ਜੇਐੱਨਐੱਨ, ਪੰਚਕੂਲਾ

ਸੈਕਟਰ-10 ਦੀ ਕੋਠੀ ਦਾ ਜਾਅਲੀ ਬਿਆਨਾ ਬਣਾਉਣ ਤੇ ਨਕਲੀ ਦਸਤਖ਼ਤ ਕਰਨ ਦੇ ਮੁਲਜ਼ਮ ਸੁਮਿਤ ਦੂਹਨ ਦਾ ਚਾਰ ਦਿਨਾ ਰਿਮਾਂਡ ਮੁਕੰਮਲ ਹੋਣ ਮਗਰੋਂ ਸੈਕਟਰ-5 ਦੀ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਵਿਚ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਤੋਂ ਕੁਝ ਦਸਤਾਵੇਜ਼ ਬਰਾਮਦ ਹੋਏ ਹਨ ਪਰ ਹਾਲੇ ਇਸ ਦੇ ਹੋਰਨਾਂ ਸਾਥੀਆਂ ਦੀ ਗਿ੍ਫ਼ਤਾਰੀ ਨਹੀਂ ਹੋ ਸਕੀ ਹੈ। ਮੁਲਜ਼ਮ ਦੇ ਦਸਤਖ਼ਤਾਂ ਦੀ ਜਾਂਚ ਕਰਾਉਣੀ ਜ਼ਰੂਰੀ ਹੈ, ਇਸ ਲਈ ਮੁਲਜ਼ਮ ਦੇ ਦਸਤਖ਼ਤਾਂ ਦੀ ਐੱਸਐੱਫਐੱਲ ਲੈਬ ਤੋਂ ਜਾਂਚ ਕਰਾਉਣੀ ਚਾਹੀਦੀ ਹੈ। ਇਸ ਮਗਰੋਂ ਅਦਾਲਤ ਨੇ ਮੁਲਜ਼ਮ ਤੇ ਕੋਠੀ ਦੀ ਮਾਲਕ ਸੰਤੋਸ਼ ਅਹੂਜਾ ਦੇ ਦਸਤਖ਼ਤਾਂ ਦੀ ਪੜਤਾਲ ਸਬੰਧੀ ਹਦਾਇਤ ਕੀਤੀ। ਹੁਣ ਲੈਬ ਤੋਂ ਜਾਂਚ ਮਗਰੋਂ ਖ਼ੁਲਾਸਾ ਹੋਵੇਗਾ ਕਿ ਬਿਆਨੇ 'ਤੇ ਕਿਹਦੇ ਦਸਤਖ਼ਤ ਸਨ। ਸੰਤੋਸ਼ ਮੁਤਾਬਕ ਉਸ ਦੀ ਕੋਠੀ ਦਾ ਜਾਅਲੀ ਬਿਆਨਾ ਬਣਾਇਆ ਗਿਆ ਹੈ ਤੇ ਨਕਲੀ ਦਸਤਖ਼ਤ ਕੀਤੇ ਗਏ ਹਨ।

ਅਦਾਲਤ ਵਿਚ ਦਸਤਖ਼ਤ ਦੇ ਸੈਂਪਲ ਲੈਣ ਮਗਰੋਂ ਮੁਲਜ਼ਮ ਨੂੰ 14 ਦਿਨਾਂ ਲਈ ਅੰਬਾਲਾ ਭੇਜ ਦਿੱਤਾ ਗਿਆ। ਇਸਤਗਾਸਾ ਧਿਰ ਦੀ ਵਕੀਲ ਨਿਕਿਤਾ ਨੇ ਦੱਸਿਆ ਕਿ ਰਿਮਾਂਡ ਦੌਰਾਨ ਪੁਲਿਸ ਨੇ ਮੁਲਜ਼ਮ ਤੋਂ ਪੁੱਛ ਪੜਤਾਲ ਕੀਤੀ ਸੀ, ਇਸ ਦੌਰਾਨ ਕੁਝ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।

ਆਜ਼ਾਦ ਦੂਹਨ ਦੇ ਪਿੱਛੇ ਪਈ ਪੁਲਿਸ

ਹਾਲੇ ਇਸ ਮਾਮਲੇ ਵਿਚ ਕੁਝ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਣਾ ਹੈ। ਜਾਂਚ ਅਧਿਕਾਰੀ ਜਗਦੀਸ਼ ਮੁਤਾਬਕ ਛੇਤੀ ਹੋਰ ਮੁਲਜ਼ਮ ਕਾਬੂ ਕਰ ਲਏ ਜਾਣਗੇ। ਸੂਤਰਾਂ ਮੁਤਾਬਕ ਆਜ਼ਾਦ ਦੂਹਨ ਨੇ ਅਦਾਲਤ ਵਿਚ ਪਟੀਸ਼ਨ ਪਾ ਕੇ ਅੰਤਰਿਮ ਜ਼ਮਾਨਤ ਮੰਗੀ ਹੈ, ਜਿਸ ਦਾ ਪੁਲਿਸ ਵਿਰੋਧ ਕਰੇਗੀ। ਇਸ ਮਾਮਲੇ ਵਿਚ ਸਟੈਂਪ ਵੈਂਡਰ, ਨੋਟਰੀ ਤੇ ਹੋਰਨਾਂ ਨੇ ਵੀ ਬਿਆਨੇ ਨੂੰ ਜਾਅਲੀ ਕਰਾਰ ਦਿੱਤਾ ਹੈ। ਪੁਲਿਸ ਨੇ ਧਾਰਾ 420, 467, 471, 120ਬੀ ਤਹਿਤ ਕੇਸ ਦਰਜ ਕੀਤਾ ਸੀ।