Punjab Assembly Budget Session 2022 : ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਦੂਜੇ ਦਿਨ ਦੀ ਕਾਰਵਾਈ ਸੋਮਵਾਰ ਤਕ ਮੁਲਤਵੀ ਕਰ ਦਿੱਤੀ ਗਈ ਹੈ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਅਗਲੇ ਸੈਸ਼ਨ ਤੋਂ ਸਿਫ਼ਰ ਕਾਲ ਦੌਰਾਨ ਵਿਧਾਇਕ ਪਹਿਲਾਂ ਲਿਖ ਕੇ ਸਵਾਲ ਦੇਣਗੇ। ਸਾਰੇ ਵਿਧਾਇਕਾਂ ਨੇ ਸਪੀਕਰ ਦੀ ਤਜਵੀਜ਼ 'ਤੇ ਮੋਹਰ ਲਗਾਈ। ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤੀ ਹਾਲਤ ਬਾਰੇ ਸਫ਼ੈਦ ਪੱਤਰ ਸਦਨ 'ਚ ਪੇਸ਼ ਕੀਤਾ। ਮੁੱਖ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ 'ਚ ਭ੍ਰਿਸ਼ਟਾਚਾਰ ਕਰਨ ਵਾਲੇ ਬਚਾਏ ਨਹੀਂ ਜਾਣਗੇ। ਕੋਈ ਝੂਠੇ ਵਾਅਦੇ ਨਹੀਂ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਕ ਵਿਧਾਇਕ ਇੱਕ ਪੈਨਸ਼ਨ ਦਾ ਬਿਲ ਇਸੇ ਸੈਸ਼ਨ 'ਚ ਲਿਆਂਦਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੌ ਦਿਨਾਂ 'ਚ ਇਤਿਹਾਸਕ ਫ਼ੈਸਲੇ ਲਏ ਹਨ।

ਭਗਵੰਤ ਮਾਨ ਨੇ ਕਿਹਾ- ਫੀਸ ਨਿਯਮਾਂ ਦੀ ਉਲੰਘਣਾਂ 'ਤੇ ਸਕੂਲਾਂ ਦੀ NOC ਹੋਵੇਗੀ ਰੱਦ, ਸੂਬੇ 'ਚ ਸੱਤ ਨਵੇਂ ਟਰੇਨਿੰਗ ਫਾਰ ਟ੍ਰੇਨਰ ਸੈਂਟਰ ਖੋਲ੍ਹੇ ਜਾਣਗੇ

ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਸਿੱਖਿਆ ਦੇ ਖੇਤਰ 'ਚ ਵੱਡਾ ਸੁਧਾਰ ਲਿਆਉਣ ਲਈ ਵਚਨਬੱਧ ਹੈ। ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੀਸਾਂ ਲੈਣ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ। ਭਗਵੰਤ ਮਾਨ ਨੇ ਅੱਜ ਫਿਰ ਦੁਹਰਾਇਆ ਕਿ ਅਧਿਆਪਕਾਂ ਤੋਂ ਸਿਰਫ਼ ਸਿੱਖਿਆ ਦਾ ਕੰਮ ਲਿਆ ਜਾਵੇਗਾ ਜਲਦ ਹੀ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇਣ ਲਈ 19 ਸਰਕਾਰੀ ਆਈਟੀਆਈ ਖੋਲ੍ਹੀਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਬੇਰੁਜ਼ਗਾਰੀ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿਚ ਜਾ ਰਹੇ ਹਨ। ਪਿਛਲੀਆਂ ਸਰਕਾਰਾਂ ਨੇ ਰੁਜ਼ਗਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਬਲਕਿ ਲਾਹੌਰ ਰੁਜ਼ਗਾਰ ਮੰਗਦਿਅ‌ਂ ਨੂੰ ਪਾਣੀ ਦੀਆਂ ਬੁਛਾੜਾਂ ਤੇ ਲਾਠੀਆਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਸੱਤ ਨਵੇਂ ਟਰੇਨਿੰਗ ਫਾਰ ਟ੍ਰੇਨਰ ਸੈਂਟਰ ਖੋਲ੍ਹੇ ਜਾਣਗੇ ਜਿਸ ਤਹਿਤ 15 ਹਜ਼ਾਰ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਦਰਾਂ ਅਗਸਤ ਤੋਂ ਪਿੰਡਾਂ ਤੇ ਸ਼ਹਿਰਾਂ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕਮਜੋਰ ਵਰਗਾਂ ਲਈ ਪੱਚੀ ਹਜ਼ਾਰ ਮਕਾਨ ਬਣਾਉਣ ਦੀ ਯੋਜਨਾ ਹੈ। ਮਕ‍ਾਨਾਂ ਦੇ ਬਾਕਾਇਦਾ ਨਕਸ਼ੇ ਬਣਾਏ ਜਾ ਰਹੇ ਹਨ। CM ਨੇ ਕਿਹਾ 985 ਕਿਸਾਨਾਂ ਨੇ ਸਿੱਧੀ ਬਜਾਈ ਨਾਲ ਝੋਨਾ ਲਾਇਆ ਹੈ।

ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਊਟ

ਵਿਰੋਧੀ ਧਿਰ ਨੇ ਰਾਜਪਾਲ ਦੇ ਭਾਸ਼ਣ ਸਮਾਂ ਨਾ ਦੇਣ 'ਤੇ ਵਿਰੋਧ ਕੀਤਾ। ਕਾਂਗਰਸੀ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਲਿਆ।ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਲਈ ਬਹੁਤ ਵੱਡੀ ਦਿੱਕਤ ਹੈ ਕਿ ਬਾਹਰ ਲੋਕ ਨਹੀਂ ਸੁਣਦੇ। ਇਥੇ ਆਪਣੀ ਗੱਲ ਕਹਿ ਕੇ ਤੁਰ ਜਾਂਦੇ ਹਨ ਇਨ੍ਹਾਂ ਨੂੰ ਸੁਣਨ ਦੀ ਆਦਤ ਨਹੀਂ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਖਿਲਾਫ ਸਖ਼ਤੀ ਵਰਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜੇਲ੍ਹਾਂ ਨੂੰ ਅਤਿ ਸੁਰੱਖਿਅਤ ਜੇਲ੍ਹਾਂ ਵਜੋਂ ਵਿਕਸਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਤੇ ਐੱਸਟੀਐੱਫ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਨਸ਼ਿਆਂ ਨਾਲ ਸਾਂਝ ਪਾਉਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਮਾਮਲੇ 'ਚ ਢਿੱਲ ਵਰਤਣ ਵਾਲੇ ਅਫ਼ਸਰ ਖੁਦ ਜ਼ਿੰਮੇਵਾਰ ਹੋਣਗੇ।

ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਸਿੱਖਿਆ ਦੇ ਖੇਤਰ 'ਚ ਵੱਡਾ ਸੁਧਾਰ ਲਿਆਉਣ ਲਈ ਵਚਨਬੱਧ ਹੈ। ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੀਸਾਂ ਲੈਣ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ।

ਵਿੱਤ ਮੰਤਰੀ ਦੀ ਮਿੱਲ ਮਾਲਕਾਂ ਨੂੰ ਚਿਤਾਵਨੀ; ਕਿਸਾਨਾਂ ਦਾ ਬਕਾਇਆ ਨਾ ਦੇਣ 'ਤੇ ਜ਼ਬਤ ਹੋਵੇਗੀ ਪ੍ਰਾਪਰਟੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ 'ਚ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਬਕਾਏ ਦੀ ਅਦਾਇਗੀ ਨਾ ਕਰਨ ਵਾਲੀਆਂ ਨਿੱਜੀ ਖੰਡ ਮਿੱਲਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਵਾਲ ਦੇ ਜਵਾਬ 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਚੌਕਸ ਤੇ ਚਿੰਤਤ ਹੈ। ਜੇਕਰ ਨਿੱਜੀ ਖੰਡ ਮਿੱਲਾਂ ਨੇ ਕਿਸਾਨਾਂ ਦੇ ਬਕਾਏ ਦੀ ਅਦਾਇਗੀ ਨਾ ਕੀਤੀ ਤਾਂ ਮਿੱਲਾਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਜਾਣਗੀਆਂ। ਕਿਸਾਨਾਂ ਦਾ ਕਰੀਬ 313 ਕਰੋੜ ਰੁਪਏ ਮਿੱਲਾਂ ਵੱਲ ਬਕਾਇਆ ਹੈ।

ਸੁਖਬਿੰਦਰ ਸਰਕਾਰੀਆ ਤੇ ਹਰਜੋਤ ਬੈਂਸ ਵਿਚਕਾਰ ਬਹਿਸਬਾਜ਼ੀ

ਹਰਪਾਲ ਚੀਮਾ ਮੰਤਰੀ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਨੇ ਨਵੇਂ ਸਾਲ ਦੇ ਬਜਟ 'ਚ 323 ਕਰੋੜ ਰੁਪਏ ਮੰਗੇ ਹਨ। ਇਸ ਦੌਰਾਨ ਸਦਨ 'ਚ ਮਹਿੰਗੀ ਰੇਤ ਨੂੰ ਲੈ ਕੇ ਸਾਬਕਾ ਮਾਈਨਿੰਗ ਮੰਤਰੀ ਸੁਖਬਿੰਦਰ ਸਰਕਾਰੀਆ ਤੇ ਮੌਜੂਦਾ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਵਿਚਾਲੇ ਹੰਗਾਮਾ ਹੋਇਆ। ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਕੀ ਕੇਜਰੀਵਾਲ ਨੇ ਕਿਹਾ ਸੀ ਕਿ ਰੇਤ ਦੀ ਨਿਲਾਮੀ ਨਾਲ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚ 20 ਹਜ਼ਾਰ ਕਰੋੜ ਰੁਪਏ ਆਉਣਗੇ। ਜੇਕਰ ਨਹੀਂ ਆਇਆ ਤਾਂ ਕੀ ਮੰਤਰੀ 'ਤੇ ਕਾਰਵਾਈ ਹੋਵੇਗੀ ਜਿਹੜੇ ਇੱਥੇ ਦਾਅਵੇ ਕਰ ਰਹੇ ਹਨ।

ਖਣਨ ਮੰਤਰੀ ਹਰਜੋਤ ਬੈੰਸ ਨੇ ਸਦਨ ਵਿਚ ਦੱਸਿਆ ਕਿ ਪੰਜਾਬ 'ਚ 16 ਮਾਰਚ 2022 ਤਕ ਨਾਜਾਇਜ਼ ਮਾਇਨਿੰਗ ਦੇ 277 ਕੇਸ ਦਰਜ ਹੋਏ ਹਨ। ਪਿਛਲੀ ਸਰਕਾਰ ਨੇ 108 ਕਰੋੜ ਰੁਪਏ ਐਡਵਾਂਸ ਰਾਹੀਂ ਪੂਰੀ ਨਹੀਂ ਲਈ...ਉਹ ਰਾਸ਼ੀ ਪੈਡਿੰਗ ਪਈ ਹੈ। ਬੈਂਸ ਨੇ ਕਿਹਾ ਕਿ ਮਾਈਨਿੰਗ ਗੰਭੀਰ ਮੁੱਦਾ ਕਿਸੇ ਵੀ ਵਿਧਾਇਕ ਨੇ ਧਰਤੀ ਨੂੰ ਲੋਕਾਂ ਲਈ ਖ਼ਤਮ ਕਰਨ 'ਚ ਕੋਈ ਕਸਰ ਨਹੀਂ ਛੱਡੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਿਆ ਹੈ। ਮਾਈਨਿੰਗ ਮਾਮਲੇ 'ਚ ਸਭ ਤੋਂ ਪਹਿਲਾਂ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਤੋਂ ਸ਼ੁਰੂ ਕੀਤੀ ਜਾਵੇ।

ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਗੰਭੀਰ ਮੁੱਦਾ ਹੈ। ਸਾਰਿਆਂ ਨੂੰ ਇਸ ਮਾਮਲੇ 'ਚ ਘਸੀਟਿਆ ਜਾ ਰਿਹਾ ਹੈ, ਇਸ ਲਈ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕਿਸੇ ਵੀ ਸਾਬਕਾ ਮੰਤਰੀ ਤੇ ਵਿਧਾਇਕ ਦਾ ਨਾਂ ਸਾਹਮਣੇ ਹੁੰਦਾ ਹੈ ਤਾਂ ਉਸ ਦਾ ਨਾਂ ਜਨਤਕ ਹੋਣਾ ਚਾਹੀਦਾ ਹੈ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਸੰਬੋਧਨ ਕਰਨਗੇ। ਉਹ ਕਾਨੂੰਨ ਵਿਵਸਥਾ 'ਤੇ ਵੀ ਸਰਕਾਰ ਦਾ ਪੱਖ ਰੱਖਣਗੇ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸਰਕਾਰ ਘਿਰ ਗਈ ਸੀ। 27 ਜੂਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਵਿਧਾਨ ਸਭਾ ਦਾ ਬਜਟ ਸੈਸ਼ਨ 30 ਜੂਨ ਤਕ ਚੱਲੇਗਾ।

Posted By: Seema Anand