ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇੱਥੇ ਭਾਰਤ 'ਚ ਜਾਪਾਨ ਦੇ ਰਾਜਦੂਤ ਸਤੋਸ਼ੀ ਸੁਜ਼ੂਕੀ ਨੂੰ ਅਪੀਲ ਕੀਤੀ ਕਿ ਉਹ ਜਾਪਾਨੀ ਕੰਪਨੀਆਂ ਵਲੋਂ ਰਾਜਪੁਰਾ ਤੇ ਬਠਿੰਡਾ 'ਚ ਬਣਨ ਵਾਲੀਆਂ ਮੈਗਾ ਉਦਯੋਗਿਕ ਪਾਰਕਾਂ 'ਚ ਨਿਵੇਸ਼ ਲਈ ਜ਼ੋਰ ਦੇਣ। ਸੁਜ਼ੂਕੀ ਨੇ ਮੋਹਾਲੀ ਵਿਖੇ ਸ਼ੁਰੂ ਹੋਏ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਪਹਿਲੇ ਦਿਨ ਸ਼ਿਰਕਤ ਕਰਨ ਤੋਂ ਬਾਅਦ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।

ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਹੋਈ ਇਸ ਮਿਲਣੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਾਪਾਨੀ ਰਾਜਦੂਤ ਨੂੰ ਦੱਸਿਆ ਕਿ ਰਾਜਪੁਰਾ, ਮੋਹਾਲੀ ਦੇ ਬਿਲਕੁਲ ਨਾਲ ਵਸਿਆ ਹੋਇਆ ਹੈ ਜਿਸ ਨਾਲ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਬਿਹਤਰੀਨ ਸੜਕੀ ਤੇ ਹਵਾਈ ਆਵਾਜਾਈ ਵੀ ਉਪਲੱਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਰਾਜਪੁਰਾ ਥਰਮਲ ਪਲਾਂਟ ਰਾਹੀਂ ਉਦਯੋਗਿਕ ਪਾਰਕ 'ਚ ਕੰਪਨੀ ਦੇ ਯੂਨਿਟ ਸਥਾਪਤ ਕਰਨ ਲਈ ਨਿਵੇਸ਼ਕਾਂ ਦੀਆਂ ਬਿਜਲੀ ਸਬੰਧੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।

ਇਸ ਮੌਕੇ ਸੁਜ਼ੂਕੀ ਨੇ ਪੰਜਾਬ 'ਚ ਨਿਵੇਸ਼ ਲਈ ਅਨੁਕੂਲ ਵਾਤਾਵਰਨ ਕਾਇਮ ਕਰਨ ’ਤੇ ਸਰਕਾਰ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਜਾਪਾਨੀ ਕੰਪਨੀਆਂ ਰਾਜ ਅੰਦਰ ਵੱਖ-ਵੱਖ ਖੇਤਰਾਂ 'ਚ ਨਿਵੇਸ਼ ਲਈ ਅੱਗੇ ਆਉਣਗੀਆਂ। ਉਨ੍ਹਾਂ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਕਿ ਉਹ ਜਾਪਾਨ ਆਉਣ ਤੇ ਉੱਥੋਂ ਦੀਆਂ ਕੰਪਨੀਆਂ ਨੂੰ ਪੰਜਾਬ 'ਚ ਨਿਵੇਸ਼ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਾਉਣ।

ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਸਰਕਾਰ ਇਕ ਸਮਰਪਤ ਅਧਿਕਾਰੀ ਨੂੰ ਜਾਪਾਨੀ ਕੰਪਨੀਆਂ ਤੇ ਜਾਪਾਨ ਵਿਦੇਸ਼ ਟਰੇਡ ਸੰਸਥਾ (ਜੈਟਰੋ) ਨਾਲ ਰਾਬਤੇ ਲਈ ਤਾਇਨਾਤ ਕਰਨ ਤਾਂ ਜੋ ਜਾਪਾਨੀ ਨਿਵੇਸ਼ ਦੇ ਨਾਲ-ਨਾਲ ਤਕਨੀਕੀ ਭਾਈਵਾਲੀਆਂ ਤੇ ਜਾਪਾਨੀ ਕੰਪਨੀਆਂ ਨਾਲ ਸਾਂਝ ਹੋਰ ਪੀਡੀ ਕੀਤੀ ਜਾ ਸਕੇ।

ਵਧੀਕ ਮੁੱਖ ਸਕੱਤਰ ਉਦਯੋਗ ਤੇ ਨਿਵੇਸ਼ ਪ੍ਰੋਤਸਾਹਨ ਵਿੰਨੀ ਮਹਾਜਨ ਨੇ ਸੁਜ਼ੂਕੀ ਨੂੰ ਜਾਣੂ ਕਰਾਇਆ ਕਿ ਜਾਪਾਨ ਦੀਆਂ ਕਈ ਨਾਮੀ ਕੰਪਨੀਆਂ ਜਿਨ੍ਹਾਂ ਵਿਚ ਆਇਚੀ, ਇਸੁਜ਼ੂ, ਯੈਨਮਾਰ ਤੇ ਕੰਸਾਈ ਨੇ ਪਹਿਲਾਂ ਹੀ ਪੰਜਾਬ ਦੀਆਂ ਮੋਹਰੀ ਕੰਪਨੀਆਂ ਵਰਧਮਾਨ ਗਰੁੱਪ, ਸਵਰਾਜ ਮਾਜ਼ਦਾ ਲਿਮਿਟਡ, ਸੋਨਾਲੀਕਾ ਅਤੇ ਨੈਰੋਲੈਕ ਪੇਂਟ ਨਾਲ ਕ੍ਰਮਵਾਰ ਸਾਂਝ ਬਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਜਾਪਾਨ ਦਾ ਪਹਿਲਾਂ ਹੀ ਮਜ਼ਬੂਤ ਆਧਾਰ ਹੋਣ ਸਦਕਾ ਪੰਜਾਬ 'ਚ ਹੋਰ ਵੱਡੇ ਨਿਵੇਸ਼ ਕੀਤੇ ਜਾ ਸਕਦੇ ਹਨ। ਉਨ੍ਹਾਂ ਸੁਜ਼ੂਕੀ ਨੂੰ ਸੱਦਾ ਦਿੱਤਾ ਕਿ ਉਹ ਮੋਹਾਲੀ ਸਥਿਤ ਐੱਸਟੀਪੀਆਈ ਇੰਕੂਬੇਸ਼ਨ ਸੈਂਟਰ ਦਾ ਦੌਰਾ ਕਰਨ ਅਤੇ ਰਾਜ 'ਚ ਉਦਯੋਗਿਕ ਵਿਕਾਸ ਦੇ ਭਾਈਵਾਲ ਬਣਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਲਾਹਕਾਰ ਨਿਵੇਸ਼ ਪੰਜਾਬ ਮੇਜਰ ਬੀਐੱਸ ਕੋਹਲੀ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿ੍ਰਪਾਲ ਸਿੰਘ ਅਤੇ ਨਿਵੇਸ਼ ਪੰਜਾਬ ਦੇ ਵਧੀਕ ਸੀਈਓ ਅਵਨੀਤ ਕੌਰ ਹਾਜ਼ਰ ਸਨ।

Posted By: Seema Anand