ਚੰਡੀਗੜ੍ਹ : ਪੰਜਾਬ ਵਿਚ ਲੋਕ ਸਭਾ ਚੋਣਾਂ ਦੀ ਟਿਕਟ ਹਾਸਲ ਕਰਨ ਲਈ ਵਿਧਾਇਕਾਂ ਦੀ ਲਾਈਨ ਲੱਗੀ ਹੋਈ ਹੈ। ਉਥੇ ਹੀ ਕਾਂਗਰਸ ਪਾਰਟੀ ਵਿਧਾਇਕਾਂ ਨੂੰ ਟਿਕਟ ਦੇਣ ਦੇ ਹੱਕ ਵਿਚ ਨਹੀਂ ਹੈ। ਪਾਰਟੀ ਨਹੀਂ ਚਾਹੁੰਦੀ ਕਿ ਬਿਨਾਂ ਲੋੜ ਦੇ ਵਿਧਾਇਕਾਂ ਨੂੰ ਲੋਕ ਸਭਾ ਚੋਣ ਵਿਚ ਉਤਾਰਿਆ ਜਾਵੇ ਕਿਉਂਕਿ ਕਾਂਗਰਸ ਨੂੰ ਉਪ-ਚੋਣ ਦੀ ਵੀ ਚਿੰਤਾ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਲੋਕ ਸਭਾ ਸੀਟ ਹਾਸਲ ਕਰਨ ਦੀ ਦੌੜ ਵਿਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸਮੇਤ 7 ਵਿਧਾਇਕ ਸ਼ਾਮਲ ਹਨ। ਮਹੱਤਵਪੂਰਨ ਇਹ ਹੈ ਕਿ ਚਾਰ ਤਾਂ ਅਜਿਹੇ ਵਿਧਾਇਕ ਹਨ, ਜੋ ਪਹਿਲੀ ਵਾਰ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ।

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਫਿਰੋਜ਼ਪੁਰ ਤੋਂ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਸੀਟ 'ਤੇ ਕਾਂਗਰਸ ਕੋਲ ਕੋਈ ਵੱਡਾ ਨਾਂ ਨਹੀਂ ਹੈ ਕਿਉਂਕਿ 2014 ਦੀ ਲੋਕ ਸਭਾ ਚੋਣ ਵਿਚ ਇਥੋਂ ਸੁਨੀਲ ਜਾਖੜ ਚੋਣ ਲੜੇ ਸਨ, ਜੋ ਕਿ ਹੁਣ ਗੁਰਦਾਸਪੁਰ ਤੋਂ ਸੰਸਦ ਮੈਂਬਰ ਹਨ। ਸੀਟ ਖਾਲੀ ਦੇਖ ਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣਾ ਦਾਅਵਾ ਠੋਕਿਆ ਹੈ। ਉਥੇ ਹੀ ਡਰੱਗਜ਼ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਘੇਰਨ ਕੇ ਮੁਅੱਤਲੀ ਝੱਲ ਚੁੱਕੇ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸ੍ਰੀ ਖਡੂਰ ਸਾਹਿਬ ਤੋਂ ਟਿਕਟ ਮੰਗੀ ਹੈ। ਜਲੰਧਰ ਵੈਸਟ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਜਲੰਧਰ ਤੇ ਅਮਲੋਹ ਦੇ ਵਿਧਾਇਕ ਰਮਦੀਪ ਨਾਭਾ ਨੇ ਪਟਿਆਲਾ ਸੀਟ ਲਈ ਟਿਕਟ ਮੰਗੀ ਹੈ।

ਡਾ. ਰਾਜਕੁਮਾਰ ਚੱਬੇਵਾਲ ਤੇ ਪਵਨ ਆਦੀਆ ਨੇ ਹੁਸ਼ਿਆਰਪੁਰ ਸੀਟ 'ਤੇ ਦਾਅਵੇਦਾਰੀ ਪੇਸ਼ ਕੀਤੀ ਹੈ। ਛੇ ਵਾਰ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਲੁਧਿਆਣਾ ਸੀਟ 'ਤੇ ਦਾਅਵੇਦਾਰੀ ਠੋਕੀ ਹੈ, ਜਦਕਿ ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਸਤਕਾਰ ਕੌਰ ਨੇ ਫਰੀਦਕੋਟ ਤੋਂ ਟਿਕਟ ਦੀ ਮੰਗ ਕੀਤੀ ਹੈ। ਕੁਲਬੀਰ ਜ਼ੀਰਾ, ਪਵਨ ਆਦੀਆ, ਡਾ. ਰਾਜ ਕੁਮਾਰ ਚੱਬੇਵਾਲ ਤੇ ਸੁਸ਼ੀਲ ਰਿੰਕੂ ਪਹਿਲੀ ਵਾਰ ਵਿਧਾਇਕ ਬਣੇ ਹਨ।

ਜਾਣਕਾਰੀ ਅਨੁਸਾਰ ਆਲ ਇੰਡੀਆ ਕਾਂਗਰਸ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਬਿਨਾਂ ਲੋੜ ਤੋਂ ਕਿਸੇ ਵੀ ਸੀਟ 'ਤੇ ਵਿਧਾਇਕ ਨਾ ਖੜ੍ਹਾ ਕੀਤਾ ਜਾਵੇ। ਕਾਂਗਰਸ ਇਹ ਫਾਰਮੂਲਾ ਉਨ੍ਹਾਂ ਸੂਬਿਆਂ 'ਤੇ ਲਾਗੂ ਕਰੇਗੀ, ਜਿਥੇ ਕਾਂਗਰਸ ਦੀ ਸਰਕਾਰ ਹੋਵੇ। ਪਾਰਟੀ ਦਾ ਮੰਨਣਾ ਹੈ ਕਿ ਵਿਧਾਇਕ ਵੱਲੋਂ ਚੋਣ ਲੜਨ ਤੇ ਜਿੱਤਣ ਨਾਲ ਸੂਬੇ ਵਿਚ ਉਪ ਚੋਣ ਹੁੰਦੀ ਹੈ। ਉਪ ਚੋਣ ਕਾਰਨ ਜਿਥੇ ਸਰਕਾਰੀ ਕੰਮਕਾਜ ਪ੍ਭਾਵਿਤ ਹੁੰਦਾ ਹੈ, ਉਥੇ ਹੀ ਸਰਕਾਰੀ ਤੰਤਰ ਉਪ ਚੋਣ ਵਿਚ ਉਲਝ ਜਾਂਦਾ ਹੈ। ਇਹੀ ਕਾਰਨ ਹੈ ਕਿ ਕਾਂਗਰਸ ਕਿਸੇ ਵੀ ਵਿਧਾਇਕ ਨੂੰ ਲੋਕ ਸਭਾ ਚੋਣ ਵਿਚ ਟਿਕਟ ਦੇਣ ਦੇ ਹੱਕ ਵਿਚ ਨਹੀਂ ਹੈ।