ਜੈ ਸਿੰਘ ਛਿੱਬਰ, ਚੰਡੀਗੜ੍ਹ : ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਈਡੀ ਦੀ ਛਾਪੇਮਾਰੀ ਨਾਲ ਸੂਬੇ ਦੀ ਸਿਆਸਤ ਭਖ ਚੁੱਕੀ ਹੈ। ਮੁੱਖ ਮੰਤਰੀ ਦੇ ਰਿਸ਼ਤੇਦਾਰ ਕੋਲੋ ਕਰੋੜਾਂ ਰੁਪਏ ਦੀ ਰਾਸ਼ੀ ਬਰਾਮਦ ਹੋਣ ’ਤੇ ਸਿਆਸੀ ਸ਼ਰੀਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ ’ਤੇ ਲਿਆ ਹੈ। ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹੋਰ ਕਾਂਗਰਸੀ ਆਗੂਆਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ ਨੂੰ ਭਾਰਤੀ ਜਨਤਾ ਪਾਰਟੀ ਦੀ ਸਾਜ਼ਿਸ਼ ਅਤੇ ਕਾਂਗਰਸ ਨੂੰ ਬਦਨਾਮ ਕਰਨ ਲਈ ਰਚਿਆ ਡਰਾਮਾ ਦੱਸ ਰਹੇ ਹਨ, ਉਥੇ ਵਿਰੋਧੀ ਧਿਰਾਂ ਨੇ ਦਸ ਕਰੋੜ ਰੁਪਏ ਬਰਾਮਦ ਹੋਣ ’ਤੇ ਚੰਨੀ ਨੂੰ ਨਿਸ਼ਾਨੇ ’ਤੇ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਈਡੀ ਦੀ ਛਾਪੇਮਾਰੀ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਝੁਕਣ ਵਾਲਾ ਨਹੀਂ ਹੈ। ਦਿਲਚਸਪ ਗੱਲ ਹੈ ਕਿ ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲਾ, ਸੁਨੀਲ ਜਾਖੜ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤਾ ਰਾਜਿੰਦਰ ਸਿੰਘ ਬਾਜਵਾ ਤੇ ਹੋਰ ਚੰਨੀ ਦੀ ਪਿੱਠ ’ਤੇ ਆ ਗਏ ਹਨ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇਸ ਮੁੱਦੇ ’ਤੇ ਚੁੱਪ ਧਾਰੀ ਹੋਈ ਹੈ। ਵੱਖ-ਵੱਖ ਸਿਆਸੀ ਨੇਤਾਵਾਂ ਨੇ ਇਸ ਮੁੱਦੇ ’ਤੇ ਮੁੱਖ ਮੰਤਰੀ ਨੂੰ ਘੇਰਦੇ ਹੋਏ ਟਿੱਪਣੀਆਂ ਕੀਤੀਆਂ ਹਨ।

ਆਪਣੇ ਗੁਨਾਹਾਂ ਦੇ ਦੋਸ਼ ਚੰਨੀ ਮੇਰੇ ’ਤੇ ਨਾ ਲਾਉਣ : ਕੈਪਟਨ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਸਿੰਘ ਚੰਨੀ ’ਤੇ ਹਮਲਾ ਕਰਦਿਆਂ ਕਿਹਾ ਕਿ ਆਪਣੇ ਗੁਨਾਹਾਂ ਦੇ ਦੋਸ਼ ਉਨ੍ਹਾਂ ’ਤੇ ਨਾ ਲਾਓ। ਉਨ੍ਹਾਂ ਚੰਨੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ਪੈਸੇ ਕੀ ਉਨ੍ਹਾਂ (ਕੈਪਟਨ) ਨੇ ਰਖਵਾਏ ਹਨ? ਕੈਪਟਨ ਨੇ ਕਿਹਾ ਕਿ ਈਡੀ ਉਨ੍ਹਾਂ ਨੂੰ ਰਿਪੋਰਟ ਨਹੀਂ ਕਰਦੀ।

ਚੁੱਘ ਨੇ ਚੰਨੀ ਨੂੰ ਮਾਫੀਆ ਦਾ ਸਰਗਨਾ ਦੱਸਿਆ

ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਪੈਸੇ ਕਿਸ ਦਾ ਹੈ। ਉਨ੍ਹਾਂ ਚੰਨੀ ਨੂੰ ਮਾਫ਼ੀਆ ਦਾ ਸਰਗਨਾ ਦੱਸਿਆ। ਚੁੱਘ ਨੇ ਕਿਹਾ ਕਿ 2018 ਵਿਚ ਕਾਂਗਰਸ ਸਰਕਾਰ ਦੌਰਾਨ ਹੀ ਕੇਸ ਦਰਜ ਹੋਇਆ ਸੀ, ਈਡੀ ਨੇ ਇਸ ਪੁਰਾਣੇ ਮਾਮਲੇ ਵਿਚ ਸਿਰਫ਼ ਜਾਂਚ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਦੀ ਵਸੂਲੀ ਸਾਬਤ ਕਰਦੀ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰ ਰਿਹਾ ਸੀ।

ਚੰਨੀ ਆਮ ਆਦਮੀ ਨਹੀਂ ਰਿਹਾ : ਕੇਜਰੀਵਾਲ

‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਿੱਪਣੀ ਕਰਦਿਆਂ ਕਿਹਾ ਕਿ ਚੰਨੀ ਆਮ ਆਦਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਆਮ ਆਦਮੀ ਪਾਰਟੀ ਕੋਲ ਐਨੇ ਪੈਸੇ ਨਹੀਂ ਹੋ ਸਕਦੇ।

111 ਦਿਨਾਂ ’ਚ ਹੀ ਏਨੀ ਸੰਪਤੀ ਬਣਾ ਲਈ : ਚੱਢਾ

‘ਆਪ’ ਦੇ ਪੰਜਾਬ ਮਾਮਲਿਆਂ ਦੇ ਉਪ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ 111 ਦਿਨਾਂ ਵਿਚ ਐਨੀ ਸੰਪਤੀ ਬਣਾਈ, ਜੇਕਰ ਪੰਜ ਸਾਲ ਹੁੰਦੇ ਤਾਂ ਕਿੰਨੇ ਬਣਾਉਂਦੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਘਰ ਛਾਪੇ ਦੌਰਾਨ ਈਡੀ ਨੂੰ ਦਸ ਮਫ਼ਲਰ ਮਿਲੇ ਸਨ ਜਦਕਿ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ 10 ਕਰੋੜ ਰੁਪਏ ਮਿਲੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਨੀ ਤੋ ਅਸਤੀਫ਼ਾ ਮੰਗਿਆ ਹੈ।

Posted By: Sunil Thapa