ਸਟਾਫ ਰਿਪੋਰਟਰ, ਚੰਡੀਗੜ੍ਹ : ਚੰਡੀਗੜ੍ਹ ਦੀ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਵੀਰਵਾਰ ਨੂੰ ਨਗਰ ਨਿਗਮ ਦਫ਼ਤਰ ਸਾਹਮਣੇ ਨਿਗਮ ਵੱਲੋਂ ਦਿੱਤੀਆਂ ਜਾ ਰਹੀਆਂ ਸਮਾਰਟ ਘੜੀਆਂ ਦਾ ਵਿਰੋਧ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਡੀ ਗਿਣਤੀ 'ਚ ਸਫਾਈ ਕਰਮਚਾਰੀਆਂ ਨੇ ਕਮਿਸ਼ਨਰ ਕੇ.ਕੇ. ਯਾਦਵ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਚੱਢਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਵੱਲੋਂ ਦਿੱਤੀਆਂ ਘੜੀਆਂ ਨਾਲ ਕਮਰਚਾਰੀਆਂ ਦੀ ਸਿਹਤ 'ਤੇ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘੜੀ ਬੰਨ੍ਹਣ ਤੋਂ ਬਾਅਦ ਕੁਝ ਕਰਮਚਾਰੀਆਂ ਦੇ ਹੱਥਾਂ ਨੂੰ ਸੋਜ਼ ਆਈ ਹੈ। ਜਦਕਿ ਕੁਝ ਕਰਮਚਾਰੀਆਂ ਨੂੰ ਉਲਟੀਆਂ ਲੱਗ ਗਈਆਂ ਹਨ। ਇਸ ਲਈ ਘੜੀ ਬੰਨ੍ਹਣ ਨਾਲ ਕਰਮਚਾਰੀਆਂ ਦੀ ਮੌਤ ਵੀ ਹੋ ਸਕਦੀ ਹੈ। ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਕਰਮਚਾਰੀਆਂ ਵੱਲੋਂ ਘੜੀ ਬੰਨ੍ਹਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਚੱਢਾ ਨੇ ਕਿਹਾ ਕਿ ਜਿੱਥੇ ਘੜੀ ਉਨ੍ਹਾਂ ਦੀ ਸਿਹਤ 'ਤੇ ਅਸਰ ਪਾ ਰਹੀ ਹੈ, ਉੱਥੇ ਹੀ ਕਰਮਚਾਰੀਆਂ ਨੂੰ ਗੁਲਾਮ ਹੋਣ ਦਾ ਅਹਿਸਾਸ ਵੀ ਕਰਾਉਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਪਾਸੇ ਤਾਂ ਨਿਗਮ ਵਲੋਂ ਵਿੱਤੀ ਹਾਲਤ ਕਮਜ਼ੋਰ ਹੋਣ ਦੀ ਗੱਲ ਕਹਿ ਕੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ, ਜਦਕਿ ਦੂਸਰੇ ਪਾਸੇ ਹਰ ਮਹੀਨੇ ਲੱਖਾਂ ਰੁਪਏ ਘੜੀਆਂ 'ਤੇ ਖਰਚੇ ਜਾ ਰਹੇ ਹਨ। ਅਜਿਹੇ 'ਚ ਨਿਗਮ ਕੋਲ ਘੜੀਆਂ ਲਈ ਪੈਸੇ ਕਿੱਥੋ ਆ ਰਹੇ ਹਨ। ਚੱਢਾ ਨੇ ਕਿਹਾ ਕਿ ਜੇਕਰ ਕਮਿਸ਼ਨਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਯੂਨੀਅਨ ਵੱਲੋਂ ਕਰਮਚਾਰੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਕੰਮ ਛੱਡੋ ਹੜਤਾਲ ਕੀਤੀ ਜਾਵੇਗੀ। ਜਿਸ ਕਾਰਨ ਸ਼ਹਿਰ 'ਚ ਲੱਗਣ ਵਾਲੇ ਗੰਦਗੀ ਦੇ ਢੇਰਾਂ ਲਈ ਨਗਰ ਨਿਗਮ ਦੇ ਅਧਿਕਾਰੀਆਂ ਜ਼ਿੰਮੇਵਾਰ ਹੋਣਗੇ। ਜ਼ਿਕਰਯੋਗ ਹੈ ਕਿ ਕਮਿਸ਼ਨਰ ਕੇ.ਕੇ.ਯਾਦਵ ਵਲੋਂ ਇਸੇ ਮਹੀਨੇ 4 ਹਜ਼ਾਰ ਕਰਮਚਾਰੀਆਂ ਨੂੰ ਘੜੀਆਂ ਦਿੱਤੀਆਂ ਹੋਈਆਂ ਹਨ। ਕਸ਼ਿਮਨਰ ਨੇ ਦਾਅਵਾ ਕੀਤਾ ਹੈ ਕਿ ਘੜੀਆਂ ਦੇ ਆਉਣ ਕਰਮਚਾਰੀਆਂ ਦੀ ਕਾਰਗੁਜ਼ਾਰੀ 'ਚ ਸੁਧਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਡਿਊਟੀ ਹੋਣ ਦੇ ਬਾਵਜੂਦ ਫਰਲੋ ਮਾਰਨ ਵਾਲੇ ਕਰਮਚਾਰੀਆਂ ਨੂੰ ਅਸਾਨੀ ਨਾਲ ਕਾਬੂ ਕਰ ਲਿਆ ਜਾਂਦਾ ਹੈ। ਇਸ ਗੁੱਟ ਘੜ੍ਹੀ 'ਚ ਜੀਪੀਐਸ, ਜੀਪੀਆਰਐਸ, ਕੈਮਰਾ, ਸਪੀਕਰ ਮਾਈਕ੍ਰੋਫੋਨ ਸਮੇਤ ਹੋਰ ਬਹੁਤ ਸਾਰੀਆਂ ਸਹੂਲਤਾਂ ਹਨ। ਘੜੀ ਬੰਨ੍ਹਣ ਤੋਂ ਬਾਅਦ ਕਰਮਚਾਰੀਆਂ ਨੂੰ ਬਾਇਓਮੀਟਿ੍ਕ ਹਾਜ਼ਰੀ ਲਾਉਣ ਦੀ ਵੀ ਜ਼ਰੂਰਤ ਨਹੀਂ ਹੁੰਦੀ। ਇਕ ਸਮਾਰਟ ਘੜੀ ਦਾ ਕਿਰਾਇਆ ਹਰ ਮਹੀਨੇ 466 ਰੁਪਏ ਹੈ। ਇਸ ਤਰ੍ਹਾਂ 18 ਲੱਖ 64 ਹਜ਼ਾਰ ਰੁਪਏ ਹਰ ਮਹੀਨੇ ਨਗਰ ਨਿਗਮ ਵੱਲੋਂ ਅਦਾ ਕੀਤੇ ਜਾਣਗੇ। ਨਗਰ ਨਿਗਮ ਦਾ ਦਾਅਵਾ ਹੈ ਕਿ ਇਸ ਨਾਲ ਮੁਲਾਜਮਾਂ ਦੀ ਕੁਸ਼ਲਤਾ ਵਧੇਗੀ, ਜਿਸਦਾ ਫਾਇਦਾ ਸਹਿਰ ਨੂੰ ਹੋਵੇਗੇ। ਦੱਸਣਯੋਗ ਹੈ ਕਿ ਨਗਰ ਨਿਗਮ ਵੱਲੋਂ ਹਾਲ ਦੀ ਘੜੀ 1700 ਹੋਰ ਸਮਾਰਟ ਘੜੀਆਂ ਸਮਾਰਟ ਸਿਟੀ ਤੋਂ ਮੰਗੀਆਂ ਗਈਆਂ ਹਨ।