤਰੀ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਉਹ ਕੇਂਦਰ ਸਰਕਾਰ ਨਾਲ ਰਾਬਤਾ ਕਰਨਗੇ।

ਮੁੱਖ ਮੰਤਰੀ ਨੇ ਕੀਤਾ ਡੀਜੀਪੀ ਦਿਨਕਰ ਗੁਪਤਾ ਦਾ ਬਚਾਅ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀਜੀਪੀ ਦਾ ਬਿਆਨ ਸਹੀਂ ਨਹੀਂ ਹੈ। ਪਾਕਿਸਤਾਨ ਜਿਸ ਤਰ੍ਹਾਂ ਨਾਲ ਪੰਜਾਬ 'ਚ ਗੜਬੜੀ ਫੈਲਾਉਣ ਲੱਗਾ ਹੈ, ਇੱਥੇ ਦੇ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਲਈ ਡਰੋਨ, ਅੱਤਵਾਦੀ, ਹਥਿਆਰ ਤੇ ਆਰਡੀਐਕਸ ਵਰਗਾ ਸਾਮਾਨ ਭੇਜਿਆ ਜਾ ਰਿਹਾ ਹੈ, ਉਸ ਲਈ ਪੁਲਿਸ ਫੋਰਸ ਦਾ ਪਰੇਸ਼ਾਨ ਰਹਿਣਾ ਲਾਜ਼ਮੀ ਹੈ ਪਰ ਡੀਜੀਪੀ ਦਾ ਇਸ ਤਰ੍ਹਾਂ ਦਾ ਬਿਆਨ ਠੀਕ ਨਹੀਂ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਤੋਂ ਕਦੇ ਵੀ ਗ਼ਲਤੀ ਹੋ ਸਕਦੀ ਹੈ ਤੇ ਇਸ ਲਈ ਡੀਜੀਪੀ ਨੇ ਮਾਫ਼ੀ ਵੀ ਮੰਗ ਲਈ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਇਸ ਮੁੱਦੇ 'ਤੇ ਹੋਰ ਗੱਲਬਾਤ ਕੀਤੀ ਜਾਣੀ ਚਾਹੀਦੀ। ਹਾਲਾਂਕਿ ਮੁੱਖ ਮੰਤਰੀ ਦੇ ਬਿਆਨ ਨਾਲ ਵਿਰੋਧੀ ਪੂਰੀ ਤਰ੍ਹਾਂ ਸਹਿਮਤ ਨਹੀਂ ਸਨ, ਫਿਰ ਵੀ ਮੁੱਖ ਮੰਤਰੀ ਡੀਜੀਪੀ ਦਾ ਬਚਾਅ ਕਰਨ 'ਚ ਸਫ਼ਲ ਰਹੇ।

Posted By: Amita Verma