ਜੈ ਸਿੰਘ ਛਿੱਬਰ, ਚੰਡੀਗੜ੍ਹ : ਕਿਸਾਨਾਂ ਦੇ ਧਰਨਿਆਂ, ਮੁਜ਼ਾਹਰਿਆਂ 'ਚ ਲੋਕ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਦਾ ਗੀਤ 'ਖਿੱਚ ਲੈ ਜੱਟਾ, ਖਿੱਚ ਤਿਆਰੀ, ਪੰਗਾ ਪੈ ਗਿਆ ਸੈਂਟਰ ਨਾਲ' ਮੁਜ਼ਾਹਰਾਕਾਰੀਆਂ 'ਚ ਜੋਸ਼ ਭਰ ਰਿਹਾ। ਹਰੀ ਕ੍ਰਾਂਤੀ ਲਿਆਉਣ ਵਾਲੇ ਖੇਤਾਂ ਦੇ ਪੁੱਤਾਂ ਨੇ ਹਰੀਆਂ ਪੱਗਾਂ ਬੰਨ੍ਹ ਦਿੱਲੀ ਕੂਚ ਕਰਨ ਦੀ ਤਿਆਰੀ ਖਿੱਚ ਲਈ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਨੇ ਕਮਰਕੱਸੇ ਕੱਸ ਲਏ ਹਨ। ਔਰਤਾਂ, ਕੁੜੀਆਂ ਵੀ ਸਿਰਾਂ 'ਤੇ ਹਰੀਆਂ ਚੁੰਨੀਆਂ ਲੈ ਕੇ ਕਿਸਾਨੀ ਘੋਲ ਵਿਚ ਕੁੱਦੀਆਂ ਹੋਈਆਂ ਹਨ। ਸੁਆਣੀਆਂ ਘਰ ਦਾ ਕੰਮ ਕਾਰ ਨਿਬੇੜ ਕੇ ਦਿੱਲੀ ਨੂੰ ਘੇਰਨ ਲਈ ਕਿਸਾਨ ਆਗੂਆਂ ਵੱਲੋਂ ਬਣਾਈ ਗਈ ਰਣਨੀਤੀ ਤਹਿਤ ਰਸਦ, ਬਾਲਣ, ਰਜਾਈਆਂ, ਕੰਬਲ ਅਤੇ ਫੰਡ ਇਕੱਤਰ ਕਰਨ 'ਚ ਮੋਹਰੀ ਰੋਲ ਨਿਭਾ ਰਹੀਆਂ ਹਨ।

ਵੱਧ ਰਹੀ ਠੰਡ, ਕਣਕ ਦੀ ਬਿਜਾਈ ਦਾ ਸੀਜ਼ਨ, ਯੂਰੀਆ ਦੀ ਘਾਟ ਸਮੇਤ ਭਾਵੇਂ ਕਿਸਾਨ ਬੇਹੱਦ ਚੁਣੌਤੀਆਂ ਭਰਪੂਰ ਦੌਰ ਵਿਚੋਂ ਲੰਘ ਰਿਹਾ ਹੈ। ਰਿਪੋਰਟਾਂ ਅਨੁਸਾਰ ਪਿੰਡ ਪੱਧਰ 'ਤੇ ਲੱਗੇ ਧਰਨਿਆਂ ਦਾ ਖਰਚ ਵੀ ਲੱਖਾਂ ਰੁਪਏ ਤਕ ਪਹੁੰਚ ਗਿਆ ਹੈ, ਫਿਰ ਵੀ ਕਿਸਾਨਾਂ ਨੇ ਸਿਦਕ ਨਹੀਂ ਛੱਡਿਆ। ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਮਰਦ, ਔਰਤਾਂ ਦੇ ਕਾਫਲੇ ਪੂਰੇ ਉਤਸ਼ਾਹ ਨਾਲ ਸੰਘਰਸ਼ ਵਿਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਸੋਧ ਕਾਨੂੰਨਾਂ ਖ਼ਿਲਾਫ਼ ਗੱਜ ਰਹੇ ਹਨ। ਕਰਜ਼ੇ ਹੇਠ ਦੱਬੇ ਕਿਸਾਨ ਆਰਥਿਕ ਮੰਦਹਾਲੀ ਤੇ ਧਰਨਿਆਂ 'ਤੇ ਹੋ ਰਹੇ ਲੱਖਾਂ ਦੇ ਖ਼ਰਚ ਦੇ ਬਾਵਜੂਦ ਹੌਸਲਾ ਨਹੀਂ ਛੱਡ ਰਹੇ।

ਕਿਸਾਨ ਆਗੂਆਂ ਜਗਮੋਹਨ ਸਿੰਘ, ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨ ਪਾਲ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਨੂੰ ਕਰੀਬ ਦੋ ਮਹੀਨੇ ਦਾ ਸਮਾਂ ਹੋਣ ਵਾਲਾ ਹੈ ਅਤੇ ਲੱਖਾਂ ਰੁਪਏ ਖਰਚ ਹੋ ਚੁੱਕੇ ਹਨ, ਇਸ ਦੇ ਬਾਵਜੂਦ 26-27 ਨਵੰਬਰ ਨੂੰ ਦਿੱਲੀ ਚਲੋ ਦੇ ਸਾਂਝੇ ਸੱਦੇ ਵਿਚ ਪੰਜਾਬ ਵਿਚੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਪਹੁੰਚਣਗੇ। ਪਿੰਡਾਂ 'ਚੋਂ ਕਿਸਾਨਾਂ ਦੇ ਕਾਫਲੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਣਗੇ।

ਹਰ ਹਾਲਾਤ 'ਚ ਕਿਸਾਨ ਦਿੱਲੀ ਨੂੰ ਕਰਨਗੇ ਕੂਚ : ਸਾਹਾ

ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏਆਈਕੇਐੱਸਸੀ) ਦੇ ਆਗੂ ਬੀਐੱਮ ਸਿੰਘ ਵੱਲੋਂ ਭਾਵੇਂ ਫੇਸਬੁੱਕ 'ਤੇ ਲਾਈਵ ਹੋ ਕੇ ਕੋਰੋਨਾ ਫੈਲਣ ਕਾਰਨ ਦਿੱਲੀ ਨਾ ਆਉਣ ਦੀ ਗੱਲ ਕਹੀ ਹੈ ਪਰ ਕਿਸਾਨਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੈ। ਪੰਜਾਬ ਦੇ ਕਿਸਾਨਾਂ ਦਾ ਮੰਨਣਾ ਹੈ ਕਿ ਕੋਰੋਨਾ ਨਾਲੋਂ ਭਿਆਨਕ ਖੇਤੀ ਅਤੇ ਖੇਤ 'ਤੇ ਕਬਜ਼ਾ ਕਰਨ ਦੇ ਕਾਲੇ ਕਾਨੂੰਨ ਜ਼ਿਆਦਾ ਖਤਰਨਾਕ ਹਨ।

ਏਆਈਕੇਐੱਸਸੀ ਦੇ ਆਗੂਆਂ ਅਵੀਕ ਸਾਹਾ (ਪ੍ਰਬੰਧਕੀ ਸਕੱਤਰ), ਡਾ. ਅਸ਼ੀਸ਼ ਮਿੱਤਲ, ਡਾ. ਅਸ਼ੋਕ ਧਵਲੇ, ਅਤੁਲ ਕੁਮਾਰ ਅੰਜਨ, ਭੁਪਿੰਦਰ ਸਾਂਬਰ, ਡਾ. ਦਰਸ਼ਨ ਪਾਲ, ਹਨਨ ਮੋਲ੍ਹਾ, ਜਗਮੋਹਨ ਸਿੰਘ, ਕਵਿਤਾ ਕੁਰੂਗੰਤੀ, ਕਿਰਨ ਵਿਸਾ, ਕੋਡੀਹੱਲੀ ਚੰਦਰਸ਼ੇਖਰ, ਮੇਧਾ ਪਾਟਕਰ, ਪ੍ਰਤਿਭਾ ਸ਼ਿੰਦੇ, ਪ੍ਰੇਮ ਸਿੰਘ ਗਹਿਲਾਵਤ, ਰਾਜਰਾਮ ਸਿੰਘ, ਰਾਜੂ ਸ਼ੈਟੀ, ਰਿਚਾ ਸਿੰਘ, ਸਤਨਾਮ ਸਿੰਘ ਅਜਨਾਲਾ, ਸੱਤਿਆਵਾਨ, ਡਾ. ਸੁਨੀਲ, ਤਜਿੰਦਰ ਸਿੰਘ ਵਿਰਕ ਅਤੇ ਯੋਗੇਂਦਰ ਯਾਦਵ ਨੇ ਦਾਅਵਾ ਕੀਤਾ ਹੈ ਕਿ 26-27 ਨਵੰਬਰ ਦੇ ਦਿੱਲੀ ਚਲੋ ਪ੍ਰਰੋਗਰਾਮ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ, ਕਿਸਾਨ ਹਰ ਹਾਲਾਤ ਵਿਚ ਦਿੱਲੀ ਲਈ ਕੂਚ ਕਰਨਗੇ।