ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਪਿਛਲੀ ਵਾਰ ਵਾਂਗ ਇਸ ਵਾਰ ਵੀ ਲੋਕਾਂ ਦੇ ਭੱਖਦੇ ਮੁੱਦੇ ਗਾਇਬ ਰਹਿਣ ਤੇ ਧਾਰਮਿਕ ਮੁੱਦਿਆਂ 'ਤੇ ਸਿਆਸਤ ਭਾਰੂ ਰਹਿਣ ਦੀ ਉਮੀਦ ਹੈ। ਘਰ-ਘਰ ਨੌਕਰੀ, ਬੇਰੁਜ਼ਗਾਰੀ ਭੱਤਾ, ਕਰਜ਼ਾ-ਕੁਰਕੀ ਖ਼ਤਮ ਕਰਨ, ਸੂਬੇ ਵਿਚ ਮਹਿੰਗੀ ਬਿਜਲੀ, ਮੁਫਤ ਸਮਾਰਟ ਫੋਨ ਸਮੇਤ ਨਸ਼ਿਆਂ ਦੇ ਭੱਖਦੇ ਮੁੱਦਿਆਂ ਨੂੰ ਖੂੰਜੇ ਲਾਉਣ ਲਈ ਸੱਤਾਧਿਰ ਕਾਂਗਰਸ ਨੇ ਬੇਅਦਬੀ ਮਾਮਲਿਆਂ 'ਚ ਸੀਬੀਆਈ ਵੱਲੋਂ ਅਦਾਲਤ 'ਚ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ 'ਤੇ ਸੈਸ਼ਨ 'ਚ ਬਾਦਲਾਂ ਨੂੰ ਸਿਆਸੀ ਰਗੜੇ ਲਾਉਣ ਦੀ ਰਣਨੀਤੀ ਉਲੀਕੀ ਹੈ।

ਜਾਣਕਾਰੀ ਅਨੁਸਾਰ ਕੈਪਟਨ ਸਰਕਾਰ ਵਿਧਾਨ ਸਭਾ 'ਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਰੱਦ ਕਰਨ ਦਾ ਮਤਾ ਪਾਸ ਕਰ ਕੇ ਨਵੇਂ ਸਿਰੇ ਤੋਂ ਜਾਂਚ ਕਰਾਉਣ ਸਬੰਧੀ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ ਸੈਸ਼ਨ 'ਚ ਬੇਅਦਬੀ ਦੇ ਮੁੱਦੇ 'ਤੇ ਕੇਂਦਰੀ ਜਾਂਚ ਏਜੰਸੀ ਸੀਬੀਆਈ ਵੱਲੋਂ ਅਦਾਲਤ 'ਚ ਪੇਸ਼ ਕੀਤੀ ਕਲੋਜ਼ਰ ਰਿਪੋਰਟ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਉਣ ਅਤੇ ਅਕਾਲੀ-ਭਾਜਪਾ ਨੂੰ ਇਸ ਮੁੱਦੇ 'ਤੇ ਘੇਰਨ।

ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐੱਸਆਈਟੀ ਵੱਲੋਂ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤੀ ਗਈ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕੀਤੀ ਜਾਵੇ। ਪਿਛਲੇ ਦਿਨੀਂ ਕਾਂਗਰਸੀ ਵਿਧਾਇਕ ਦਲ ਦੀ ਮੀਟਿੰਗ 'ਚ ਵੀ ਜੇਲ੍ਹ ਮੰਤਰੀ ਰੰਧਾਵਾ, ਪੇਂਡੂ ਵਿਕਾਸ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਅਰੁਣਾ ਚੌਧਰੀ, ਵਿਧਾਇਕ ਫ਼ਤਹਿ ਬਾਜਵਾ, ਕੁਸ਼ਲਦੀਪ ਿਢੱਲੋਂ, ਕੁਲਜੀਤ ਸਿੰਘ ਨਾਗਰਾ, ਕੁਲਬੀਰ ਸਿੰਘ ਜ਼ੀਰਾ ਸਮੇਤ ਕਈ ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਤਰਕ ਰੱਖਿਆ ਸੀ ਕਿ ਬੇਅਦਬੀ ਦਾ ਮੁੱਦਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਣ ਕਰ ਕੇ ਇਸ ਨੂੰ ਸੈਸ਼ਨ ਵਿਚ ਮੁੜ ਚੁੱਕਿਆ ਜਾਣਾ ਚਾਹੀਦਾ ਹੈ।

ਧਰਮ ਦੇ ਨਾਂ 'ਤੇ ਕਾਂਗਰਸ ਸਰਕਾਰ ਕਰ ਰਹੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ : ਢੀਂਡਸਾ

ਉਧਰ ਦੂਜੇ ਪਾਸੇ ਵਿਧਾਨ ਸਭਾ 'ਚ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ 2017 ਦੀਆਂ ਚੋਣਾਂ ਮੌਕੇ ਸੱਤਾ ਹਾਸਲ ਕਰਨ ਲਈ ਕਾਂਗਰਸ ਨੇ ਨੌਜਵਾਨਾਂ, ਕਿਸਾਨਾਂ, ਗਰੀਬਾਂ, ਦਲਿਤਾਂ ਸਮੇਤ ਸਾਰੇ ਵਰਗਾਂ ਨੂੰ ਵੱਡੇ-ਵੱਡੇ ਝੂਠੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਪੂਰੇ ਕਰਨ ਤੋਂ ਕੈਪਟਨ ਸਰਕਾਰ ਭੱਜ ਰਹੀ ਹੈ।

ਢੀਂਡਸਾ ਨੇ ਕਿਹਾ ਕਿ ਲੋਕਾਂ ਦਾ ਧਿਆਨ ਭਟਕਾਉਣ ਲਈ ਪਿਛਲੇ ਪੌਣੇ ਤਿੰਨ ਸਾਲਾਂ ਤੋਂ ਕੈਪਟਨ ਸਰਕਾਰ ਧਰਮ ਦੇ ਨਾਂ 'ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਕੈਪਟਨ ਸਰਕਾਰ ਦੇ ਰਾਜ 'ਚ 800 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ, ਨਸ਼ਿਆਂ ਕਾਰਨ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ ਤੇ ਸੂਬੇ ਵਿਚ ਅਮਨ ਕਾਨੂੰਨ ਦੀ ਖਸਤਾ ਹਾਲਤ ਦੇ ਚੱਲਦਿਆਂ ਜੇਲ੍ਹਾਂ ਵਿਚ ਕਤਲ ਹੋ ਰਹੇ ਹਨ। ਢੀਂਡਸਾ ਨੇ ਕਿਹਾ ਕਿ ਸੱਤਾ ਧਿਰ ਕਾਂਗਰਸ ਅਤੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਰਲ ਕੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੀਆਂ ਹਨ।

ਕੈਪਟਨ ਤੇ ਅਕਾਲੀਆਂ ਵਿਚਾਲੇ ਚੱਲ ਰਿਹੈ ਫਰੈਂਡਲੀ ਮੈਚ : ਚੀਮਾ

ਉਧਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਮਹਿੰਗੀ ਬਿਜਲੀ, ਬੇਰੁਜ਼ਗਾਰੀ, ਜੇਲ੍ਹਾਂ ਵਿਚ ਹੋ ਰਹੇ ਕਤਲ, ਅਮਨ-ਕਾਨੂੰਨ ਦੀ ਮਾੜੀ ਹਾਲਤ, ਕਿਸਾਨ ਖੁਦਕੁਸ਼ੀਆਂ ਅਤੇ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੇ ਮੁੱਦਿਆਂ 'ਤੇ ਕੈਪਟਨ ਸਰਕਾਰ ਨੂੰ ਘੇਰਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਦਾ ਮੁੱਦਾ ਵੀ ਸੈਸ਼ਨ 'ਚ ਚੁੱਕਿਆ ਜਾਵੇਗਾ।ਫਰੈਂਡਲੀ ਮੈਚ ਦੇ ਦੋਸ਼ਾਂ ਸਬੰਧੀ ਚੀਮਾ ਨੇ ਕਿਹਾ ਕਿ ਫਰੈਂਡਲੀ ਮੈਚ ਤਾਂ ਕੈਪਟਨ ਅਤੇ ਬਾਦਲਾਂ ਵਿਚਕਾਰ ਚੱਲ ਰਿਹਾ ਹੈ, ਜਿਸ ਕਾਰਨ ਬਾਦਲਾਂ ਦੀ ਟਰਾਂਸਪੋਰਟ ਅਤੇ ਕੇਬਲ ਮਾਫੀਆ ਖ਼ਿਲਾਫ਼ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ।