ਜੇਐੱਨਐੱਨ, ਚੰਡੀਗੜ੍ਹ : ਦੀਵਾਲੀ 'ਤੇ ਦੂਜੇ ਸੂਬਿਆਂ ਤੋਂ ਸ਼ਹਿਰ 'ਚ ਕਾਰੋਬਾਰ ਕਰਨ ਆਉਣ ਵਾਲੇ ਵੈਂਡਰਜ਼ ਤੇ ਗ਼ੈਰ ਰਜਿਸਟਰਡ ਵੈਂਡਰਜ਼ ਨੇ ਨਗਰ ਨਿਗਮ ਦਫ਼ਤਰ 'ਚ ਜੰਮ ਕੇ ਹੰਗਾਮਾ ਕੀਤਾ। ਇਨ੍ਹਾਂ ਵੈਂਡਰਜ਼ ਨੇ ਸੜਕ 'ਤੇ ਵੀ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ। ਇਹ ਵੈਂਡਰਜ਼ ਬਾਜ਼ਾਰਾਂ 'ਚ ਫੜ੍ਹੀ ਦੀ ਮਨਜ਼ੂਰੀ ਦੇਣ ਦੀ ਮੰਗ ਕਰ ਰਹੇ ਸਨ। ਜਿਸ ਮਗਰੋਂ ਕੁਝ ਵੈਂਡਰਜ਼ ਨੂੰ ਲੈ ਕੇ ਪੁਲਿਸ ਕਰਮਚਾਰੀ ਮੇਅਰ ਰਾਜੇਸ਼ ਕਾਲੀਆ ਨੂੰ ਮਿਲਵਾਉਣ ਲਈ ਗਏ। ਵੈਂਡਰਜ਼ ਨੇ ਕਿਹਾ ਕਿ ਹਰ ਵਰ੍ਹੇ ਉਨ੍ਹਾਂ ਨੂੰ ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਫੜ੍ਹੀ ਲਗਾਉਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ, ਪਰ ਇਸ ਵਾਰ ਨਗਰ ਨਿਗਮ ਮਨਜ਼ੂਰੀ ਨਹੀਂ ਦੇ ਰਿਹਾ ਹੈ, ਜਿਸ ਮਗਰੋਂ ਮੇਅਰ ਨੇ ਸਲਾਹਕਾਰ ਮਨੋਜ ਪਰਿਦਾ ਨਾਲ ਫੋਨ 'ਤੇ ਗੱਲ ਕੀਤੀ। ਇਸ ਸਬੰਧੀ ਨਗਰ ਨਿਗਮ ਨੇ ਕਾਨੂੰਨੀ ਰਾਏ ਵੀ ਮੰਗ ਲਈ ਹੈ ਕਿ ਕੀ ਵਪਾਰੀਆਂ ਵਾਂਗ ਗ਼ੈਰ ਰਜਿਸਟਰਡ ਵੈਂਡਰਜ਼ ਨੂੰ ਬਾਜ਼ਾਰਾਂ 'ਚ ਫੜ੍ਹੀ ਲਗਾਉਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਦੀਵਾਲੀ ਤੋਂ ਪਹਿਲਾਂ ਕਈ ਲੋਕ ਚੰਡੀਗੜ੍ਹ 'ਚ ਕਈ ਸਾਮਾਨ ਦਾ ਕਾਰੋਬਾਰ ਕਰਨ ਲਈ ਆਉਂਦੇ ਹਨ, ਜਿਨ੍ਹਾਂ 'ਚ ਡਰਾਈ ਫਰੂਟ ਦਾ ਕਾਰੋਬਾਰ ਵੀ ਸ਼ਾਮਲ ਹੈ।