ਚੰਡੀਗੜ੍ਹ: ਪੰਜਾਬ ਆਰਟਸ ਕੌਂਸਲ ਵਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਚੇਅਰਮੈਨ ਡਾ ਸੁਰਜੀਤ ਪਾਤਰ ਦੀ ਅਗਵਾਈ ਹੇਠ ਲੱਗਣ ਵਾਲਾ ਸਲਾਨਾ ਡਾ ਐਮ ਐਸ ਰੰਧਾਵਾ ਕਲਾ ਉਤਸਵ ਡਾ ਰੰਧਾਵਾ ਦੇ ਜਨਮ ਦਿਨ ਮੌਕੇ 2 ਫਰਵਰੀ ਨੂੰ ਸ਼ੁਰੂ ਹੋ ਕੇ 6 ਫਰਵਰੀ ਤਕ ਚੱਲੇਗਾ। ਆਰਟਸ ਕੌਂਸਲ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਤੇ ਉਪ ਚੇਅਰਮੈਨ ਡਾ ਯੋਗਰਾਜ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਤੇ ਵਿਸ਼ੇਸ਼ ਮਹਿਮਾਨ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਗਗਨ ਮਾਨ ਅਨਮੋਲ ਹੋਣਗੇ। ਆਰਟਸ ਕੌਂਸਲ ਦੇ ਸਕੱਤਰ ਡਾ ਲਖਵਿੰਦਰ ਜੌਹਲ ਤੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਪ੍ਰੋਗਰਾਮਾਂ ਦੇ ਵੇਰਵੇ ਜਾਰੀ ਕਰਦਿਆਂ ਕਿਹਾ ਕਿ ਸ਼ੁਰੂਆਤੀ ਦਿਨ ਉਤੇ ਪੰਜਾਬ ਦੇ ਕਲਾ ਖੇਤਰ ਦੀਆਂ ਵੱਖ ਵੱਖ ਹਸਤੀਆਂ ਨੂੰ 'ਪੰਜਾਬ ਗੌਰਵ ਪੁਰਸਕਾਰ' ਭੇਟ ਹੋਣਗੇ। ਜਿੰਨਾ ਵਿਚ ਗੀਤਕਾਰ ਬਾਬੂ ਸਿੰਘ ਮਾਨ, ਲੇਖਕ ਓਮ ਪ੍ਰਕਾਸ਼ ਗਾਸੋ,ਨਾਵਲਕਾਰ ਮਨਮੋਹਨ ਬਾਵਾ,ਚਿਤਰਕਾਰ ਸਿਧਾਰਥ, ਲੋਕ ਗਾਇਕ ਪੂਰਨ ਚੰਦ ਵਡਾਲੀ,ਅਨੁਪਮ ਸੂਦ,ਸ਼ੰਨੋ ਖੁਰਾਣਾ, ਸੰਪਾਦਕ ਤੇ ਨਾਟਕਕਾਰ ਡਾ ਸਵਰਾਜਬੀਰ ਦੇ ਨਾਂ ਸ਼ਾਮਿਲ ਹਨ। ਪੁਰਸਕਾਰ ਭੇਟ ਦੀ ਰਸਮ ਬਾਅਦ ਹੀਰ ਵਾਰਿਸ ਦਾ ਪਰੰਪਰਾਗਤ ਗਾਇਨ ਹੋਵੇਗਾ। ਆਰਟਸ ਕੌਂਸਲ ਵਲੋਂ ਬਾਅਦ ਦੁਪਹਿਰ 3 ਵਜੇ ਸਰੋਤਿਆਂ ਨੂੰ ਇਸ ਮੇਲੇ ਵਿਚ ਸ਼ਿਰਕਤ ਕਰਨ ਦਾ ਖੁੱਲਾ ਸੱਦਾ ਦਿੱਤਾ ਗਿਆ ਹੈ।

Posted By: Sandip Kaur