ਚੰਡੀਗੜ੍ਹ : ਪਿਛਲੇ ਮਹੀਨੇ ਹੀ ਨਜ਼ਰ ਨਾ ਹੋਣ ਦੇ ਬਾਵਜੂਦ ਪੰਜਾਬੀ ਗ਼ਜ਼ਲ ਦੇ ਖੇਤਰ 'ਚ ਸ਼ਲਾਘਾਯੋਗ ਕਾਰਜ ਕਰਨ ਵਾਲੇ ਡਾ. ਐੱਸ ਤਰਸੇਮ ਦਾ ਦੇਹਾਂਤ ਹੋ ਗਿਆ ਸੀ ਤੇ ਹੁਣ ਇਕ ਹੋਰ ਨਜ਼ਰ ਵਿਹੂਣੇ ਪਰ ਪੰਜਾਬੀ ਸਾਹਿਤ 'ਚ ਰੁਚੀ ਰੱਖਣ ਵਾਲਿਆਂ ਦਾ ਰਾਹ ਰੁਸ਼ਨਾਉਂਦੇ ਰਹੇ ਪ੍ਰੋ. ਕਿਰਪਾਲ ਸਿੰਘ ਕਸੇਲ ਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪੰਜਾਬੀ ਸਾਹਿਤ ਦੇ ਮਿਲਟਨ ਵਜੋਂ ਜਾਣੇ ਜਾਂਦੇ 91 ਸਾਲਾ ਪ੍ਰੋ. ਕਸੇਲ ਦਾ ਦੇਹਾਂਤ ਐਤਵਾਰ ਦੇਰ ਰਾਤ ਉਨ੍ਹਾਂ ਦੇ ਪਟਿਆਲਾ ਸਥਿਤ ਘਰ 'ਚ ਹੀ ਹੋਇਆ।

ਪ੍ਰੋ. ਕਸੇਲ ਦੀ ਲਿਖੀ ਕਿਤਾਬ 'ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ' ਪੰਜਾਬੀ ਸਾਹਿਤ 'ਚ ਸ਼ਾਹਕਾਰ ਰਚਨਾ ਹੋਣ ਦਾ ਦਰਜਾ ਰੱਖਦੀ ਹੈ। ਕਾਲਜ 'ਚ ਪੜ੍ਹਾਉਣ ਦੌਰਾਨ ਹੀ ਉਨ੍ਹਾਂ ਦੀ ਨਜ਼ਰ ਹਮੇਸ਼ਾ ਲਈ ਚਲੀ ਗਈ ਸੀ, ਫਿਰ ਵੀ ਉਨ੍ਹਾਂ ਪੰਜਾਬੀ ਮਾਂ-ਬੋਲੀ ਪ੍ਰਤੀ ਆਪਣਾ ਫ਼ਰਜ਼ ਨਿਭਾਇਆ। ਉਨ੍ਹਾਂ ਜਿੱਥੇ ਪ੍ਰੋ. ਪੂਰਨ ਸਿੰਘ ਦੀ ਜੀਵਨੀ 'ਰਾਜਹੰਸ' ਲਿਖੀ ਉੱਥੇ ਹੀ ਉੁਨ੍ਹਾਂ ਦੀ ਅੰਗਰੇਜ਼ੀ ਦੀ ਕਵਿਤਾ ਦਾ ਪੰਜਾਬੀ ਅਨੁਵਾਦ ਵੀ ਕੀਤਾ। ਇਨਕਲਾਬੀ ਪਿਛੋਕੜ ਵਾਲੇ ਪ੍ਰੋ. ਕਸੇਲ ਨੇ ਗ਼ਦਰੀ ਬਾਬਿਆਂ ਦੀ ਜੀਵਨੀ ਵੀ ਲਿਖੀ ਤੇ 'ਗ਼ਦਰ ਲਹਿਰ ਦੀ ਵਾਰਤਕ' ਦੀ ਸੰਪਾਦਨਾ ਵੀ ਕੀਤੀ। ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ 'ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ' , 'ਆਧੁਨਿਕ ਗਦਕਾਰ' ਤੇ 'ਸਾਹਿਤ ਦੇ ਰੂਪ' ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਲਈ ਵਡਮੁੱਲੇ ਗਿਆਨ ਦਾ ਸੋਮਾ ਹਨ। ਪੰਜਾਬੀ ਸਾਹਿਤ ਦੇ ਇਤਿਹਾਸ 'ਚ ਉਹ ਪਹਿਲੇ ਅਜਿਹੇ ਲੇਖਕ ਹਨ ਜਿਨ੍ਹਾਂ ਪੰਜਾਬੀ ਸਾਹਿਤ ਨੂੰ ਵਿਗਿਆਨਕ ਤੇ ਅਕਾਦਮਿਕ ਪੱਖੋਂ ਅੱਗੇ ਲਿਆਂਦਾ। ਉਮਰਦਰਾਜ ਹੋਣ ਦੇ ਬਾਵਜੂਦ ਉਨ੍ਹਾਂ ਸਾਹਿਤ ਦੇ ਖੇਤਰ 'ਚ ਨਿੱਠ ਕੇ ਕਾਰਜ ਕੀਤਾ।

ਪੰਜਾਬੀ ਸਾਹਿਤ ਦਾ ਇਤਿਹਾਸ ਤੇ ਅਨੁਵਾਦ ਕਾਰਜ ਕਰਨ ਦੇ ਨਾਲ ਹੀ ਉਨ੍ਹਾਂ ਅਨੁਵਾਦ ਤੇ ਕਵਿਤਾ ਦੇ ਖੇਤਰ 'ਚ ਵੀ ਕੰਮ ਕੀਤਾ। 'ਵਾਰਡ ਨੰਬਰ 10' ਤੇ 'ਪੁਸ਼ਪ ਬਾਣ' ਉਨ੍ਹਾਂ ਦੇ ਪ੍ਰਮੁਖ ਨਾਵਲ ਹਨ। 2015 'ਚ ਉਨ੍ਹਾਂ ਨੂੰ ਪੰਜਾਬੀ ਸਾਹਿਤ 'ਚ ਪਾਏ ਵਡਮੁੱਲੇ ਯੋਗਦਾਨ ਲਈ ਪੰਜਾਬ ਸਾਹਿਤ ਰਤਨ ਪੁਰਸਕਾਰ ਤੇ 2017 'ਚ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੱਲੋਂ ਪੰਜਾਬ ਗੌਰਵ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਆਪਣੇ ਨਾਂ ਪਿੱਛੇ ਆਪਣੇ ਪਿੰਡ ਕਸੇਲ ਦਾ ਨਾਂ ਲਾ ਕੇ ਉਨ੍ਹਾਂ ਤਰਨਤਾਰਨ ਜ਼ਿਲ੍ਹੇ 'ਚ ਪੈਂਦੇ ਪਿੰਡ ਕਸੇਲ ਦਾ ਨਾਂ ਦੇਸ਼ ਭਰ 'ਚ ਮਸ਼ਹੂਰ ਕਰ ਦਿੱਤਾ। ਉਨ੍ਹਾਂ ਲੰਮਾ ਸਮਾਂ ਮਹਿੰਦਰਾ ਕਾਲਜ ਪਟਿਆਲਾ 'ਚ ਅਧਿਆਪਨ ਕਾਰਜ ਕੀਤਾ। ਉਹ ਲੰਮਾ ਸਮਾਂ ਭੈਣੀ ਸਾਹਿਬ ਦਰਬਾਰ ਨਾਲ ਜੁੜੇ ਰਹੇ।

ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਡਾ. ਲਾਭ ਸਿੰਘ ਖੀਵਾ ਸਮੇਤ ਪੰਜਾਬ ਭਰ ਦੇ ਸਾਹਿਤਕਾਰਾਂ ਨੇ ਪ੍ਰੋ. ਕਸੇਲ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Posted By: Seema Anand