ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਰਾਜ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ 'ਤੇ ਅੱਜ ਸਕੱਤਰੇਤ ਮੁਲਾਜ਼ਮਾਂ ਨੇ 'ਕਲਮ ਛੱਡੋ' ਹੜਤਾਲ ਕੀਤੀ।

ਸਰਕਾਰ ਖ਼ਿਲਾਫ਼ ਰੋਹ ਵਿਚ ਆਏ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਸਕੱਤਰੇਤ ਵਿਚ ਮੰਤਰੀਆਂ ਦੇ ਦਫ਼ਤਰਾਂ ਵਿਚ ਜਾ ਕੇ ਕੰਮਕਾਜ ਬੰਦ ਕਰਵਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹੜਤਾਲ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਇਆ। ਮੁਲਾਜ਼ਮਾਂ ਨੇ ਮੰਗਾਂ ਦੀ ਪੂਰਤੀ ਲਈ 14 ਅਗਸਤ ਤਕ ਹੜਤਾਲ ਕਰਨ ਦਾ ਐਲਾਨ ਕਰ ਰੱਖਿਆ ਹੈ।

ਹੜਤਾਲ ਦੌਰਾਨ ਮੰਗਲਵਾਰ ਨੂੰ ਸਕੱਤਰੇਤ ਦੇ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਰੋਹ ਪ੍ਰਗਟਾਉਂਦਿਆਂ ਸਕੱਤਰੇਤ ਵਿਖੇ ਸਥਿਤ ਕੈਬਨਿਟ ਮੰਤਰੀਆਂ ਦੇ ਦਫ਼ਤਰਾਂ ਵਿਚ ਕੰਮਕਾਜ ਵੀ ਬੰਦ ਕਰਵਾ ਦਿੱਤਾ। ਸਕੱਤਰੇਤ ਵਿਖੇ ਮੁਲਾਜ਼ਮਾਂ ਦੀ ਹੜਤਾਲ ਹੋਣ 'ਤੇ ਡਾਇਰੈਕਟੋਰੇਟ ਦੇ ਮੁਲਾਜ਼ਮਾਂ ਨੇ ਵੀ ਹੜਤਾਲ ਵਿਚ ਸ਼ਾਮਲ ਹੁੰਦਿਆਂ ਦਫ਼ਤਰੀ ਕੰਮਕਾਜ ਠੱਪ ਕਰ ਦਿੱਤਾ।

ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਸਰਕਾਰ ਦੇ ਮੁਲਾਜ਼ਮ ਮਾਰੂ ਫੈਸਲਿਆਂ ਖ਼ਿਲਾਫ਼ ਮੁਲਾਜ਼ਮਾਂ ਨੇ ਸਕੱਤਰੇਤ ਦੀ ਹਰ ਮੰਜਿਲ 'ਤੇ ਜਾ ਕੇ ਅਤੇ ਰੈਂਪਾਂ 'ਤੇ ਮਾਰਚ ਕਰਦਿਆਂ ਸਰਕਾਰ, ਖਾਸ ਕਰ ਕੇ ਵਿੱਤ ਮੰਤਰੀ ਦਾ ਪਿੱਟ ਸਿਆਪਾ ਕੀਤਾ ਹੈ।

ਖਹਿਰਾ ਨੇ ਦੱਸਿਆ ਕਿ ਪੀਐੱਸਐੱਮਐੱਸਯੂ ਦੇ ਸੱਦੇ 'ਤੇ ਪਹਿਲਾਂ ਹੀ ਸਮੂਹ ਡੀਸੀ ਦਫ਼ਤਰਾਂ ਵਿਚ 6 ਅਗਸਤ ਤੋਂ ਹੜਤਾਲ ਜਾਰੀ ਹੈ। 18 ਅਗਸਤ ਨੂੰ ਮੁਲਾਜ਼ਮਾਂ ਵੱਲੋਂ ਪੂਰਨ ਤੌਰ 'ਤੇ ਪੰਜਾਬ ਬੰਦ ਕੀਤਾ ਜਾਵੇਗਾ ਤੇ ਵੱਖ-ਵੱਖ ਥਾਂਵਾਂ 'ਤੇ ਚੱਕੇ ਜਾਮ ਕੀਤੇ ਜਾਣਗੇ। ਇਸ ਮੁਜ਼ਾਹਰੇ 'ਚ ਸਮੂਹ ਤਕਨੀਕੀ ਅਤੇ ਗ਼ੈਰ ਤਕਨੀਕੀ ਮੁਲਾਜ਼ਮ, ਸਰਕਾਰੀ ਅਧਿਆਪਕ, ਪਟਵਾਰੀ, ਸਫਾਈ ਕਰਮਚਾਰੀਆਂ ਸਮੇਤ ਦਰਜਾ-4 ਮੁਲਾਜ਼ਮ ਵੀ ਸ਼ਮੂਲੀਅਤ ਕਰਨਗੇ।

ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ, ਸਾਂਝਾ ਮੁਲਾਜ਼ਮ ਮੰਚ ਦੇ ਚੰਡੀਗੜ੍ਹ-ਮੋਹਾਲੀ ਦੇ ਸਮੂਹ ਕਨਵੀਨਰਾਂ ਨੇ ਤੁਰੰਤ ਆਪਣੇ ਉਪਰੋਕਤ ਫੈਸਲਿਆਂ ਸਬੰਧੀ ਜਾਰੀ ਕੀਤੀਆਂ ਚਿੱਠੀਆਂ ਵਾਪਸ ਲੈਣ, 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ, ਡੀਏ ਦੇ ਬਕਾਏ ਜਾਰੀ ਕਰਨ, ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ, ਪਰਖਕਾਲ ਦਾ ਸਮਾਂ ਘਟਾਉਣ, ਪਰਖਕਾਲ ਦੌਰਾਨ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ।