ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸ਼ਨਿਚਰਵਾਰ ਨੂੰ ਤਿੰਨ ਨਵੇਂ ਜੱਜ ਮਿਲ ਗਏ। ਹਾਈ ਕੋਰਟ 'ਚ ਵਧੀਕ ਜੱਜ ਵਜੋਂ ਨਿਯੁਕਤੀ ਲਈ ਸੁਵੀਰ ਸਹਿਗਲ, ਗਿਰੀਸ਼ ਅਗਨੀਹੋਤਰੀ ਤੇ ਅਲਕਾ ਸਰੀਨ ਦੇ ਨਾਂਵਾਂ 'ਤੇ ਰਾਸ਼ਟਰਪਤੀ ਦੀ ਸਹਿਮਤੀ ਤੋਂ ਬਾਅਦ ਸ਼ਨਿਚਰਵਾਰ ਸ਼ਾਮ ਨੂੰ ਤਿੰਨੋਂ ਨਵੇਂ ਜੱਜਾਂ ਨੂੰ ਸਹੁੰ ਚੁਕਾਈ ਗਈ।

ਹਾਈ ਕੋਰਟ 'ਚ ਮੁੱਖ ਜੱਜ ਰਵੀ ਸ਼ੰਕਰ ਝਾਅ ਨੇ ਤਿੰਨੋਂ ਨਵੇਂ ਜੱਜਾਂ ਨੂੰ ਸਹੁੰ ਚੁਕਵਾਈ। ਇਸ ਮੌਕੇ ਹਾਈ ਕੋਰਟ ਦੇ ਸਾਰੇ ਜੱਜ ਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਸ਼ਾਮਲ ਸਨ।

ਹਾਈ ਕੋਰਟ ਦੇ ਮੁੱਖ ਜੱਜ ਕ੍ਰਿਸ਼ਨ ਮੁਰਾਰੀ ਦੀ ਅਗਵਾਈ ਵਾਲੇ ਕੋਲੇਜੀਅਮ ਨੇ 19 ਜਨਵਰੀ ਨੂੰ ਅੱਠ ਵਕੀਲਾਂ ਦੇ ਨਾਂ ਜੱਜ ਵਜੋਂ ਨਿਯੁਕਤੀ ਲਈ ਭੇਜੇ ਸਨ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇਸ ਸਮੇਂ 48 ਜੱਜ ਹਨ ਜਦਕਿ ਹਾਈ ਕੋਰਟ 'ਚ 85 ਜੱਜਾਂ ਦੀਆਂ ਅਸਾਮੀਆਂ ਮਨਜ਼ੂਰਸ਼ੁਦਾ ਹਨ। ਤਿੰਨ ਨਵੇਂ ਜੱਜਾਂ ਦੀ ਨਿਯੁਕਤੀ ਨਾਲ ਜੱਜਾਂ ਦੀ ਗਿਣਤੀ 48 ਤੋਂ ਵਧ ਕੇ 51 ਹੋ ਗਈ ਹੈ।