ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸਦਨ ਵਿਚ ਕਾਫੀ ਗਰਮਾ-ਗਰਮੀ ਹੋਈ। ਕਾਨੂੰਨ-ਵਿਵਸਥਾ ਦੀ ਸਥਿਤੀ ’ਤੇ ਵਿਰੋਧੀ ਧਿਰ ਵੱਲੋਂ ਲਿਆਂਦਾ ਗਿਆ ਕੰਮ ਰੋਕੂ ਮਤਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਹ ਮਾਮਲਾ ਵਿਚਾਰ ਅਧੀਨ ਹੈ। ਇਸ ’ਤੇ ਵਿਰੋਧੀ ਵਿਧਾਇਕਾਂ ਨੇ ਕਾਫੀ ਹੰਗਾਮਾ ਕੀਤਾ ਅਤੇ ਵਾਕਆਊਟ ਕਰ ਗਏ। ਇਸ ਤੋਂ ਪਹਿਲਾਂ ਸਪੀਕਰ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਮਨਾ ਕੇ ਬਿਠਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਤੁਸੀਂ ਸਦਨ ਦੇ ਸਭ ਤੋਂ ਤਜਰਬੇਕਾਰ ਨੇਤਾ ਹੋ, ਇਸ ਲਈ ਤੁਹਾਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ।

ਇਸ ’ਤੇ ਵਿਰੋਧ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੂਰੇ ਪ੍ਰਦੇਸ਼ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਏਨੀ ਖ਼ਰਾਬ ਹੋ ਗਈ ਹੈ ਕਿ ਆਏ ਦਿਨ ਕਿਸੇ ਨਾ ਕਿਸੇ ਵਪਾਰੀ, ਨੇਤਾ ਅਤੇ ਆਮ ਵਿਅਕਤੀ ਨੂੰ ਫੋਨ ’ਤੇ ਫਿਰੌਤੀ ਮੰਗੀ ਜਾ ਰਹੀ ਹੈ। ਤਜਰਬਾ ਤਾਂ ਇੱਥੇ ਰਹਿ ਜਾਵੇਗਾ, ਜੇਕਰ ਸ਼ਾਮ ਨੂੰ ਕਿਸੇ ਨੇ ਗੋਲ਼ੀ ਮਾਰ ਦਿੱਤੀ। ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਤੋਂ ਪੁੱਛਿਆ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਵਿਚਾਰ ਅਧੀਨ ਮਾਮਲਾ ਕਿਵੇਂ ਹੋ ਸਕਦਾ ਹੈ। ਕੋਈ ਇਕ ਕੇਸ ਤਾਂ ਹੋ ਸਕਦਾ ਹੈ, ਪਰ ਸਾਰੇ ਮਾਮਲੇ ਕਿਵੇਂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਆਈ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਅਜਿਹੇ ਵਿਚ ਜੇਕਰ ਸਾਡੇ ਸੂਬੇ ਦੇ ਮੁੱਖ ਮੰਤਰੀ ਦੀ ਜਾਨ ਨੂੰ ਹੀ ਖ਼ਤਰਾ ਹੈ, ਤਾਂ ਇਸ ਤੋਂ ਵੱਡਾ ਮੁੱਦਾ ਕੀ ਹੋ ਸਕਦਾ ਹੈ। ਇਸ ’ਤੇ ਬਹਿਸ ਕਰਵਾਉਣ ਲਈ ਉਨ੍ਹਾਂ ਅੱਧੇ ਘੰਟੇ ਦਾ ਸਮਾਂ ਮੰਗਿਆ, ਪਰ ਸੰਧਵਾਂ ਨੇ ਕਿਹਾ ਕਿ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਸ਼ੁਰੂ ਹੋਣ ਵਾਲੀ ਹੈ। ਤੁਹਾਨੂੰ ਉਸ ਵਿਚ ਪੂਰਾ ਮੌਕਾ ਮਿਲੇਗਾ। ਉਸ ਵਿਚ ਆਪਣੀ ਗੱਲ ਰੱਖ ਲਓ। ਬਾਜਵਾ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਵੀ ਇਸ ਬਿਆਨ ਨਾਲ ਸਹਿਮਤ ਨਹੀਂ ਸਨ।

ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਵਿਧਾਇਕ ਵੀ ਨਾਅਰੇਬਾਜ਼ੀ ਕਰਦੇ ਹੋਏ ਵਿਧਾਨ ਸਭਾ ਸਪੀਕਰ ਦੇ ਆਸਨ ਸਾਹਮਣੇ ਆ ਗਏ। ਸੰਧਵਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨੂੰ ਕੱਲ੍ਹ ਸਮਾਂ ਦੇ ਦੇਣਗੇ ਅਤੇ ਮੁੱਖ ਮੰਤਰੀ ਵੀ ਇਸ ਮੁੱਦੇ ’ਤੇ ਆਪਣੀ ਗੱਲ ਰੱਖਣਗੇ, ਪਰ ਵਿਰੋਧੀ ਧਿਰ ਦੇ ਵਿਧਾਇਕ ਨਹੀਂ ਮੰਨੇ। ਅਕਾਲੀ ਦਲ ਦੇ ਤਿੰਨ ਅਤੇ ਬਸਪਾ ਦੇ ਇਕ ਵਿਧਾਇਕ ਨੂੰ ਛੱਡ ਕੇ ਬਾਕੀ ਸਾਰੇ ਵਾਕਆਊਟ ਕਰ ਗਏ।

ਸੈਸ਼ਨ ਨੂੰ ਲੰਬਾ ਕਰਨ ਦੀ ਰਵਾਇਤ ਸ਼ੁਰੂ ਹੋਣੀ ਚਾਹੀਦੀ : ਪਰਗਟ

ਵਿਧਾਨ ਸਭਾ ਸਪੀਕਰ ਨੇ ਬਿਜ਼ਨਸ ਅਡਵਾਈਜ਼ਰੀ ਕਮੇਟੀ ਦੀ ਰਿਪੋਰਟ ਸਦਨ ਵਿਚ ਪੇਸ਼ ਕੀਤੀ, ਤਾਂ ਉਸ ’ਤੇ ਵੀ ਵਿਧਾਇਕਾਂ ਨੇ ਕਾਫੀ ਹੰਗਾਮਾ ਕੀਤਾ। ਕਾਂਗਰਸ ਦੇ ਪਰਗਟ ਸਿੰਘ ਨੇ ਕਿਹਾ ਕਿ ਬਿਊਰੋਕ੍ਰੇਸੀ ਜੋ ਸਾਨੂੰ ਲਿਖ ਕੇ ਦੇ ਦਿੰਦੀ ਹੈ, ਅਸੀਂ ਉਸ ’ਤੇ ਆਪਣੀ ਗੱਲ ਕਹਿ ਦਿੰਦੇ ਹਾਂ। ਕੀ ਸਾਨੂੰ ਸੈਸ਼ਨ ਲੰਬਾ ਕਰ ਕੇ ਮੁੱਦਿਆਂ ’ਤੇ ਬਹਿਸ ਕਰ ਕੇ ਨਵੀਂ ਰਵਾਇਤ ਸ਼ੁਰੂ ਨਹੀਂ ਕਰਨੀ ਚਾਹੀਦੀ।

ਖਹਿਰਾ ਨੇ ਦਿਖਾਇਆ ਚੀਮਾ ਦਾ ਮੰਗ ਪੱਤਰ

ਸੁਖਪਾਲ ਸਿੰਘ ਖਹਿਰਾ ਨੇ 15 ਮਾਰਚ 2018 ਨੂੰ ਉਦੋਂ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੇ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਦਿੱਤਾ ਗਿਆ ਮੰਗ ਪੱਤਰ ਦਿਖਾਇਆ, ਜਿਸ ਵਿਚ ਕਿਹਾ ਗਿਆ ਸੀ ਕਿ ਬਜਟ ਸੈਸ਼ਨ ਦੀਆਂ ਘੱਟ ਤੋਂ ਘੱਟ 20 ਬੈਠਕਾਂ ਹੋਣੀਆਂ ਚਾਹੀਦੀਆਂ। ਖਹਿਰਾ ਨੇ ਕਿਹਾ ਕਿ ਜਦੋਂ ਤੁਸੀਂ ਵਿਰੋਧੀ ਧਿਰ ਵਿਚ ਸੀ 20 ਬੈਠਕਾਂ ਦੀ ਮੰਗ ਕਰ ਰਹੇ ਸੀ, ਅੱਜ ਖ਼ੁਦ ਇਸ ਨੂੰ ਛੇ ਬੈਠਕਾਂ ਤਕ ਸੀਮਤ ਕਰ ਦਿੱਤਾ। ਸੰਧਵਾਂ ਨੇ ਕਿਹਾ ਕਿ ਇਸ ਵਾਰ ਵੋਟ ਆਨ ਅਕਾਊਂਟ ਦੀ ਮਜਬੂਰੀ ਹੈ, ਅਗਲੀ ਵਾਰ ਇਸ ਨੂੰ ਵੱਡਾ ਰੱਖਾਂਗੇ।

Posted By: Shubham Kumar