ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਜ਼ਮੀਨ ਪ੍ਰਰਾਪਤੀ ਸੰਘਰਸ਼ ਕਮੇਟੀ ਵੱਲੋਂ ਕਾਂਗਰਸ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਵਾਉਂਦੇ ਹੋਏ ਅਮਲੀ ਜਾਮਾ ਦਿਵਾਉਣ ਲਈ ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ, ਕਪੂਰਥਲਾ, ਮੋਗਾ, ਜਗਰਾਉਂ (ਲੁਧਿਆਣਾ) ਤੇ ਸੰਗਰੂਰ ਵਿਚ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਡੀਸੀਜ਼ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ।

ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਪ੍ਰਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸੋਰ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਤੇ ਕਮੇਟੀ ਆਗੂ ਪਰਮਜੀਤ ਕੌਰ ਲੌਂਗੋਵਾਲ ਨੇ ਕਿਹਾ ਕਿ ਮਜ਼ਦੂਰ ਨੂੰ ਡਰ ਹੈ ਕਿ ਪਿਛਲੇ ਬਜਟਾਂ ਵਾਂਗ ਕੈਪਟਨ ਸਰਕਾਰ ਦਾ ਕਰਜ਼ਾ ਮਾਫੀ ਐਲਾਨ ਲੌਲੀਪੌਪ ਨਾ ਸਾਬਤ ਹੋਵੇ।

ਉਨ੍ਹਾਂ ਕਿਹਾ ਕਿ ਪਿਛਲੇ ਦੋ ਬਜਟਾਂ ਵਿਚ ਵੀ ਕੈਪਟਨ ਸਰਕਾਰ ਪੇਂਡੂ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਨ ਦੇ ਐਲਾਨ ਕਰਦੀ ਰਹੀ ਹੈ ਪਰ ਪਿਛਲੇ ਦੋ ਸਾਲਾ ਵਿਚ ਕਰਜ਼ਾ ਮਾਫ਼ੀ 'ਤੇ ਅਮਲ ਨਹੀਂ ਹੋਇਆ। ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਜਾਣ। ਉਨ੍ਹਾਂ ਕਿਹਾ ਕਿ ਕੱਟੇ ਹੋਏ ਨੀਲੇ ਕਾਰਡ ਬਹਾਲ ਕੀਤੇ ਜਾਣ, ਬਿਨਾਂ ਪੱਖਪਾਤ ਲੋੜਵੰਦ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਤੇ ਮਕਾਨ ਦੀ ਉਸਾਰੀ ਲਈ ਢੁੱਕਵੀਂ ਗ੍ਰਾਂਟ ਦਿੱਤੀ ਜਾਵੇ, ਘਰੇਲੂ ਬਿਜਲੀ ਬਿੱਲ ਮਾਫੀ ਦੀ ਸਹੂਲਤ ਲੈ ਰਹੇ ਮਜ਼ਦੂਰਾਂ ਨੂੰ ਭੇਜੇ ਗਏ ਬਿਜਲੀ ਬਿੱਲ ਵਾਪਸ ਲਏ ਜਾਣ ਤੇ ਕੱਟੇ ਕੁਨੈਕਸ਼ਨ ਮੁੜ ਜੋੜੇ ਜਾਣ।

ਇਸ ਮੌਕੇ ਹੰਸ ਰਾਜ ਪੱਬਵਾਂ, ਮੰਗਾ ਸਿੰਘ ਵੈਰੋਕੇ, ਰਾਜ ਕੁਮਾਰ ਪੰਡੋਰੀ, ਕਮਲਜੀਤ ਸਨਾਵਾ, ਮਹਿੰਦਰ ਸਿੰਘ ਖੈਰੜ, ਨਿਰਮਲ ਸਿੰਘ ਸੇਰਪੁਰਸੱਧਾ ਤੇ ਬਿੱਕਰ ਸਿੰਘ ਹਥੋਆ ਆਦਿ ਨੇ ਸੰਬੋਧਨ ਕੀਤਾ।

Posted By: Jagjit Singh