ਸਟੇਟ ਬਿਊਰੋ, ਚੰਡੀਗੜ੍ਹ : ਕਿਤੇ ਕੋਰੋਨਾ ਮਰੀਜ਼ਾਂ ਦੇ ਅੰਗਾਂ ਦੀ ਤਸਕਰੀ ਤਾਂ ਨਹੀਂ ਹੋ ਰਹੀ? ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਇਸ ਖਦਸ਼ੇ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਇਸ ਲਈ ਪੁਲਿਸ ਇਸ ਦੀ ਜਾਂਚ ਕਰੇ ਤੇ ਇਕ ਮਹੀਨੇ 'ਚ ਰਿਪੋਰਟ ਸੌਂਪੇ। ਹਾਈ ਕੋਰਟ ਨੇ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਕੋਰੋਨਾ ਕਾਰਨ ਮਰੇ 92 ਸਾਲਾ ਪ੍ਰਰੀਤਮ ਸਿੰਘ ਦੀ ਲਾਸ਼ ਬਦਲੇ ਜਾਣ ਦੀ ਸੁਣਵਾਈ ਕਰਦਿਆਂ ਇਹ ਹੁਕਮ ਸ਼ੁੱਕਰਵਾਰ ਨੂੰ ਦਿੱਤੇ। ਅਦਾਲਤ ਨੇ ਇਸ ਮਾਮਲੇ ਦੀ ਜਾਂਚ ਅੰਮਿ੍ਤਸਰ ਦੇ ਐੱਸਡੀਐੱਮ ਤੋਂ ਵਾਪਸ ਲੈ ਕੇ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਨੂੰ ਸੌਂਪ ਦਿੱਤੀ ਹੈ।

ਪਟੀਸ਼ਨਕਰਤਾ ਨੇ ਕੋਰੋਨਾ ਲਾਗ ਦੀ ਆੜ 'ਚ ਮਨੁੱਖੀ ਅੰਗਾਂ ਦੀ ਤਸਕਰੀ ਤੇ ਇਸ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਦੇ ਅੰਗਾਂ ਨੂੰ ਗ਼ੈਰ-ਕੋਵਿਡ ਵਿਅਕਤੀਆਂ ਦੇ ਲਾਉਣ ਸਬੰਧੀ ਅਦਾਲਤ 'ਚ ਮੀਡੀਆ ਰਿਪੋਰਟ ਪੇਸ਼ ਕੀਤੀਆਂ ਸਨ। ਇਸ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਪੁਲਿਸ ਕਮਿਸ਼ਨਰ ਨੂੰ ਵਿਸਥਾਰਤ ਜਾਂਚ ਕਰ ਕੇ ਇਕ ਮਹੀਨੇ 'ਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਇਹ ਪਟੀਸ਼ਨ ਮਿ੍ਤਕ ਪ੍ਰਰੀਤਮ ਸਿੰਘ ਦੇ ਪੂੱਤਰ ਗੁਰਚਰਨਜੀਤ ਸਿੰਘ ਤੇ ਹੋਰਨਾਂ ਨੇ ਦਾਇਰ ਕੀਤੀ ਹੈ। ਪ੍ਰਰੀਤਮ ਸਿੰਘ ਦੀ ਜਗ੍ਹਾ ਇਕ ਔਰਤ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਜੱਜ ਹਰਨਰੇਸ਼ ਸਿੰਘ ਗਿੱਲ ਨੇ ਕਿਹਾ ਕਿ ਕੋਰੋਨਾ ਦੇ ਇਸ ਦੌਰ 'ਚ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਾਮਿਆਂ ਨੂੰ ਕੋਰੋਨਾ ਵਾਰੀਅਰਜ਼ ਕਹਿ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਪਰ ਮਨੁੱਖੀ ਅੰਗਾਂ ਦੀ ਤਸਕਰੀ ਦੇ ਰੈਕੇਟ ਸਬੰਧੀ ਮੀਡੀਆ ਰਿਪੋਰਟਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮਨੁੱਖੀ ਅੰਗਾਂ ਦੀ ਤਸਕਰੀ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਦਿਆਂ ਅਦਾਲਤ ਨੇ ਕਿਹਾ ਕਿ ਜੇ ਇਸ ਮਾਮਲੇ 'ਚ ਸੱਚਮੁੱਚ ਮਨੁੱਖੀ ਅੰਗਾਂ ਦੀ ਤਸਕਰੀ ਦਾ ਕੋਈ ਗੈਂਗ ਸ਼ਾਮਲ ਹੈ ਤਾਂ ਅਜਿਹੇ ਗ਼ੈਰ ਮਨੁੱਖੀ ਤੇ ਘ੍ਰਿਣਾਯੋਗ ਅਪਰਾਧ ਕਰਨ ਵਾਲਿਆਂ ਨੂੰ ਫੜ੍ਹਿਆ ਜਾਣਾ ਜ਼ਰੂਰੀ ਹੈ। ਅਦਾਲਤ ਨੇ ਕਿਹਾ ਕਿ ਵਿਵਸਥਾ 'ਚ ਆਮ ਲੋਕਾਂ ਦਾ ਯਕੀਨ ਬਣਾਈ ਰੱਖਣ ਲਈ ਇਸ ਨੂੰ ਸਾਫ਼ ਤੇ ਦਿ੍ੜ ਕਰਨਾ ਜ਼ਰੂਰੀ ਹੈ।

ਜੱਜ ਗਿੱਲ ਨੇ ਆਪਣੇ ਹੁਕਮਾਂ 'ਚ ਕਿਹਾ ਹੈ ਕਿ ਉਹ ਹਸਪਤਾਲ ਦੇ ਸਟਾਫ ਦੇ ਸਮਰਪਣ, ਕਰਤੱਵ ਪਾਲਣ ਤੇ ਭਰੋਸੇਯੋਗਤਾ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਇਹ ਵੀ ਸੱਚ ਹੈ ਕਿ ਕਿਤੇ ਨਾ ਕਿਤੇ ਕੁਝ ਖਾਮੀ ਤਾਂ ਹੋਈ ਹੈ ਤੇ ਇਸ ਨੂੰ ਸਹੀ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਇਸ ਗੱਲ 'ਤੇ ਵੀ ਚਿੰਤਾ ਪ੍ਰਗਟਾਈ ਕਿ ਕੋਰੋਨਾ ਲਾਗ ਤੇ ਇਸ ਨਾਲ ਮੌਤਾਂ ਦਾ ਅੰਕੜਾ ਵੀ ਦਿਨੋ-ਦਿਨ ਵਧ ਰਿਹਾ ਹੈ।