07ਸੀਐਚਡੀ927ਪੀ

ਲਾਲੜੂ ਨੇੜੇ ਨਦੀ 'ਚੋਂ ਮਿੱਟੀ ਦੀ ਟਰਾਲੀ ਭਰਦੀ ਹੋਈ ਜੇਸੀਬੀ।

ਸੁਰਜੀਤ ਸਿੰਘ ਕੋਹਾੜ, ਲਾਲੜੂ

ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ 'ਚ ਕਰਫਿਊ ਲੱਗਾ ਹੋਇਆ ਹੈ ਅਤੇ ਪੁਲਿਸ ਸਮੇਤ ਹੋਰ ਵਿਭਾਗ ਲੋਕਾਂ ਦੀ ਸੁਰੱਖਿਆ 'ਚ ਲੱਗੇ ਹੋਏ ਹਨ, ਦੂਜੇ ਪਾਸੇ ਮੌਕੇ ਦਾ ਲਾਭ ਉਠਾਉਂਦਿਆਂ ਕਥਿਤ ਤੌਰ 'ਤੇ ਮਾਈਨਿੰਗ ਮਾਫੀਆ ਲਾਲੜੂ ਪਿੰਡ ਦੇ ਨੇੜੇ ਲੱਗਦੀ ਨਦੀ ਦੀ ਜ਼ਮੀਨ 'ਚੋ ਬੇਖੌਫ ਮਾਈਨਿੰਗ ਕਰ ਰਿਹਾ ਹੈ ਤੇ ਦਰਜਨਾਂ ਮਿੱਟੀ ਦੀਆਂ ਟਰਾਲੀਆਂ ਦਿਨ-ਦਿਹਾੜੇ ਸੜਕਾਂ 'ਤੇ ਦੌੜ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਗਰਾ ਦੇ ਕਿਸਾਨ ਨੇ ਦੱਸਿਆ ਕਿ ਉਕਤ ਨਦੀ ਕਿਨਾਰੇ ਜਿਥੇ ਦਿਨ-ਦਿਹਾੜੇ ਮਾਈਨਿੰਗ ਕੀਤੀ ਜਾ ਰਹੀ ਹੈ, ਇਥੇ ਉਸ ਦੀ ਜ਼ਮੀਨ ਲੱਗਦੀ ਹੈ, ਜਿਥੇ ਪਿਛਲੇ ਕਈ ਦਿਨਾਂ ਤੋਂ ਮਾਈਨਿੰਗ ਮਾਫੀਆ ਵੱਲੋਂ ਕਥਿਤ ਤੌਰ 'ਤੇ ਜੇਸੀਬੀ ਮਸ਼ੀਨ ਰਾਹੀਂ ਦਰਜਨਾਂ ਮਿੱਟੀ ਦੀਆਂ ਟਰਾਲੀਆਂ ਚੁੱਕੀਆਂ ਜਾ ਚੁੱਕੀਆਂ ਹਨ। ਜੋ ਪਿੰਡ ਮਗਰਾ, ਬਸੀ ਤੇ ਜਲਾਲਪੁਰ ਹੋ ਕੇ ਪਿੰਡ ਮਨੋਲੀ ਸੂਰਤ ਤੋਂ ਪਹਿਲੇ ਇਕ ਭੱਠੇ 'ਤੇ ਸੁੱਟੀਆਂ ਜਾ ਰਹੀਆਂ ਹਨ। ਕਿਸਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਮਾਫੀਆ ਸਬੰਧੀ ਐੱਸਡੀਐੱਮ ਡੇਰਾਬੱਸੀ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ।

ਇਸ ਸਬੰਧੀ ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਨੇ ਕਿਹਾ ਕਿ ਕਰਫਿਊ ਦੌਰਾਨ ਮਾਈਨਿੰਗ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਜ਼ਿਲ੍ਹਾ ਮਾਈਨਿੰਗ ਵਿਭਾਗ ਦੇ ਅਧਿਕਾਰੀ ਗੁਰਪ੍ਰਰੀਤਪਾਲ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਡਿਊਟੀ ਹੋਰ ਜ਼ਿਲਿ੍ਹਆਂ 'ਚ ਲੱਗੀ ਹੋਣ ਕਰਕੇ ਉਹ ਉੱਥੇ ਹੀ ਰੁੱਝੇ ਹੋਏ ਹਨ, ਪਰ ਉਹ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨਗੇ। ਦੂਜੇ ਪਾਸੇ ਲਾਲੜੂ ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਕਿਹਾ ਕਿ ਮਾਮਲੇ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ 'ਤੇ ਭੇਜ ਦਿੱਤੀ ਗਈ ਸੀ ਅਤੇ ਮਾਮਲੇ ਜਾਂਚ ਜਾਰੀ ਹੈ।