ਚੰਡੀਗੜ੍ਹ - ਜਸਟਿਸ ਜ਼ੋਰਾ ਸਿੰਘ ਅੱਜ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੋਏ। ਆਮ ਆਦਮੀ ਪਾਰਟੀ ਵੱਲੋਂ ਰੱਖੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਅਮਨ ਅਰੋੜਾ ਵੀ ਮੌਜੂਦ ਸਨ। ਬੇਅਦਬੀ ਮਾਮਲੇ 'ਚ ਜਸਟਿਸ ਜ਼ੋਰਾ ਸਿੰਘ ਨੇ ਕਿਹਾ, 'ਮਾਮਲੇ 'ਚ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਜੇ ਜਾਂਚ ਸਹੀ ਨਾਲ ਹੁੰਦੀ ਤਾਂ ਦੋਸ਼ੀ ਫੜੇ ਜਾਂਦੇ। ਉਨ੍ਹਾਂ ਨੇ ਕਿਹਾ ਕਿ ਰਾਜਵਿੰਦਰ ਸਿੰਘ, ਗੁਰਜੰਟ ਸਿੰਘ , ਹਰਦੇਵ ਸਿੰਘ , ਟੇਲਰ ਮਾਸਟਰ, ਰੰਜੀਤ ਸਿੰਘ ਤੇ ਗੋਰਾ ਸਿੰਘ ਆਦਿ ਦੋਸ਼ੀ ਸਨ।

ਇਹ ਨਾਮ ਸਿੱਖ ਜਥੇਬੰਦੀਆਂ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੂੰ ਦਿੱਤੇ ਸਨ। ' ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਜੇਕਰ ਸਹੀ ਪੁੱਛਗਿੱਛ ਕੀਤੀ ਜਾਂਦੀ ਤਾਂ ਬੇਅਦਬੀ ਮਾਮਲੇ ਦੇ ਮੁਲਜ਼ਮ ਪਹਿਲਾਂ ਹੀ ਸਾਹਮਣੇ ਆ ਜਾਣੇ ਸਨ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ ਦੀ ਸਹੀ ਜਾਂਚ ਜਾਣ ਬੁੱਝ ਕੇ ਅਕਾਲੀ- ਭਾਜਪਾ ਦੀ ਸਰਕਾਰ ਨੇ ਨਹੀਂ ਕੀਤੀ ਸੀ । ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, 'ਵਿਸ਼ੇਸ਼ ਜਾਂਚ ਟੀਮ ਨੇ ਵੀ ਇਸ ਪਾਸੇ ਗੰਭੀਰਤਾ ਨਹੀਂ ਦਿਖਾਈ। ਕੈਪਟਨ ਸਰਕਾਰ ਨੇ ਵੀ ਮਾਮਲੇ ਨੂੰ ਜਾਣ ਬੁੱਝ ਕੇ ਅਣਦੇਖਿਆ ਕੀਤਾ।' ਇਸ ਤੋਂ ਇਲਾਵਾ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੀ ਮੰਗ 'ਤੇ ਕੈਪਟਨ ਕੋਲੋਂ ਅਸਤੀਫਾ ਮੰਗਿਆ ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿੱਖ ਸੰਗਤ ਤੋਂ ਮਾਫੀ ਮੰਗੇ।