ਪੰਜਾਬੀ ਜਾਗਰਣ ਬਿਊਰੋ, ਚੰਡੀਗਡ਼੍ਹ : ਕਿਸਾਨ ਜਥੇਬੰਦੀਆਂ ਨੇ ਬਿਜਲੀ ਸੋਧ ਬਿੱਲ 2022 (Electricity Amendment Bill 2022) ਦੇ ਖ਼ਿਲਾਫ਼ ਸੂਬੇ ’ਚ ਰੇਲਾਂ ਰੋਕਣ ਅਤੇ ਨਿੱਜੀ ਬੱਸ ਚਾਲਕਾਂ ਨੇ ਲੰਬਿਤ ਮੰਗਾਂ ਦੀ ਪੂਰਤੀ ਲਈ ਬੱਸਾਂ ਦੇ ਚੱਕੇ ਜਾਮ ਕਰਨਗੇ। ਮੰਗਲਵਾਰ ਨੂੰ ਸੂਬੇ ਵਿਚ ਬੱਸਾਂ ਅਤੇ ਰੇਲਾਂ ਰੋਕੇ ਜਾਣ ਕਾਰਨ ਲੋਕਾਂ ਨੂੰ ਆਉਣ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਬਿਜਲੀ ਸੋਧ ਬਿੱਲ 2022 ਨੂੰ ਸੰਸਦ ’ਚ ਪੇਸ਼ ਕਰਨ ਖ਼ਿਲਾਫ਼ ਸੋਮਵਾਰ ਨੂੰ 15 ਜ਼ਿਲ੍ਹਿਆਂ ਵਿਚ 97 ਥਾਵਾਂ ’ਤੇ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਗਏ ਤੇ ਮੰਗਲਵਾਰ ਨੂੰ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2022 ਸੰਸਦ ਵਿਚ ਪੇਸ਼ ਕਰਨਾ ਕਿਸਾਨ ਜਥੇਬੰਦੀਆਂ ਨਾਲ 9 ਦਸੰਬਰ 2021 ਨੂੰ ਕੀਤੇ ਲਿਖਤੀ ਸਮਝੌਤੇ ਤੋਂ ਸਾਫ਼ ਮੁੱਕਰਨਾ ਹੈ। ਕਿਸਾਨ ਆਗੂਆਂ ਨੇ ਬਿਜਲੀ ਸੋਧ ਬਿੱਲ 2022 ਤੁਰੰਤ ਰੱਦ ਕਰਨ, ਸੂਬਿਆਂ ਦੇ ਅਧਿਕਾਰਾਂ ਦਾ ਕੇਂਦਰੀਕਰਨ ਕਰਨ ਦੀ ਨੀਤੀ ਰੱਦ ਕਰਨ ਦੀ ਮੰਗ ਕੀਤੀ।

ਰੋਡਵੇਜ਼ ਤੇ ਪੀਆਰਟੀਸੀ ਮੁਲਾਜ਼ਮ ਨਹੀਂ ਕਰਨਗੇ ਚੱਕਾ ਜਾਮ

ਉਧਰ ਪੰਜਾਬ ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਯੂਨੀਅਨ ਨੇ ਲੰਬਿਤ ਮੰਗਾਂ ਦੀ ਪੂਰਤੀ ਲਈ ਬੱਸਾਂ ਦਾ ਚੱਕਾ ਜਾਮ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਹੈ ਕਿਉਂਕਿ ਸਰਕਾਰ ਨੇ ਮੰਗਲਵਾਰ ਨੂੰ 11 ਵਜੇ ਸਕੱਤਰ ਟਰਾਂਸਪੋਰਟ ਨਾਲ ਮੀਟਿੰਗ ਕਰਵਾਉਣ ਦਾ ਸਮਾਂ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਬੱਸ ਚਾਲਕਾਂ ਨੇ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਗਲਵਾਰ ਨੂੰ ਮੀਟਿੰਗ ਦੌਰਾਨ ਸਰਕਾਰ ਨੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ 14 ਤੋਂ 16 ਅਗਸਤ ਤਕ ਯੂਨੀਅਨ ਤਿੱਖਾ ਸੰਘਰਸ਼ ਆਰੰਭ ਕਰੇਗੀ।

Posted By: Seema Anand