ਅੰਕੁਰ ,ਚੰਡੀਗੜ੍ਹ : ਆਊਟਸੋਰਸ ਭਰਤੀ ਮਾਮਲੇ 'ਚ ਸ਼ਨਿਚਰਵਾਰ ਨੂੰ ਪਨਬਸ ਦੇ ਚੰਡੀਗੜ੍ਹ ਬੱਸ ਡਿਪੂ ਦੇ ਬਾਹਰ ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਖਰੜ੍ਹ ਨੈਸ਼ਨਲ ਹਾਈਵੇਅ ਜਾਮ ਕੀਤਾ ਹੋਇਆ ਹੈ। ਵਿਭਾਗ ਵੱਲੋਂ ਆਊਟਸੋਰਸ ਭਰਤੀ ਦੀ ਪ੍ਰਕਿਰਿਆ ਨੂੰ ਨਾ ਰੋਕੇ ਜਾਣ ’ਤੇ ਕੁਝ ਵਰਕਰਾਂ ਨੇ ਬੱਸਾਂ ’ਚ ਸਵਾਰ ਹੋ ਕੇ ਆਪਣੇ-ਆਪ ’ਤੇ ਪੈਟਰੋਲ ਪਾ ਲਿਆ ਤੇ ਅੱਗ ਲਾਉਣ ਦੀ ਧਮਕੀ ਦਿੱਤੀ। ਜਾਣਕਾਰੀ ਮੁਤਾਬਿਕ ਯੂਨੀਅਨ ਨੇ ਮੁਲਾਜ਼ਮਾਂ ਦੀ ਬਹਾਲੀ ਦੇ ਨਾਲ-ਨਾਲ ਆਊਟਸੋਰਸਿੰਗ ਭਰਤੀ ਬੰਦ ਕਰਨ ਦੀ ਮੰਗ ਉਠਾਈ ਹੈ। ਇਸ ਤੋਂ ਤੁਰੰਤ ਬਾਅਦ ਸਬੰਧਤ ਵਿਭਾਗੀ ਅਧਿਕਾਰੀਆਂ ਅਤੇ ਪੁਲਿਸ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਮਨਾਉਣ ਦੇ ਯਤਨ ਕੀਤੇ, ਪਰ ਵਰਕਰਾਂ ਨੇ ਬੱਸਾਂ ਤੋਂ ਨਾ ਉਤਾਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਜਿਸਤੋਂ ਬਾਅਦ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਨੇ ਵਰਕਰਾਂ ਨੂੰ ਸਮਝਾਇਆ ਜਿਨ੍ਹਾਂ ਨਾਲ ਪੁਲਿਸ ਦੇ ਕੁੱਝ ਅਧਿਕਾਰੀ ਵੀ ਸਨ ਕਾਫ਼ੀ ਮਨਾਉਣ ਤੋਂ ਬਾਅਦ ਵਰਕਰ ਨੂੰ ਬਸ ਤੋਂ ਉਤਾਰ ਲਿਆ ਗਿਆ। ਖਬਰ ਲਿਖੇ ਜਾਨ ਤਕ ਮਾਮਲਾ ਠੰਢਾ ਸੀ।

ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਵਰਕਰਾਂ ਨਾਲ ਗੱਲਬਾਤ ਕਰ ਰਹੇ ਹਨ। ਯੂਨੀਅਨ ਵੱਲੋਂ ਮੁਲਾਜ਼ਮਾਂ ਨੂੰ ਵੀ ਕੋਈ ਗ਼ਲਤ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਜਾ ਰਹੀ ਹੈ। ਯੂਨੀਅਨ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ 10 ਸਾਲਾਂ ਤੋਂ ਮਹਿਕਮੇ 'ਚ ਕੰਮ ਕਰਦੇ ਹੋਏ ਠੇਕਾ ਮੁਲਾਜ਼ਮਾਂ ਨੂੰ ਸ਼ਰਤ ਦੇ ਕੇ ਕੱਢਿਆ ਗਿਆ ਹੈ। ਮੁਲਾਜ਼ਮਾਂ ਨੂੰ ਖਦਸ਼ਾ ਹੈ ਕਿ ਜੇਕਰ ਵਿਭਾਗ ਨੇ ਆਊਟਸੋਰਸ ਭਰਤੀ ਕੀਤੀ ਤਾਂ ਉਨ੍ਹਾਂ ਦੀ ਬਹਾਲੀ ਦਾ ਰਾਹ ਬੰਦ ਹੋ ਜਾਵੇਗਾ। ਆਊਟਸੋਰਸ ਭਰਤੀ ਦਾ ਵਿਰੋਧ ਖਰੜ ਤੋਂ ਸ਼ੁਰੂ ਕੀਤਾ ਗਿਆ, ਜਿੱਥੇ ਮੁਲਾਜ਼ਮ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ। ਪੰਜਾਬ ਰੋਡਵੇਜ਼ ਪਨਬਸ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਵੱਖ-ਵੱਖ ਥਾਵਾਂ 'ਤੇ ਰੋਡ ਜਾਮ ਕੀਤਾ ਗਿਆ।

Posted By: Seema Anand