-ਆਜ਼ਾਦੀ ਦਿਵਸ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਹੋਈ

-15 ਅਗਸਤ ਨੂੰ ਕੈਬਨਿਟ ਮੰਤਰੀ ਬ੍ਹਮ ਸ਼ੰਕਰ ਲਹਿਰਾਉਣਗੇ ਕੌਮੀ ਝੰਡਾ

ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : 15 ਅਗਸਤ ਨੂੰ ਕੀਤੇ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਮੁਹਾਲੀ ਵਿਖੇ ਫੁੱਲ ਡਰੈਸ ਰਿਹਰਸਲ ਹੋਈ। ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਇਸ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਵੀ ਮੌਜ਼ੂਦ ਸਨ। ਫੁਲ ਡਰੈੱਸ ਰਿਹਰਸਲ ਦੌਰਾਨ ਸਟੇਜ 'ਤੇ ਪੰਜਾਬ ਪੁਲਿਸ ਦੇ ਏਡੀਜੀਪੀ, ਐੱਸਐੱਸ ਸ੍ਰੀਵਾਸਤਵਾ ਵੀ ਮੌਜੂਦ ਸਨ। ਇਸ ਫੁੱਲ ਡਰੈਸ ਰਿਹਰਸਲ 'ਚ ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਸਾਬਕਾ ਸੈਨਿਕ ਅਤੇ ਐੱਨਸੀਸੀ ਦੇ ਕੈਡਿਟਾਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪੋ੍ਗਰਾਮ ਪੇਸ਼ ਕੀਤਾ ਗਿਆ। 15 ਅਗਸਤ ਨੂੰ ਮਾਲ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਬ੍ਹਮ ਸ਼ੰਕਰ ਜ਼ਿਲ੍ਹਾ ਐੱਸਏਐੱਸ ਨਗਰ 'ਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣਗੇ।

ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਤੋਂ 75 ਸਾਲ ਪਹਿਲਾਂ ਸਾਡਾ ਦੇਸ਼ ਮਹਾਨ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਸਦਕਾ ਲੰਮੀ ਗੁਲਾਮੀ ਮਗਰੋਂ ਆਜ਼ਾਦ ਹੋਇਆ ਸੀ। ਇਸ ਲਈ 75ਵੇਂ ਆਜ਼ਾਦੀ ਦਿਵਸ ਮੌਕੇ ਹਰੇਕ ਨਾਗਰਿਕ ਨੂੰ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਿਰੰਗਾ ਸਮੂਹ ਭਾਰਤੀਆਂ ਦੇ ਮਾਣ ਦਾ ਪ੍ਰਤੀਕ ਹੈ ਇਸ ਲਈ ਸਾਨੂੰ ਇਸ ਮਹਾਨ ਆਜ਼ਾਦੀ ਨੂੰ ਸੰਭਾਲਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਆਜ਼ਾਦੀ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਆਜ਼ਾਦੀ ਦਿਵਸ ਹਰੇਕ ਦੇਸ਼ ਵਾਸੀ ਲਈ ਇੱਕ ਮੁਕੱਦਸ ਦਿਨ ਹੈ। ਕਿਉਂਕਿ ਇਹ ਦਿਨ ਸਾਨੂੰ ਆਪਣੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਉਪਰੰਤ ਨਸੀਬ ਹੋਇਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇਸ ਪਵਿੱਤਰ ਦਿਨ 'ਤੇ ਲਗਾਈਆਂ ਡਿਊਟੀਆਂ ਨੂੰ ਸਮੂਹ ਅਧਿਕਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਯੂਡੀ) ਪੂਜਾ ਐੱਸ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਡੀ) ਅਮਰਦੀਪ ਸਿੰਘ ਗੁਜਰਾਲ ਐੱਸਡੀਐੱਮ ਮੁਹਾਲੀ ਸਰਬਜੀਤ ਕੌਰ, ਪੁਲਿਸ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਅਤੇ ਸਕੂਲੀ ਬੱਚੇ ਹਾਜ਼ਰ ਸਨ।