ਪੱਤਰ ਪ੍ਰਰੇਰਕ, ਚੰਡੀਗੜ੍ਹ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬੇ ਵਿਚ ਆਰਐੱਸਐੱਸ ਵੱਲੋਂ ਆਪਣੇ ਸਕੂਲਾਂ ਵਿਚ ਵਿਦਿਆਰਥੀਆਂ ਤੋਂ ਧੋਖੇ ਨਾਲ ਦਸਤਖ਼ਤ ਕਰਵਾ ਕੇ ਸੀਏਏ ਦੇ ਹੱਕ ਵਿਚ ਭੁਗਤਾਉਣ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਸ 'ਤੇ ਤੁਰੰਤ ਰੋਕ ਲਗਾਈ ਜਾਵੇ ਤੇ ਅਜਿਹੇ ਸਕੂਲਾਂ ਨੂੰ ਬੰਦ ਕਰੇ। ਪੀਐੱਸਯੂ ਦੇ ਸੂਬਾ ਪ੍ਰਧਾਨ ਰਣਬੀਰ ਰੰਧਾਵਾ, ਜਨਰਲ ਸਕੱਤਰ ਗਗਨ ਸੰਗਰਾਮੀ ਤੇ ਪ੍ਰਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਧਨੌਲਾ ਦੇ ਇਕ ਲਾਲ ਜਗਨਨਾਥ ਸਰਬ ਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਚ ਬੱਚਿਆਂ ਤੋਂ ਇਕ ਕੱਪੜੇ 'ਤੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ 'ਚ ਦਸਤਖ਼ਤ ਕਰਵਾਏ ਗਏ ਤੇ ਇਸਦੇ ਹੱਕ 'ਚ ਫਾਰਮ ਵੀ ਭਰਵਾਏ ਗਏ ਤਾਂ ਜੋ ਇਸ ਕਾਨੂੰਨ ਦੇ ਹੱਕ 'ਚ ਝੂਠ ਪ੍ਰਚਾਰ ਕੀਤਾ ਜਾ ਸਕੇ ਕਿ ਵਿਦਿਆਰਥੀ ਇਸਦੇ ਹੱਕ 'ਚ ਹਨ।

ਉਨ੍ਹਾਂ ਕਿਹਾ ਕਿ 'ਵਿੱਦਿਆ ਭਾਰਤੀ ਜੋ ਆਰਐੱਸਐੱਸ ਦਾ ਵਿੱਦਿਅਕ ਵਿੰਗ ਹੈ ਜੋ ਪੰਜਾਬ ਵਿਚ ਸਰਵਹਿੱਤਕਾਰੀ ਸਿੱਖਿਆ ਸੰਸਥਾ ਦੇ ਨਾਂ ਹੇਠ ਲਗਪਗ 118 ਦੇ ਕਰੀਬ ਸਕੂਲ ਚਲਾ ਰਿਹਾ ਹੈਜਿੱਥੇ ਪੜ੍ਹ ਰਹੇ ਵਿਦਿਆਰਥੀਆਂ ਤੋਂ ਧੋਖੇ ਨਾਲ ਦਸਤਖ਼ਤ ਕਰਵਾ ਕੇ ਸੀਏਏ ਦੇ ਹੱਕ 'ਚ ਭੁਗਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਅਠਾਰ੍ਹਾਂ ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਤੋਂ ਕਿਸੇ ਵੀ ਤਰ੍ਹਾਂ ਦੇ ਪੇਪਰ 'ਤੇ ਦਸਤਖ਼ਤ ਕਰਵਾ ਕੇ ਸਹਿਮਤੀ ਨਹੀਂ ਲਈ ਜਾ ਸਕਦੀ। ਇਹ ਸਕੂਲ ਵਿਦਿਆਰਥੀਆਂ ਦੇ ਦਿਮਾਗ਼ਾਂ 'ਚ ਫਿਰਕੂ ਜ਼ਹਿਰ ਭਰ ਰਹੇ ਹਨ। ਭਾਜਪਾ ਸਰਕਾਰ ਦੇਸ਼-ਵਿਦੇਸ਼ 'ਚ ਵੀ ਸੀਏਏ ਕਾਨੂੰਨ ਨੂੰ ਲੈ ਕੇ ਬੁਰੀ ਤਰ੍ਹਾਂ ਫਸੀ ਹੋਈ ਵਿਰੋਧ ਝੱਲ ਰਹੀ ਹੈ। ਇਥੇ ਹੀ ਨਹੀਂ ਪੰਜਾਬ ਦੇ ਆਂਗਨਵਾੜੀ ਸੈਂਟਰਾਂ 'ਚ ਵੀ ਬੱਚਿਆਂ ਦੇ ਧਰਮ ਦੇ ਅਧਾਰ 'ਤੇ ਖ਼ਾਸਕਰ ਘੱਟ ਗਿਣਤੀਆਂ ਦੇ ਬੱਚਿਆਂ ਦੇ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ ਪਰ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਇਸ ਤੋਂ ਅਣਜਾਣ ਹੈ।