ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪਿਛਲੇ ਦਿਨੀਂ ਰੋਪੜ ਵਿਚ ਕਿਰਤੀ ਕਿਸਾਨ ਮੋਰਚਾ ਤੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਕਿਸਾਨੀ ਅੰਦੋਲਨ ਦੇ ਹੱਕ ਵਿਚ ਅਤੇ ਦਿੱਲੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਰੈਲੀ ਕਰਨ 'ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ ਤੇ ਹੋਰ ਕਿਸਾਨਾਂ, ਮਜ਼ਦੂਰਾਂ 'ਤੇ ਪਰਚਾ ਦਰਜ ਕਰਨ ਦੀ ਪੰਜਾਬ ਪੀਐੱਯੂ ਨੇ ਤਿੱਖੀ ਨਿਖੇਧੀ ਕੀਤੀ ਹੈ।

ਇਸ ਮੌਕੇ ਪੀਐੱਸਯੂ ਦੇ ਸੂਬਾ ਜਨਰਲ ਸਕੱਤਰ ਅਮਨਦੀਪ ਸਿੰਘ, ਮੀਤ ਪ੍ਰਧਾਨ ਅਮਰ ਕ੍ਰਾਂਤੀ ਤੇ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਰੋਨਾ ਆਫਤ ਵੇਲੇ ਸਿਹਤ, ਸਿੱਖਿਆ, ਮੁੱਢਲੀਆਂ ਜਨਤਕ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਨਾਕਾਮ ਹੋਈ ਹੈ। ਸਿਆਸੀ ਵਿਅਕਤੀ ਖੁਦ ਹਜ਼ਾਰਾਂ ਲੱਖਾਂ ਲੋਕਾਂ ਦੇ ਇਕੱਠਾਂ ਵਾਲੀਆਂ ਰੈਲੀਆਂ ਕਰਦੇ ਨਜ਼ਰੀਂ ਪੈਂਦੇ ਹਨ।

ਕੋਰੋਨਾ ਦੇ ਬਹਾਨੇ ਹੇਠ ਤਾਲਾਬੰਦੀ ਲਾ ਕੇ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਕਾਨੂੰਨ ਬਣਾ ਕੇ ਕਾਰਪੋਰੇਟ ਧਨਾਢਾਂ ਨੂੰ ਮੁਨਾਫਾ ਪਹੁੰਚਾ ਰਹੇ ਹਨ। ਸਿਖਿਆ ਖੇਤਰ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਪਿਆ। ਸਿਹਤ ਖੇਤਰ ਵਿਚ ਇਕ ਸਾਲ ਕਰੋਨਾ ਵਾਇਰਸ ਨੂੰ ਹੰਢਾਉਣ ਦੇ ਬਾਵਜੂਦ ਸਰਕਾਰ ਗੰਭੀਰਤਾ ਨਹੀਂ ਦਿਖਾਈ। ਇਸੇ ਕਾਰਨ ਹੁਣ ਆਮ ਲੋਕ ਆਕਸੀਜਨ ਦੀ ਕਮੀ ਕਾਰਨ ਰੋਜ਼ਾਨਾ ਮਰ ਰਹੇ ਹਨ।

ਲਾਕਡਾਊਨ ਕਾਰਨ ਪਹਿਲਾਂ ਹੀ ਲੋਕ ਆਰਥਕ ਸੰਕਟ ਵਿਚ ਫਸੇ ਹੋਏ ਹਨ ਉਥੇ ਕੈਪਟਨ ਸਰਕਾਰ ਨੇ ਲੋਕਾਂ ਦੀ ਬਾਂਹ ਤਾਂ ਕੀ ਫੜਨੀ ਸੀ ਉਲਟਾ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਤੋਂ ਪ੍ਰਰੀਖਿਆ ਫੀਸ ਦੇ ਕਰੋੜਾਂ ਰੁਪਏ ਇਕੱਠੇ ਕਰ ਕੇ ਪ੍ਰੀਖਿਆਵਾਂ ਵੀ ਨਹੀਂ ਲਈਆਂ ਤੇ ਪੈਸੇ ਵੀ ਨਹੀਂ ਮੋੜੇ ਹਨ।